ਮਰੀਜ਼ਾਂ ਨੂੰ ਦਵਾਈਆਂ ਸਿਹਤ ਕੇਂਦਰ ‘ਚੋਂ ਹੀ ਦਿੱਤੀਆਂ ਜਾਣ- ਡਾ. ਕਿਰਪਾਲ ਸਿੰਘ
ਸੰਗਰੂਰ, 17 ਫ਼ਰਵਰੀ (ਜਗਸੀਰ ਲੌਂਗੋਵਾਲ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਤਹਿਤ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਅੱਜ ਕਮਿਊਨਟੀ ਸਿਹਤ ਕੇਂਦਰ ਲੌਂਗੋਵਾਲ ਦੀ ਅਚਨਚੇਤ ਚੈਕਿੰਗ ਕੀਤੀ।ਇਸ ਦੌਰਾਨ ਉਹਨਾਂ ਵੱਖ-ਵੱਖ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ।ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਪੁੱਛਿਆ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਮਰੀਜ਼ਾਂ ਨੂੰ ਸਾਰੀਆਂ ਲੋੜੀਂਦੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਉਪਲੱਬਧ ਕਰਵਾਈਆਂ ਜਾਣ।ਉਨਾਂ ਸੰਸਥਾਗਤ ਜਣੇਪੇ ਨੂੰ ਹੋਰ ਵਧਾਉਣ ‘ਤੇ ਜ਼ੋਰ ਦੇਣ ਅਤੇ ਮੁੱਖ ਮੰਤਰੀ ਪੰਜਾਬ ਆਯੁਸ਼ਮਾਨ ਭਾਰਤ ਸਿਹਤ ਬੀਮਾ ਬਾਰੇ ਜਾਗਰੂਕ ਕਰਨ ਲਈ ਕਿਹਾ।ਉਨ੍ਹਾਂ ਕਿਹਾ ਕਿ ਹਾਈ ਰਿਸਕ ਗਰਭਵਤੀਆਂ ਦੀ ਲਿਸਟ ਸਮੇਂ ਸਿਰ ਅਪਡੇਟ ਕੀਤੀ ਜਾਵੇ ਅਤੇ ਫੋਲੋਅੱਪ ਕਰਨਾ ਯਕੀਨੀ ਬਣਾਇਆ ਜਾਵੇ।
ਸਿਵਲ ਸਰਜਨ ਨੇ ਸਮੂਹ ਸਟਾਫ਼ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪੋ ਆਪਣੀ ਡਿਊਟੀ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਯਕੀਨੀ ਬਣਾਉਣ।