ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਗਈ ਇੰਟਰਕਾਲਜ ਚੈਂਪੀਅਨਸ਼ਿਪ ’ਚ ਇਤਿਹਾਸ ਰਚਦਿਆਂ ਲਗਾਤਾਰ ਤੀਜ਼ੀ ਵਾਰ ਜਿੱਤ ਹਾਸਲ ਕਰਕੇ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫ਼ੀ ’ਤੇ ਕਬਜ਼ਾ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਰੀਰਿਕ ਸਿਖਿਆ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ ਨੂੰ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਇੰਟਰ ਕਾਲਜ ਟੂਰਨਾਮੈਂਟਾਂ ’ਚ ਵੱਖ-ਵੱਖ ਖੇਡਾਂ ਦੇ 410 ਖਿਡਾਰੀਆਂ (ਪੁਰਸ਼ ਅਤੇ ਔਰਤਾਂ) ਨੇ ਭਾਗ ਲਿਆ, ਜਿਸ ’ਚ ਉਨ੍ਹਾਂ ਨੇ ਪੁਰਸ਼ ਵਰਗ ’ਚ 18 ਜੇਤੂ, 9 ਉਪ ਜੇਤੂ ਅਤੇ 2 ਦੂਜੇ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਕਿ ਅੰਤਰ ਕਾਲਜ ਟੂਰਨਾਮੈਂਟਾਂ ’ਚ ਮਹਿਲਾ ਵਰਗ ਖਿਡਾਰੀਆਂ ਨੇ 3 ਜੇਤੂ, 3 ਉਪ ਜੇਤੂ ਅਤੇ 2 ਦੂਜੇ ਸਥਾਨ ਪ੍ਰਾਪਤ ਕੀਤੇ ਹਨ।
ਉਨ੍ਹਾਂ ਕਿਹਾ ਕਿ ਕਾਲਜ ਦੇ 180 ਖਿਡਾਰੀਆਂ ਨੇ ਵੱਖ-ਵੱਖ ਰਾਸ਼ਟਰੀ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟਾਂ ’ਚ ਭਾਗ ਲੈਂਦਿਆਂ 80 ਗੋਲਡ, 44 ਚਾਂਦੀ ਅਤੇ 54 ਕਾਂਸੀ ਦੇ ਤਗਮੇ ਜਿੱਤੇ ਹਨ।ਉਨ੍ਹਾਂ ਕਿਹਾ ਕਿ ਇਸ ਸਾਲ ਸਾਡੇ ਕਈ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਮੱਲ੍ਹਾਂ ਮਾਰੀਆਂ ਹਨ ਜਿਨ੍ਹਾਂ ’ਚ ਦਿਵਯਾਂਸ਼ ਸਿੰਘ ਪਨਵਰ ਨੇ ਕਾਇਰੋ ਵਿਖੇ ਹੋਏ ਆਈ.ਐਸ.ਐਸ.ਐਫ਼ ਵਿਸ਼ਵ ਕੱਪ ’ਚ ਸੋਨ ਤਗਮਾ ਜਿੱਤਿਆ ਅਤੇ ਚੀਨ ਵਿਖੇ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਮੌਕੇ ਸਾਂਝੀ ਟੀਮ ’ਚ ਚਾਂਦੀ ਦਾ ਤਮਗਾ, ਵਿਅਕਤੀਗਤ ਚਾਂਦੀ ਦਾ ਤਗਮਾ ਅਤੇ ਟੀਮ ਗੋਲਡ ਵੀ ਹਾਸਲ ਕੀਤਾ।ਚੀਨ ਵਿਖੇ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਚ ਇੱਕ ਗੋਲਡ ਅਤੇ ਦੋ ਚਾਂਦੀ ਦੇ ਤਗਮੇ ਜਿੱਤੇ।
ਇਸੇ ਤਰ੍ਹਾਂ ਸ਼ੂਟਿੰਗ ਦੇ ਵਿਦਿਤ ਜੈਨ ਨੇ ਕਾਇਰੋ ਮਿਸਰ ਵਿਖੇ ਹੋਏ ਆਈ.ਐਸ.ਐਸ.ਐਫ਼ ਵਿਸ਼ਵ ਕੱਪ ’ਚ ਸੋਨ ਤਮਗਾ ਜਿੱਤਿਆ।ਜਦਕਿ ਡੇਂਗੂ ਕੋਰੀਆ ’ਚ ਹੋਈ 15ਵੀਂ ਏਸ਼ੀਅਨ ਏਅਰ ਗੰਨ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ, ਕੇਰਲ ਵਿਖੇ ਹੋਈ 65ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਚਾਂਦੀ ਅਤੇ ਕਾਂਸੀ ਦਾ ਤਗਮਾ ਅਤੇ ਮੇਰਠ ਵਿਖੇ ਆਯੋਜਿਤ ਆਲ ਇੰਡੀਆ ਇੰਟਰ ਯੂਨੀਵਰਸਿਟੀ ’ਚ ਟੀਮ ਗੋਲਡ ਅਤੇ ਵਿਅਕਤੀਗਤ ਕਾਂਸੀ ਦਾ ਤਗਮਾ ਜਿੱਤਿਆ।
ਡਾ. ਮਹਿਲ ਸਿੰਘ ਨੇ ਕਿਹਾ ਕਿ ਜੂਡੋ ਦੀ ਯਾਮਿਨੀ ਮੌਰਿਆ ਨੇ ਚੀਨ ਵਿਖੇ ਵਿਸ਼ਵ ਯੂਨੀਵਰਸਿਟੀ ਖੇਡਾਂ ’ਚ ਕਾਂਸੀ, ਪ੍ਰੀ ਵਿਸ਼ਵ ਕੱਪ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਿਆ ਅਤੇ ਏਸ਼ੀਅਨ ਖੇਡਾਂ ’ਚ ਵੀ ਭਾਗ ਲਿਆ।ਉਨ੍ਹਾਂ ਕਿਹਾ ਕਿ ਕਾਲਜ ਦੀ ਜੂਡੋ ਖਿਡਾਰਣ ਇੰਦੂ ਬਾਲਾ ਨੇ ਚੀਨ ਵਿਖੇ ਹੋਈਆਂ ਏਸ਼ੀਅਨ ਖੇਡਾਂ ਅਤੇ ਵਿਸ਼ਵ ਯੂਨੀਵਰਸਿਟੀ ਖੇਡਾਂ ’ਚ ਭਾਗ ਲਿਆ।ਜੂਡੋ ਦੇ ਮੈਕਸ ਨੇ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟ ’ਚ ਭਾਗ ਲਿਆ।ਜਦਕਿ ਮੁੱਕੇਬਾਜ਼ੀ ਦੇ ਖਿਡਾਰੀ ਵਿਕਾਸ ਕੁਮਾਰ ਨੇ ਰੂਸ ’ਚ ਐਲੋਰਡਾ ਕੱਪ ’ਚ ਕਾਂਸੀ ਦਾ ਤਗਮਾ ਹਾਸਲ ਕੀਤਾ।ਏਸ਼ੀਅਨ ਪੈਨਕਸੀਲਾਟ ਚੈਂਪੀਅਨਸ਼ਿਪ ’ਚ ਸਿਲਟ ਪਲੇਅਰ ਦੀ ਮਾਨਵੀ ਰਾਜਪੂਤ ਨੇ ਭਾਗ ਲਿਆ।ਨਿਸ਼ਾਨੇਬਾਜ਼ੀ ਦੇ ਜਤਿਨ ਨੇ ਜਰਮਨੀ ਵਿਖੇ ਹੋਏ ਆਈ.ਐਸ.ਐਸ.ਐਫ਼ ਜੂਨੀਅਰ ਵਿਸ਼ਵ ਕੱਪ ਅਤੇ ਕੋਰੀਆ ਵਿਖੇ ਹੋਈ ਆਈ.ਐਸ.ਐਸ.ਐਫ਼ ਵਿਸ਼ਵ ਚੈਂਪੀਅਨਸ਼ਿਪ ’ਚ ਭਾਗ ਲੈਂਦਿਆਂ ਚਾਂਦੀ ਅਤੇ ਖੇਲੋ ਇੰਡੀਆ ਯੁਵਾ ਖੇਡਾਂ ’ਚ ਚਾਂਦੀ ਦਾ ਤਗਮਾ ਹਾਸਲ ਕੀਤਾ।
ਉਨ੍ਹਾਂ ਕਿਹਾ ਕਿ ਸ਼ੂਟਿੰਗ ਦੇ ਅਮਿਤ ਸ਼ਰਮਾ ਨੇ ਕੋਰੀਆ ’ਚ ਹੋਈ 15ਵੀਂ ਏਸ਼ੀਅਨ ਚੈਂਪੀਅਨਸ਼ਿਪ ’ਚ ਹਿੱਸਾ ਲੈਂਦਿਆਂ ਯੂਥ ਪੁਰਸ਼ ਚੈਂਪੀਅਨਸ਼ਿਪ ’ਚ ਟੀਮ ਨੇ ਸੋਨ ਤਗਮਾ ਅਤੇ ਤਾਈਕਵਾਂਡੋ ਖਿਡਾਰੀ ਵਿਕਾਸ ਨੇ ਚੀਨ ਵਿਖੇ ਹੋਈਆਂ ਯੂਨੀਵਰਸਿਟੀ ਖੇਡਾਂ ’ਚ ਭਾਗ ਲਿਆ।
ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਗੁਰਪ੍ਰੀਤ ਸਿੰਘ ਗਿੱਲ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਵੀ ਡਾ. ਦਲਜੀਤ ਸਿੰਘ ਨੂੰ ਵੀ ਉਕਤ ਉਪਲਬੱਧੀ ਲਈ ਮੁਬਾਰਕਬਾਦ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …