Saturday, October 19, 2024

 ਬਟਾਲਾ ਵਿਖੇ ਮੁੱਖ ਸੰਸਦੀ ਸਕੱਤਰ ਬੱਬੇਹਾਲੀ ਨੇ ਲਹਿਰਾਇਆ ਕੌਮੀ ਝੰਡਾ

ਮਾਈ ਭਾਗੋ ਵਿਦਿਆ ਸਕੀਮ ਤਹਿਤ ਵਿਦਿਆਰਥਣਾਂ ਨੂੰ ਸਾਈਕਲ ਤਕਸੀਮ

PPN1608201501

ਬਟਾਲਾ, 15 ਅਗਸਤ (ਨਰਿੰਦਰ ਸਿੰਘ ਬਰਨਾਲ) – 69ਵਾਂ ਅਜ਼ਾਦੀ ਦਿਵਸ ਅੱਜ ਬਟਾਲਾ ਵਿਖੇ ਪੂਰੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਤਹਿਸੀਲ ਪੱਧਰੀ ਇਸ ਸੁਤੰਤਰਤਾ ਦਿਵਸ ਦੌਰਾਨ ਕੌਮੀ ਝੰਡਾ ਮੁੱਖ ਸੰਸਦੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ ਨੇ ਲਹਿਰਾਇਆ। ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਸ. ਬੱਬੇਹਾਲੀ ਨੇ ਇੱਕ ਵਿਸ਼ੇਸ਼ ਜਿਪਸੀ ‘ਤੇ ਸਵਾਰ ਹੋ ਕੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ. ਬਟਾਲਾ ਸ. ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ ਵੀ ਹਾਜ਼ਰ ਸਨ। ਇਸ ਉਪਰੰਤ ਪਰੇਡ ਕਮਾਂਡਰ ਡੀ.ਐਸ.ਪੀ. ਜਸ਼ਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਪੰਜਾਬ ਹੋਮਗਾਰਡ, ਸਿਵਲ ਡਿਫੈਂਸ, ਐਨ.ਸੀ.ਸੀ. ਕੈਡਿਟਾਂ ਤੇ ਸਕੂਲੀ ਵਿਦਿਆਰਥੀਆਂ ਦੇ ਬੈਂਡ ਵੱਲੋਂ ਸ਼ਾਨਦਾਰ ਮਾਰਚ ਪਾਸਟ ਰਾਹੀਂ ਸਲਾਮੀ ਭੇਂਟ ਕੀਤੀ ਗਈ।
ਤਿਰੰਗਾ ਝੰਡਾ ਲਹਿਰਾਉਣ ਤੇ ਸਲਾਮੀ ਲੈਣ ਉਪਰੰਤ ਮੁੱਖ ਮਹਿਮਾਨ ਸ. ਗੁਰਬਚਨ ਸਿੰਘ ਬੱਬੇਹਾਲੀ ਮੁੱਖ ਸੰਸਦੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਨੇ ਸਾਰਿਆਂ ਨੂੰ ਅਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਦਿਹਾੜਾ ਸਾਡੇ ਲਈ ਬਹੁਤ ਮਹਾਨ ਹੈ ਕਿਉਂਕਿ ਅੱਜ ਦੇ ਦਿਨ ਹੀ 15 ਅਗਸਤ 1947 ਨੂੰ ਸਾਡੇ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਅਜ਼ਾਦੀ ਮਿਲੀ ਸੀ। ਸ. ਬੱਬੇਹਾਲੀ ਨੇ ਕਿਹਾ ਕਿ ਅੰਗਰੇਜ਼ ਰਾਜ ਤੋਂ ਮੁਕਤੀ ਦਿਵਾਉਣ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ, ਚੰਦਰ ਸ਼ੇਖਰ ਅਜ਼ਾਦ ਵਰਗੇ ਅਨੇਕਾਂ ਮਹਾਨ ਸੂਰਬੀਰ ਯੋਧਿਆਂ ਨੇ ਆਪਣੀਆਂ ਜਾਨਾਂ ਵਾਰੀਆਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਇਹਨਾਂ ਮਹਾਨ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਕਦੀ ਨਹੀਂ ਭੁਲਣਾ ਚਾਹੀਦਾ ਅਤੇ ਸ਼ਹੀਦਾਂ ਤੇ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਪੂਰਿਆਂ ਕਰਨ ਲਈ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ।
ਮੁੱਖ ਸੰਸਦੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਬੜੇ ਖੁਸ਼ਕਿਸਮਤ ਹਾਂ ਕਿ ਅਜ਼ਾਦ ਦੇਸ਼ ਦੇ ਨਿਵਾਸੀ ਹਾਂ ਅਤੇ ਸਾਡੇ ਦੇਸ਼ ਵਿੱਚ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਅਤੇ ਪੂਰੀ ਅਜ਼ਾਦੀ ਹਾਸਲ ਹੈ। ਉਨ੍ਹਾਂ ਕਿਹਾ ਕਿ ਅਜ਼ਾਦ ਦੇਸ਼ ਦੇ ਨਾਗਰਕਿ ਹੋਣ ਕਰਨ ਜਿਥੇ ਸਾਨੂੰ ਅਧਿਕਾਰ ਮਿਲੇ ਹਨ ਉਥੇ ਰਾਸ਼ਟਰ ਪ੍ਰਤੀ ਸਾਡੇ ਕੁਝ ਫਰਜ਼ ਵੀ ਹਨ ਅਤੇ ਸਾਨੂੰ ਦੇਸ਼ ਪ੍ਰਤੀ ਆਪਣੇ ਫਰਜ਼ਾਂ ਦੀ ਅਦਾਇਗੀ ਤੋਂ ਕਦੇ ਵੀ ਪਿਛੇ ਨਹੀਂ ਹਟਣਾ ਚਾਹੀਦਾ। ਉਨ੍ਹਾਂ ਲੋਕਾਂ ਨੂੰ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਅਤੇ ਸਮਾਜਿਕ ਬੁਰਾਈਆਂ ਖਿਲਾਫ ਡਟਣ ਦਾ ਸੱਦਾ ਵੀ ਦਿੱਤਾ।
ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਅਤੇ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਸ. ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਅੱਠ ਸਾਲ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੀ ਸ਼੍ਰੋਮਣੀ ਅਕਾਲੀ-ਭਾਜਪਾ ਦੀ ਸਾਂਝੀ ਸਰਕਾਰ ਨੇ ਸੂਬੇ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ‘ਤੇ ਤੋਰਿਆ ਹੈ। ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦਾ ਹੀ ਸਿੱਟਾ ਸੀ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਸਰਕਾਰ ਰਿਪੀਟ ਹੋਈ ਹੈ ਅਤੇ ਇਹ ਸਿਲਸਿਲਾ ਅਗਾਂਹ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਅਤੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਵਿੱਚ ਪੰਜਾਬ ਸੂਬਾ ਅੱਜ ਖੇਤੀਬਾੜੀ, ਬਿਜਲੀ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਸਿੱਖਿਆ, ਸਿਹਤ, ਬਿਜਲੀ, ਸਨਅਤ, ਨਾਗਰਿਕ ਸੇਵਾਵਾਂ ਆਦਿ ਹਰ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਹੈ।ਉਨ੍ਹਾਂ ਆਪਣੇ ਸੰਬੋਧਨ ਦੌਰਾਨ ਵਿਸਥਾਰ ‘ਚ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।
ਇਸੇ ਦੌਰਾਨ ਤਹਿਸੀਲ ਬਟਾਲਾ ਦੇ ਵੱਖ-ਵੱੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਪਿਆਰ ਅਤੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਏ।ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਿਲ੍ਹਾ ਟੇਕ ਸਿੰਘ, ਸਰਕਾਰੀ ਸਕੂਲ ਧਰਮਪੁਰਾ, ਐਫ.ਸੀ. ਵਰਮਾ ਸਕੂਲ, ਆਰ.ਡੀ. ਖੋਸਲਾ ਸਕੂਲ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਬਟਾਲਾ, ਸਰਕਾਰੀ ਕੰਨਿਆ ਹਾਈ ਸਕੂਲ ਬਟਾਲਾ, ਸਿਲਵਰ ਕਰੀਕ ਸਕੂਲ ਬਟਾਲਾ, ਆਰੀਆ ਗਰਲਜ਼ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਨੇ ਜਸ਼ਨ-ਏ-ਅਜ਼ਾਦੀ ਦੀਆਂ ਰੌਣਕਾਂ ਨੂੰ ਹੋਰ ਵਧਾ ਦਿੱਤਾ। ਆਰ.ਆਰ.ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੀਆਂ ਵਿਦਿਆਰਥਣਾ ਵੱਲੋਂ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਗਿੱਧੇ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਇਸੇ ਤਰਾਂ ਕੰਡਿਆਲ, ਨਾਰੋਵਾਲ ਅਤੇ ਭਾਗੋਵਾਲ ਅਤੇ ਸ੍ਰੀਮਤੀ ਲਕਸ਼ਮੀ ਦੇਵੀ ਸਾਹਨੀ ਪਬਲਿਕ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਭੰਗੜੇ ਪਾ ਕੇ ਅਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਨੂੰ ਮਨਾਇਆ। ਇਸ ਮੌਕੇ ਸ. ਬੱਬੇਹਾਲੀ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਧਰਮਪੁਰਾ ਬਟਾਲਾ ਦੀਆਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਯੋਜਨਾ ਤਹਿਤ ਮੁਫਤ ਸਾਈਕਲ ਤਕਸੀਮ ਕੀਤੇ ਅਤੇ ਨਾਲ ਹੀ ਐਲਾਨ ਕੀਤਾ ਕਿ ਇਸ ਯੋਜਨਾ ਤਹਿਤ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੀਆਂ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਈਕਲ ਵੰਡੇ ਜਾਣਗੇ।
ਮੁੱਖ ਸੰਸਦੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ ਨੇ ਅਜ਼ਾਦੀ ਸਮਾਗਮ ਦੌਰਾਨ ਸੁਤੰਤਰਤਾ ਸੰਗ੍ਰਾਮੀ ਸ. ਵੱਸਣ ਸਿੰਘ ਗੌਂਸਪੁਰਾ, ਸ. ਅਰਜਨ ਸਿੰਘ ਪਿੰਡ ਪੰਡੋਰੀ, ਸ੍ਰੀਮਤੀ ਕਰਮ ਦੇਵੀ, ਸ੍ਰੀਮਤੀ ਮਹਿੰਦਰ ਕੌਰ ਅਤੇ ਸ੍ਰੀਮਤੀ ਕਰਮ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ। ਸਮਾਗਮ ਦੌਰਾਨ ਮਾਨਯੋਗ ਜੱਜ ਸਾਹਿਬਾਨ ਸ੍ਰੀ ਰਾਜਪਾਲ, ਸ੍ਰੀਮਤੀ ਮੋਨਿਕਾ ਚੌਹਾਨ, ਸ੍ਰੀਮਤੀ ਬਲਵਿੰਦਰ ਕੌਰ ਧਾਲੀਵਾਲ, ਸ੍ਰੀਮਤੀ ਚੰਦਨਾ ਭੱਟੀ, ਮੈਡਮ ਨਿਧੀ ਸੈਣੀ ਅਤੇ ਸ੍ਰੀ ਚੰਦਨ ਹੰਸ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਐਸ.ਐਸ.ਪੀ. ਬਟਾਲਾ ਸ. ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸੁਭਾਸ਼ ਓਹਰੀ, ਬਲਬੀਰ ਸਿੰਘ ਬਿੱਟੂ, ਚੇਅਰਮੈਨ ਗੁਰਚਰਨ ਸਿੰਘ ਕਰਵਾਲੀਆਂ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਰਮਨਦੀਪ ਸਿੰਘ ਸੰਧੂ ਵੱਲੋਂ ਮੁੱਖ ਮਹਿਮਾਨ ਸ. ਗੁਰਬਚਨ ਸਿੰਘ ਬੱਬੇਹਾਲੀ ਨੂੰ ਸਨਮਾਨਤ ਕੀਤਾ ਗਿਆ।
ਇਸ ਤੋਂ ਇਲਾਵਾ ਪਰੇਡ ਵਿੱਚ ਹਿੱਸਾ ਲੈਣ ਵਾਲੇ ਪਰੇਡ ਕਮਾਂਡਰਾਂ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਅਤੇ ਵੱਖ-ਵੱਖ ਖੇਤਰਾਂ ‘ਚ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਵੀ ਸਨਮਾਨਤ ਕੀਤਾ ਗਿਆ।ਇਸ ਮੌਕੇ ਐਸ.ਪੀ. (ਡੀ.) ਪ੍ਰਦੀਪ ਮਲਿਕ, ਸਾਬਕਾ ਸੰਸਦੀ ਸਕੱਤਰ ਜਗਦੀਸ਼ ਰਾਜ ਸਾਹਨੀ, ਡੀ.ਐਸ.ਪੀ. ਸਿਟੀ ਜਗਬਿੰਦਰ ਸਿੰਘ ਸਿੱਧੂ, ਡੀ.ਐੱਸ.ਪੀ. (ਡੀ.) ਆਰ.ਪੀ.ਸਿੰਘ ਢਿੱਲੋਂ, ਤਹਿਸੀਲਦਾਰ ਬਟਾਲਾ ਸ. ਅਰਵਿੰਦਰਪਾਲ ਸਿੰਘ, ਹਰਭਜਨ ਸਿੰਘ ਤੂਰ, ਇਕਬਾਲ ਸਿੰਘ ਸਹਿਮੀ, ਬਲਦੇਵ ਸਿੰਘ ਪਾਰਸ, ਬਲਵਿੰਦਰ ਸਿੰਘ ਬਿੰਦਾ, ਮਾਸਟਰ ਕੁਲਦੀਪ ਸ਼ਰਮਾਂ, ਸ਼ਸ਼ੀ ਭੂਸਨ ਵਰਮਾ, ਡਿਪਟੀ ਡੀ.ਈ.ਓ. ਭਾਰਤ ਭੂਸ਼ਨ, ਪ੍ਰਿਸੀਪਲ ਨਿਰਪਜੀਤ ਕੌਰ, ਡਾ. ਪਰਮਜੀਤ ਸਿੰਘ ਕਲਸੀ, ਸ੍ਰੀਮਤੀ ਰਾਜ ਸ਼ਰਮਾ, ਭੁਪਿੰਦਰ ਸਿੰਘ ਲਾਡੀ, ਹੀਰਾ ਐਮ.ਸੀ, ਕਰਨਲ ਜਤਿੰਦਰ ਸਿੰਘ, ਸੂਬੇਦਾਰ ਮੇਜਰ ਬਿੱਕਰ ਸਿੰਘ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਜਤਿੰਦਰ ਕੱਦ, ਗੁਰਮੀਤ ਸਿੰਘ, ਕਰਨੈਲ ਸਿੰਘ ਐਸ.ਡੀ.ਓ., ਸਰਪੰਚ ਬਲਵੰਤ ਸਿੰਘ, ਸਰਪੰਚ ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਸੈਕਟਰੀ, ਹਰਭਜਨ ਸਿੰਘ ਮਲਕਪੁਰੀ, ਹਰਮਨ ਗੁਰਾਇਆ, ਮਾਸਟਰ ਕਪੂਰ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਹਿਰ ਤੇ ਇਲਾਕਾ ਵਾਸੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਲੋਂ ਲੋਗੋ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਦੀ …

Leave a Reply