ਦੀਪ ਸਿੰਘ ਸਿੱਧੂ ਦੀ ਮੌਤ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ – ਐਮ.ਪੀ ਮਾਨ
ਸੰਗਰੂਰ, 15 ਫਰਵਰੀ (ਜਗਸੀਰ ਲੌਂਗੋਵਾਲ) – ਸ਼਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਅੱਜ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਸਿੱਖ ਆਗੂ ਸੰਦੀਪ ਸਿੰਘ ਉਰਫ ਦੀਪ ਸਿੰਘ ਸਿੱਧੂ ਨੂੰ ਸਮਰਪਿਤ ਅਰਦਾਸ ਸਮਾਗਮ ਕਰਵਾਇਆ ਗਿਆ।ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਅਤੇ ਗੁਰੂ ਦੀ ਬਾਣੀ ਦੇ ਕੀਰਤਨ ਉਪਰੰਤ ਦੀਪ ਸਿੰਘ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਅਰਦਾਸ ਸਮਾਗਮ ਵਿੱਚ ਭਾਗ ਲੈਣ ਲਈ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਦੀਪ ਸਿੱਧੂ ਨੂੰ ਸਾਡੇ ਤੋਂ ਵਿਛੜਿਆਂ ਇੱਕ ਸਾਲ ਦਾ ਸਮਾਂ ਹੋ ਗਿਆ ਹੈ, ਪਰ ਸਾਡੇ ਦਿਲਾਂ ਵਿੱਚ ਉਸ ਦੀਆਂ ਯਾਦਾਂ ਅੱਜ ਵੀ ਜਿਉਂ ਦੀਆਂ ਤਿਉਂ ਹਨ।ਦੀਪ ਸਿੱਧੂ ਪੰਥ ਪੱਖੀ ਸੋਚ ਵਾਲਾ ਸੱਚਾ-ਸੁੱਚਾ ਆਗੂ ਸੀ।ੳੇੁਨਾਂ ਕਿਹਾ ਕਿ ਵਿਦੇਸ਼ ਵਿੱਚ ਵਕਾਲਤ ਕਰਨ ਕਰਕੇ ਉਹ ਅਖੌਤੀ ਲੀਡਰਾਂ ਦੀਆਂ ਚਾਲਾਂ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਸੀ ਅਤੇ ਸਮਾਜ ਦੀਆਂ ਬੁਰਾਈਆਂ ਨੂੰ ਖਤਮ ਕਰਕੇ ਲੋਕਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਜਾਗਰੂਕ ਕਰਨਾ ਉਸ ਦੇ ਵਿਸ਼ੇਸ਼ ਗੁਣਾਂ ਵਿੱਚ ਸ਼ਾਮਲ ਸੀ।ਸ਼਼੍ਰੋਮਣੀ ਅਕਾਲੀ ਦਲ (ਅ) ਦੀ ਪੰਜਾਬ ਪੱਖੀ ਸੋਚ ਅਤੇ ਕਾਰਗੁਜ਼ਾਰੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਉਸ ਨੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਡੱਟ ਕੇ ਹਮਾਇਤ ਕੀਤੀ।ਮਾਨ ਨੇ ਕਿਹਾ ਕਿ ਦੀਪ ਸਿੱਧੂ ਵਲੋਂ ਚਲਾਈ ਜਾਗਰੂਕਤਾ ਦੀ ਲੋਕ ਲਹਿਰ ਕੁੱਝ ਲੋਕਾਂ ਨੂੰ ਰਾਸ ਨਹੀਂ ਸੀ ਆ ਰਹੀ।ਇਸੇ ਦੌਰਾਨ ਹੀ ਉਸ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਜਾਂਦੀ ਹੈ।ਪੁਲਿਸ ਅਤੇ ਸਰਕਾਰਾਂ ਅੱਜ ਵੀ ਉਸਦੇ ਮੌਤ ਦੇ ਕਾਰਨਾਂ ਦੀ ਅਸਲ ਸੱਚਾਈ ਪਤਾ ਕਰਨ ਵਿੱਚ ਨਾਕਾਮ ਰਹੀਆਂ ਹਨ।
ਮਾਨ ਨੇ ਕਿਹਾ ਕਿ ਕਿਹਾ ਕਿ ਦੀਪ ਸਿੰਘ ਸਿੱਧੂ ਦੀ ਮੌਤ ਨਾਲ ਸਮੁੱਚੀ ਸਿੱਖ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਮਾਨ ਨੇ ਸਿੱਧੂ ਮੂਸੇਵਾਲਾ ਨੂੰ ਵੀ ਪੰਥ ਪੱਖੀ ਸੋਚ ਵਾਲਾ ਆਗੂ ਦੱਸਿਆ।ਇੱਕ ਹੋਰ ਸਵਾਲ ਦੇ ਜਵਾਬ ਵਿੱਚ ਐਮ.ਪੀ ਮਾਨ ਨੇ ਕਿਹਾ ਕਿ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਦਾ ਸੁਪਨਾ ਇਸ ਧਰਤੀ ਨੂੰ ਪੜ੍ਹਾਈ ਦਾ ਮੁੱਖ ਕੇਂਦਰ ਬਣਾਉਣਾ ਸੀ।ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਪਾਰਟੀ ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ, ਪੀ.ਏ.ਸੀ ਮੈਂਬਰ. ਬਹਾਦਰ ਸਿੰਘ ਭਸੌੜ, ਜਿਲ੍ਹਾ ਸੰਗਰੂਰ ਪ੍ਰਧਾਨ ਹਰਜੀਤ ਸਿੰਘ ਸੰਜੂਮਾਂ, ਜਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਹਰਦੇਵ ਸਿੰਘ ਕਲਿਆਣ ਪ੍ਰਧਾਨ ਮਾਲੇਰਕੋਟਲਾ, ਗੁਮਦੂਰ ਸਿੰਘ ਖਹਿਰਾ, ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰਪਾਲ ਕੌਰ, ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ, ਗੁਰਜੰਟ ਸਿੰਘ ਦੁੱਗਾਂ ਮੈਂਬਰ ਅਕਾਲ ਕਾਲਜ ਕੌਂਸਲ ਸਮੇਤ ਪਾਰਟੀ ਦੇ ਆਗੂ ਅਤੇ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਾਜਰ ਸੀ।