Monday, December 23, 2024

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੇਂਦਰੀ ਜੇਲ੍ਹ ਵਿੱਚ ਖੋਲ੍ਹਿਆ ਲੀਗਲ ਏਡ ਕਲੀਨਿਕ

PPN3108201609ਅੰਮ੍ਰਿਤਸਰ, 31 ਅਗਸਤ (ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਕੈਦੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੇ ਮਕਸਦ ਨਾਲ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਲੀਗਲ ਏਡ ਕਲੀਨਿਕ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਸ. ਗੁਰਬੀਰ ਸਿੰਘ ਨੇ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਕੈਦੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਬਣਾਇਆ ਗਿਆ ਹੈ, ਜਿਸ ਵਿਚ ਪੈਰਾ ਵਲੰਟੀਅਰਾਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਥੇ ਕੈਦੀ ਆਪਣੀਆਂ ਮੁਸ਼ਕਿਲਾਂ ਦੱਸ ਸਕਦੇ ਹਨ, ਜਿਨ੍ਹਾਂ ਨੂੰ ਸੁਣ ਕੇ ਪੈਰਾ ਲੀਗਲ ਵਲੰਟੀਅਰ ਇਸ ਸਬੰਧੀ ਕਾਰਵਾਈ ਲਈ ਦਰਖ਼ਾਸਤ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕੈਦੀ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਚਾਹੀਦੀ ਹੈ ਜਾਂ ਉਸ ਦਾ ਵਕੀਲ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਤਾਂ ਉਹ ਇਸ ਲੀਗਲ ਏਡ ਕਲੀਨਿਕ ਵਿਚ ਆਪਣੀ ਦਰਖ਼ਾਸਤ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੈਦੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਬਹੁਤ ਜਲਦੀ ਅਤੇ ਸੁਖਾਲ਼ਾ ਹੋ ਜਾਵੇਗਾ।
ਇਸ ਮੌਕੇ ਸ. ਗੁਰਬੀਰ ਸਿੰਘ ਦੀ ਅਗਵਾਈ ਹੇਠ ਰੁੱਖ ਲਗਾਓ ਮੁਹਿੰਮ ਤਹਿਤ ਜੇਲ੍ਹ ਵਿਚ ਨਿਆਇਕ ਤੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਕੈਦੀਆਂ ਵੱਲੋਂ ਪੌਦੇ ਵੀ ਲਗਾਏ ਗਏ। ਇਸ ਮੌਕੇ ਸ. ਗੁਰਬੀਰ ਸਿੰਘ ਨੇ ਜੇਲ੍ਹ ਅਧਿਕਾਰੀਆਂ ਅਤੇ ਕੈਦੀਆਂ ਨੂੰ ਰੁੱਖਾਂ ਦੀ ਮਨੁੱਖੀ ਜੀਵਨ ਵਿਚ ਮਹੱਤਤਾ ਦੱਸਦਿਆਂ ਇਨ੍ਹਾਂ ਦੀ ਸਾਂਭ-ਸੰਭਾਲ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਲਈ ਪ੍ਰੇਰਿਆ। ਇਸ ਮੌਕੇ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਮੈਡਮ ਗਿਰੀਸ਼ ਬਾਂਸਲ, ਕਮਿਸ਼ਨਰ ਪੁਲਿਸ ਸ. ਅਮਰ ਸਿੰਘ ਚਾਹਲ ਤੋਂ ਇਲਾਵਾ ਜੇਲ੍ਹ ਅਧਿਕਾਰੀ ਅਤੇ ਜੁਡੀਸ਼ੀਅਲ ਅਫ਼ਸਰ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply