ਮਨੁੱਖ ਜਾਤੀ ਨੇ ਸਮੇਂ ਦੇ ਨਾਲ ਨਾਲ ਅਜਿਹੀਆਂ ਉੱਪਲਬਧੀਆਂ ਹਾਸਲ ਕੀਤੀਆਂ ਹਨ, ਜਿਨਾਂ ਦਾ ਵਰਣਨ ਇਤਿਹਾਸ ਦੇ ਸੁਨਹਿਰੇ ਪੰਨਿਆਂ ਵਿੱਚ ਦਰਜ ਹੈ ਤੇ ਕੁੱਝ ਅਜਿਹੀਆਂ ਅਣਹੋਈਆਂ ਵੀ ਹੋਈਆਂ ਹਨ, ਜਿੰਨਾਂ ਨੂੰ ਇਤਿਹਾਸ ਦੇ ਕਾਲੇ ਪੰਨੇ ਸੰਜੋਈ ਬੈਠੇ ਹਨ।ਅਜਿਹੀ ਹੀ ਇੱਕ ਮੰਦਭਾਗੀ ਘਟਨਾ 3 ਦਸੰਬਰ 1984 ਨੂੰ ਵਾਪਰੀ।ਇਹ ਉਦਯੋਗਿਕ ਦੁਰਘਟਨਾ, ਹੁਣ ਤੱਕ ਦੇ ਸੰਸਾਰ ਭਰ ਦੇ ਉਦਯੋਗਿਕ ਖੇਤਰ ਵਿੱਚ ਹੋਈਆਂ ਭਿਆਨਕ ਘਟਨਾਵਾਂ ਵਿੱਚ ਸ਼ਾਮਲ ਹੈ ਜੋ ਕਿ ਇਤਿਹਾਸ ਵਿੱਚ ਭੋਪਾਲ ਗੈਸ ਤ੍ਰਾਸਦੀ ਦੇ ਨਾਂ ਨਾਲ ਜਾਣੀ ਜਾਂਦੀ ਹੈ।੨ ਦਸੰਬਰ ਦੀ ਰਾਤ ਨੂੰ ਵਾਪਰੀ ਇਸ ਅਣਹੋਣੀ ਨੇ ਬਹੁਤੇ ਲੋਕਾਂ ਨੂੰ ੩ ਦਸੰਬਰ ਦਾ ਸੂਰਜ ਦੇਖਣ ਦਾ ਵੀ ਮੌਕਾ ਨਹੀਂ ਦਿੱਤਾ।
ਭੋਪਾਲ ਸਥਿਤ ਯੂਨੀਅਨ ਕਾਰਬਾਈਡ ਨਾਮਕ ਕੰਪਨੀ ਦੇ ਕਾਰਖਾਨੇ ਤੋਂ ਇੱਕ ਜ਼ਹਿਰੀਲੀ ਗੈਸ ਦਾ ਰਿਸਾਵ ਹੋਇਆ, ਜਿਸ ਤੋਂ ਲੱਗਭਗ ੧੫੦੦੦ ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਅਤੇ ਬਹੁਤ ਸਾਰੇ ਲੋਕ ਕਈ ਤਰਾਂ ਦੀ ਸਰੀਰਕ ਅਪੰਗਤਾ ਦੇ ਸ਼ਿਕਾਰ ਹੋ ਗਏ।2006 ਵਿੱਚ ਸਰਕਾਰ ਦੁਆਰਾ ਦਾਖਿਲ ਇੱਕ ਸਹੁੰ ਪੱਤਰ ਵਿੱਚ ਮੰਨਿਆ ਗਿਆ ਕਿ ਰਿਸਾਵ ਨਾਲ ਕਰੀਬ 555125 ਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਅਤੇ ਅੰਸ਼ਿਕ ਤੌਰ ਤੇ ਪ੍ਰਭਾਵਿਤ ਹੋਣ ਵਾਲਿਆਂ ਦੀ ਸੰਖਿਆ ਤਕਰੀਬਨ 38478 ਸੀ।
ਇਸ ਕਾਂਡ ਵਿੱਚ ਮਿਕ ਭਾਵ ਮਿਥਾਈਲ ਆਈਸੋਸਾਈਨਾਈਟ ਨਾਮੀ ਜ਼ਹਿਰੀਲੀ ਗੈਸ ਦਾ ਰਿਸਾਵ ਹੋਇਆ ਸੀ ਜਿਸਦੀ ਵਰਤੋਂ ਕੀਟਨਾਸ਼ਕ ਬਣਾਉਣ ਲਈ ਕੀਤੀ ਜਾਂਦੀ ਸੀ। ਯੂਨੀਅਨ ਕਾਰਬਾਈਡ ਦੀ ਫੈਕਟਰੀ ਦੇ ਟੈਂਕ ਨੰਬਰ 610 ਵਿੱਚ ਜ਼ਹਿਰੀਲੀ ਮਿਥਾਈਲ ਆਈਸੋਸਾਈਨੇਟ ਗੈਸ ਦੇ ਪਾਣੀ ਵਿੱਚ ਮਿਲ ਜਾਣ ਦੇ ਕਾਰਨ ਕਰੀਬ 40 ਟਨ ਜ਼ਹਿਰੀਲੀ ਗੈਸ ਦਾ ਰਿਸਾਵ ਹੋਇਆ।ਗੈਸ ਰਿਸਾਵ ਦੇ ਕਾਰਨ ਕਾਰਖਾਨੇ ਦੇ ਨਾਲ ਲੱਗਦੇ ਝੁੱਗੀ-ਬਸਤੀ ਆਦਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਆਲੇ ਦੁਆਲੇ ਦੇ ਜ਼ਿਆਦਾਤਰ ਲੋਕ ਨੀਂਦ ਦੀ ਅਵਸਥਾ ਵਿੱਚ ਹੀ ਮੌਤ ਦਾ ਸ਼ਿਕਾਰ ਹੋ ਗਏ, ਲੋਕਾਂ ਨੂੰ ਮੌਤ ਦੀ ਨੀਂਦ ਸੁਲਾਉਣ ਵਿੱਚ ਜ਼ਹਿਰੀਲੀ ਗੈਸ ਨੂੰ ਔਸਤਨ ੩ ਮਿੰਟ ਲੱਗੇ।
3 ਦਸੰਬਰ ਦੀ ਸਵੇਰ ਯੂਨੀਅਨ ਕਾਰਬਾਈਡ ਦੇ ਪਲਾਂਟ ਨੰਬਰ-ਸੀ ਵਿੱਚ ਹੋਏ ਰਿਸਾਵ ਤੋਂ ਬਣੇ ਗੈਸ ਦੇ ਬੱਦਲ ਨੂੰ ਹਵਾ ਦੇ ਬੁੱਲੇ ਆਪਣੇ ਨਾਲ ਬਹਾ ਕੇ ਲੈ ਜਾਂਦੇ ਰਹੇ ਅਤੇ ਲੋਕ ਮੌਤ ਦੀ ਨੀਂਦ ਸੌਂਦੇ ਰਹੇ।ਹਾਦਸੇ ਦੇ ਦਿਨ ਸੈਂਕੜੇ ਲੋਕਾਂ ਦਾ ਸਮੂਹਿਕ ਅੰਤਿਮ ਸੰਸਕਾਰ ਕੀਤਾ ਗਿਆ। 1984 ਵਿੱਚ ਹੋਏ ਇਸ ਹਾਦਸੇ ਤੋਂ ਅਜੇ ਤੱਕ ਇਹ ਸ਼ਹਿਰ ਉਭਰ ਨਹੀਂ ਸਕਿਆ।ਦੁਰਘਟਨਾ ਦੇ ਕੁੱਝ ਦਿਨ ਬਾਦ 8 ਦਸੰਬਰ ਨੂੰ ਯੂ.ਸੀ.ਸੀ. ਦੇ ਪ੍ਰਧਾਨ ਅਤੇ ਸੀ.ਈ.ਓ. ਔ ਵਾਰੇਨ ਐਂਡਰਸਨ ਦੀ ਗ੍ਰਿਫਤਾਰੀ ਹੋਈ ਪਰੰਤੂ 6 ਘੰਟੇ ਬਾਦ ਹੀ ਉਹਨਾਂ ਨੂੰ ਮਾਮੂਲੀ ਜ਼ੁਰਮਾਨੇ ਤੇ ਮੁਕਤ ਕਰ ਦਿੱਤਾ ਗਿਆ ਸੀ, ਐਂਡਰਸਨ ਦੀ ਹੁਣ ਮੌਤ ਹੋ ਚੁੱਕੀ ਹੈ।
ਭੋਪਾਲ ਗੈਸ ਤ੍ਰਾਸਦੀ ਨੇ ਹਜ਼ਾਰਾਂ ਪਰਿਵਾਰਾਂ ਨੂੰ ਸਮਾਪਤ ਕਰ ਦਿੱਤਾ ਸੀ ਅਤੇ ਸ਼ਹਿਰ ਦੇ ਦੋ ਹਸਪਤਾਲਾਂ ਵਿੱਚ ਇਲਾਜ ਦੇ ਲਈ ਆਏ ਲੋਕਾਂ ਦੇ ਲਈ ਥਾਂ ਨਹੀਂ ਸੀ।ਪੀੜਤਾਂ ਅਨੁਸਾਰ ਹਵਾ ਇਸ ਤਰਾਂ ਮਹਿਸੂਸ ਹੋ ਰਹੀ ਸੀ ਕਿ ਜਿਵੇਂ ਕਿਸੇ ਨੇ ਹਵਾ ਵਿੱਚ ਮਿਰਚਾਂ ਖਿਲਾਰ ਦਿੱਤੀਆਂ ਹੋਣ, ਜ਼ਹਿਰੀਲੀ ਗੈਸ ਦੇ ਕਾਰਨ ਹਾਂਫ਼ਦੇ ਹੋਏ ਅਤੇ ਅੱਖਾਂ ਵਿੱਚ ਜਲਣ ਲੈ ਕੇ ਜਦੋਂ ਪ੍ਰਭਾਵਿਤ ਲੋਕ ਹਸਪਤਾਲ ਪਹੁੰਚੇ ਤਾਂ ਉੱਥੇ ਡਾਕਟਰਾਂ ਨੂੰ ਵੀ ਇਹ ਪਤਾ ਨਹੀਂ ਸੀ ਕਿ ਕੀ ਇਸ ਦਾ ਇਲਾਜ ਹੋ ਸਕਦਾ ਹੈ। ਗੈਸ ਰਸਾਵ ਦੇ ਅੱਠ ਘੰਟੇ ਬਾਦ ਭੋਪਾਲ ਨੂੰ ਜ਼ਹਿਰੀਲੀ ਗੈਸਾਂ ਦੇ ਅਸਰ ਤੋਂ ਮੁਕਤ ਮੰਨ ਲਿਆ ਗਿਆ ਸੀ ਪਰੰਤੂ ਇਸਦਾ ਅਸਰ ਅਜੇ ਵੀ ਸਮਾਪਤ ਨਹੀਂ ਹੋਇਆ, ਪੀੜਤਾਂ ਨੂੰ ਮੁਆਵਜ਼ਾ ਉਨਾਂ ਦੇ ਜ਼ਖ਼ਮਾਂ ਤੇ ਲੂਣ ਭੁੱਕਣ ਬਰਾਬਰ ਹੀ ਕਿਹਾ ਜਾ ਸਕਦਾ ਹੈ।
ਮੱਧ ਪ੍ਰਦੇਸ ਹਾਈਕੋਰਟ ਨੇ ਤ੍ਰਾਸਦੀ ਪੀੜਤਾਂ ਦੇ ਮਾਮਲੇ ਵਿੱਚ ਸਰਵਿਸ ਰਿਕਰੂਟਮੈਂਟ ਰੂਲਸ ਪੇਸ਼ ਕਰਨ ਲਈ ਕਿਹਾ ਸੀ।ਹੁਣ ਤੱਕ ਪੀੜਤਾਂ ਦੇ ਲਈ ਰਾਹਤ ਦੇ ਸੰਬੰਧ ਵਿਚ ਠੋਸ ਯਤਨ ਨਦਾਰਦ ਹਨ ਅਤੇ ਸਿਹਤ ਸੰਬੰਧੀ ਮੁਸ਼ਕਲਾਂ ਦੂਰ ਕਰਨ ਲਈ ਹੈਲਥ ਕਾਰਡ ਤੱਕ ਜਾਰੀ ਕਰਨ ਦੀ ਦਿਸ਼ਾ ਵਿਚ ਘੋਰ ਲਾਪਰਵਾਹੀ ਚਿੰਤਾਜਨਕ ਹੈ।ਪਿੱਛੇ ਜਿਹੇ ਹਾਈਕੋਰਟ ਵਿਚ ਜਸਟਿਸ ਵੀਕੇ ਅਗਰਵਾਲ ਦੀ ਪ੍ਰਧਾਨਗੀ ਵਾਲੀ ਮੌਨਿਟਰਿੰਗ ਕਮੇਟੀ ਦੀ ਪੇਸ਼ ਕੀਤੀ ਰਿਪੋਰਟ ਤੋਂ ਸਾਫ਼ ਹੈ ਕਿ ਪੀੜਤਾਂ ਲਈ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੇ ਅਮਲ ਸੰਤੁਸ਼ਟੀਜਨਕ ਨਹੀਂ ਹੈ।
ਇੱਥੇ ਇਹ ਵਰਣਨਯੋਗ ਹੈ ਕਿ ਅਦਾਲਤ ਵਿੱਚ ਆਪਣੇ ਪੱਖ ਵਿੱਚ ਤੱਤਕਾਲੀਨ ਪਲਾਂਟ ਮੈਨੇਜਰ ਐਸ.ਪੀ ਚੌਧਰੀ ਨੇ ਕੇਂਦਰ ਅਤੇ ਸੀ ਬੀ ਆਈ ਦੀ ਮੰਸ਼ਾ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਰਾਤ ਨੂੰ ਯੂਨੀਅਨ ਕਾਰਵਾਈਡ ਕਾਰਖਾਨੇ ਵਿੱਚ ਜ਼ਹਿਰੀਲੀ ਗੈਸ ਰਿਸਣ ਦੀ ਘਟਨਾ ਨੂੰ ਕਿਸੇ ਵਿਅਕਤੀ ਨੇ ਸਾਜਿਸ਼ ਤਹਿਤ ਜਾਨਬੁੱਝ ਕੇ ਇੰਜਾਮ ਦਿੱਤਾ। ਇਹ ਘਟਨਾ ਪਲਾਂਟ ਦੀ ਡਿਜਾਇਨ ਵਿੱਚ ਖਰਾਬੀ ਦੇ ਕਾਰਨ ਨਹੀਂ ਘਟੀ।
ਖ਼ੈਰ! ਦੁਰਘਟਨਾ ਦਾ ਕਾਰਨ ਕੋਈ ਵੀ ਹੋਵੇ ਪਰ ਇਸਦਾ ਹਰਜ਼ਾਨਾ ਆਮ ਲੋਕਾਂ ਨੇ ਆਪਣੀ ਜਾਨ ਤੋਂ ਹੱਥ ਧੋ ਕੇ, ਬਹੁਤਿਆਂ ਨੇ ਸਾਰੀ ਉਮਰ ਲਈ ਅਪੰਗਤਾ ਅਤੇ ਬਿਆਰੀਆਂ ਦੀ ਝਪੇਟ ਵਿੱਚ ਆ ਕੇ ਭਰਿਆ ਹੈ, ਭਰ ਰਹੇ ਹਨ। ਭੋਪਾਲ ਗੈਸ ਕਾਂਡ ਤੋਂ ੩੨ ਸਾਲ ਬਾਅਦ ਮੱਧ ਪ੍ਰਦੇਸ ਸਰਕਾਰ ਨੇ ਸੰਬੰਧਤ ਦੁਰਘਟਨਾ ਲਈ ਸਮਾਰਕ ਬਣਾਉਣ ਦਾ ਐਲਾਨ ਕੀਤਾ ਹੈ ਪਰ ਇਸ ਸਮਾਰਕ ਦੀ ਸਾਰਥਿਕਤਾ ਉਨਾਂ ਚਿਰ ਵਿਹੂਣੀ ਹੈ ਜਿੰਨਾਂ ਚਿਰ ਪੀੜਤਾਂ ਦੇ ਜ਼ਖਮਾਂ ਤੇ ਯੋਗ ਮਲਮ ਨਹੀਂ ਲੱਗਦੀ।
ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕਖ਼ਾਨਾ : ਬਰੜਵਾਲ (ਧੂਰੀ)
ਜ਼ਿਲਾ : ਸੰਗਰੂਰ (ਪੰਜਾਬ)
ਮੋਬਾਇਲ ਨੰਬਰ : 92560 66000