ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਕਲਾ ਅਤੇ ਗਿਆਨ ਦਾ ਜਸ਼ਨ ਪ੍ਰੋਗਰਾਮ ਸਿਰਜਣ ਪ੍ਰਕਿਰਿਆ ਦੇ 20ਵੇਂ ਭਾਗ ਦਾ ਆਯੋਜਨ ਅੱਜ ਸੰਸਥਾ ਨਾਦ ਪ੍ਰਗਾਸੁ ਦੇ ਸੈਮੀਨਾਰ ਹਾਲ ਵਿਖੇ ਕੀਤਾ ਗਿਆ, ਜਿਸ ਵਿੱਚ ਪੰਜਾਬੀ ਦੇ ਪ੍ਰਸਿਧ ਕਵੀ ਵਿਜੇ ਵਿਵੇਕ ਨੂੰ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ।ਇਸ ਸਮਾਗਮ ਵਿੱਚ ਸੂਬੇ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਤੋਂ ਵਿਦਿਆਰਥੀ, ਅਧਿਆਪਕ ਅਤੇ ਵਿਦਵਾਨ ਸ਼ਾਮਲ ਹੋਏ।
ਵਿਜੇ ਵਿਵੇਕ ਨੇ ਦੱਸਿਆ ਕਿ ਉਨਾਂ ਆਪਣੀ ਸਿਰਜਣ ਪ੍ਰਕਿਰਿਆ ਦੀ ਗੱਲ ਬਚਪਨ ਦੇ ਕੋਮਲ-ਅਨੁਭਵਾਂ ਤੋਂ ਸ਼ੁਰੂ ਕੀਤੀ, ਧਰਮ ਅਤੇ ਕਾਵਿਕ ਗਿਆਨ ਨਾਲ ਸਾਂਝ ਦਾ ਸ੍ਰੋਤ ਪਰਿਵਾਰਕ ਮਾਹੌਲ ਅਤੇ ਵਿਸ਼ੇਸ਼ ਕਰ ਉਨ੍ਹਾਂ ਦੇ ਬਜ਼ੁਰਗ ਸਨ।ਉਨ੍ਹਾਂ ਕਿਹਾ ਕਿ ਮੇਰੇ ਮਨ ‘ਚ ਕਵੀ ਬਣਨ ਦਾ ਕਦੇ ਖਿਆਲ ਵੀ ਨਹੀਂ ਸੀ ਆਇਆ, ਮੇਰੇ ਪਿਤਾ ਜੀ ਕਵੀ ਸਨ।ਬਚਪਨ ਵਿੱਚ ਜਦੋਂ ਫੱਕਰ ਸੁਭਾਅ ਵਾਲੇ ਬਿਸਮਲ ਫਰੀਦਕੋਟੀ ਦੀ ਸ਼ਖਸੀਅਤ ਨੂੰ ਦੇਖਿਆ ਅਤੇ ਪੜ੍ਹਿਆ ਤਾਂ ਉਹ ਮੇਰੀ ਕਾਵਿਕ-ਸਿਰਜਣਾ ਲਈ ਪੇ੍ਰਰਨਾ ਸੋ੍ਰਤ ਹੋ ਨਿਬੜੇ।ਉਨ੍ਹਾਂ ਆਪਣੀ ਸਿਰਜਣਾ ਬਾਰੇ ਦੱਸਦਿਆਂ ਕਿਹਾ ਕਿ ਮੈਂ ਆਪਣੀ ਕਵਿਤਾ ਨੂੰ ਬੋਧਿਕ ਦਖਲ ਤੋਂ ਦੂਰ ਰੱਖਦਾ ਹਾਂ, ਮੈਂ ਕਿਸੇ ਵਿਚਾਰ ਜਾਂ ਸੰਕਲਪ ਦੇ ਅਧਿਐਨ ਤੋਂ ਬਾਅਦ ਰਚਨਾ ਨਹੀਂ ਲਿਖਦਾ।ਮੇਰੇ ਲਈ ਸਿਰਜਣਾ ਹੀ ਅਸਲ ਹੈ, ਸ਼ਾਇਰ ਤਾਂ ਮਾਧਿਅਮ ਹੈ।ਕਵਿਤਾ ਕਵੀ ਨੂੰ ਚੁਣਦੀ ਹੈ, ਨਾਂ ਕਿ ਕਵੀ ਕਵਿਤਾ ਨੂੰ।
ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਸੰਵਾਦ ਸਬੰਧੀ ਸੈਸ਼ਨ ਸ਼ੁਰੂ ਹੋਇਆ, ਜਿਸ ਵਿੱਚ ਸਿਰਜਣ ਦੀ ਹੋਂਦ ਨਾਲ ਸੰਬੰਧਤਾ, ਅਜੋਕੀ ਸਮੇਂ ਦੀ ਪੰਜਾਬੀ ਕਵਿਤਾ, ਸਿਰਜਣਾ ‘ਤੇ ਆਮਦ ਅਤੇ ਸੰਗੀਤ ਦੇ ਸਬੰਧੀ ਵਿਜੇ ਵਿਵੇਕ ਨੂੰ ਪ੍ਰਸ਼ਨ ਕੀਤੇ ਗਏ, ਜਿਨ੍ਹਾਂ ਦਾ ਉਨ੍ਹਾਂ ਵੱਲੋਂ ਸੰਤੋਖਜਨਕ ਉੱਤਰ ਦਿੱਤਾ ਗਿਆ।ਇਸ ਤੋਂ ਬਾਅਦ ਯੁਵਾ ਕਵੀ ਦਰਬਾਰ ਦਾ ਆਗਾਜ਼ ਵਿਜੇ ਵਿਵੇਕ ਨੇ ਆਪਣੀ ਕਾਵਿ-ਰਚਨਾ ਸੁਣਾਉਂਦਿਆ ਕੀਤਾ।ਉਨਾਂ ਨੇ ਆਪਣੀ ਗ਼ਜ਼ਲ ‘ਮੋਤੀ ਸਿਤਾਰੇ ਕੁਲ ਵੇ’ ਨੂੰ ਤਰੁਨਮ ਵਿੱਚ ਗਾਇਆ।ਇਸ ਕਵੀ ਦਰਬਾਰ ਵਿੱਚ ਆਕਾਸ਼, ਜਸਪ੍ਰੀਤ, ਓਂਕਾਰ ਸਿੰਘ, ਸ਼ਾਇਰ ਪ੍ਰੀਤ, ਅਰਸ਼ਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸ਼ਾਇਰ, ਕਸ਼ਮੀਰ ਸਿੰਘ ਗਿੱਲ, ਨੀਰਜ, ਸੁਰਿੰਦਰ ਸਿੰਘ, ਕਾਸਿਦ, ਹਰਪ੍ਰੀਤ ਨਾਰਲੀ, ਹਲਵਿੰਦਰ ਸਿੰਘ ਨੇ ਵੀ ਆਪਣੀਆਂ ਰਚਨਾਵਾਂ ਰਾਹੀਂ ਸ੍ਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਇਸ ਆਯੋਜਨ ਦੀ ਸਮਾਪਤੀ ਸੰਸਥਾ ਦੇ ਡਾਇਰੈਟਕਰ ਪ੍ਰੋ. ਜਗਦੀਸ਼ ਸਿੰਘ ਦੁਆਰਾ ਧੰਨਵਾਦੀ ਸ਼ਬਦਾਂ ਕੀਤੀ ਗਈ।ਮੰਚ ਦਾ ਸੰਚਾਲਨ ਸੰਦੀਪ ਸ਼ਰਮਾ ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ ਨੇ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …