Friday, April 26, 2024

ਕੈਪਟਨ ਵੱਲੋਂ ਕੰਦੂਖੇੜਾ ਸਮੇਤ 55 ਪਿੰਡਾਂ ਦੇ ਬਚਾਅ ਦਾ ਸਿਹਰਾ ਗੁਸਤਾਖ਼ ਭਾਸ਼ਾ ਸਿਰ ਬੰਨ੍ਹਣਾ ਹਾਸੋਹੀਣਾ-ਮਜੀਠੀਆ

ਗਾਲ੍ਹ-ਮੰਦਾ ਕਰਕੇ ਕੈਪਟਨ ਨੇ ਚੰਡੀਗੜ੍ਹ ਨੂੰ ਪੰਜਾਬ ‘ਚ ਸ਼ਾਮਿਲ ਕਿਉਂ ਨਾ ਕਰਵਾ ਲਿਆ?

PPN170423

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੰਦੂਖੇੜਾ ਪਿੰਡਾਂ ਵਰਗੇ ਪੰਜਾਬੀ ਬੋਲਦੇ ਇਲਾਕਿਆਂ ਦਾ ਪੰਜਾਬ ਵਿੱਚ ਰਲੇਵੇਂ ਦਾ ਸਿਹਰਾ ਆਪਣੀ ਬੋਲ-ਬਾਣੀ ਦੇ ਗ਼ੁਸਤਾਖ ਲਹਿਜ਼ੇ ਸਿਰ ਬੰਨ੍ਹਣ ਦੀ ਖਿੱਲੀ ਉਡਾਉਂਦਿਆਂ ਕਿਹਾ ਹੈ ਕਿ ਪੂਰੀ ਦੁਨੀਆਂ ਜਾਣਦੀ ਹੈ ਕਿ ਮਾਲਵਾ ਪੱਟੀ ਦੇ ੫੫ ਪੰਜਾਬੀ ਬੋਲਦੇ ਪਿੰਡ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬੀਆਂ ਦੇ ਜ਼ਬਰਦਸਤ ਸੰਘਰਸ਼ ਕਾਰਨ ਹਰਿਆਣਾ ਵਿੱਚ ਸ਼ਾਮਿਲ ਹੋਣ ਤੋਂ ਬਚਾਏ ਗਏ ਸਨ ਨਾ ਕਿ ਕੈਪਟਨ ਵਰਗੇ ਕਿਸੇ ਸ਼ੋਸ਼ੇਬਾਜ਼ ਆਗੂ ਦੀ ਮਿਹਰਬਾਨੀ ਸਦਕਾ।ਅੱਜ ਮਜੀਠਾ ਹਲਕੇ ਦੇ ਪਿੰਡ ਜਿੱਜੇਆਣੀ ਵਿੱਚ ਸ੍ਰੀ ਅਰੁਣ ਜੇਤਲੀ ਦੇ ਹੱਕ ਵਿੱਚ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ 1986 ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਰਨਾਲਾ ਸਰਕਾਰ ਸੀ ਜਦੋਂ ਕੰਦੂਖੇੜਾ ਪਿੰਡ ਦੇ ਵਾਸੀਆਂ ਨੇ ਆਪਣੀ ਮਾਤ-ਭਾਸ਼ਾ ਪੰਜਾਬੀ ਦਰਜ ਕਰਵਾ ਕੇ ਇਸ ਤੋਂ ਅਗਲੇ 54 ਪਿੰਡਾਂ ਨੂੰ ਹਰਿਆਣਾ ਵਿੱਚ ਜਾਣ ਤੋਂ ਬਚਾਇਆ ਸੀ। ਇਹ ਸਭ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਸਮੁੱਚੇ ਪੰਥ ਅਤੇ ਪੰਜਾਬੀਆਂ ਵੱਲੋਂ ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਲਈ ਵਿੱਢੇ ਗਏ ਲੰਬੇ ਸੰਘਰਸ਼ ਦਾ ਹੀ ਨਤੀਜਾ ਸੀ। ਮਜੀਠੀਆ ਨੇ ਕਿਹਾ ਕਿ ਅਬੋਹਰ-ਫ਼ਾਜ਼ਿਲਕਾ ਤਹਿਸੀਲਾਂ ਦੇ ਇਨ੍ਹਾਂ ਪੰਜਾਬੀ ਬੋਲਦੇ ਪਿੰਡਾਂ ਸਬੰਧੀ ਸੰਘਰਸ਼-ਪੂਰਨ ਜਿੱਤ ਦਾ ਸਿਹਰਾ ਪੰਜਾਬੀਆਂ ਜਾਂ ਅਕਾਲੀ ਦਲ, ਜਿਸਦੇ ਕੈਪਟਨ ਉਸ ਵਕਤ ਮੈਂਬਰ ਸਨ, ਨੂੰ ਨਾ ਦੇ ਕੇ ਬਦੋਬਦੀ ਆਪਣੇ ਸਿਰ ਬੰਨ੍ਹ ਲੈਣਾ ਕੈਪਟਨ ਦੇ ਹੋਛੇਪਣ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ, ਕਪੂਰੀ ਦੇ ਮੋਰਚੇ, ਧਰਮ-ਯੁੱਧ ਮੋਰਚੇ ਅਤੇ ਹੋਰ ਅਕਾਲੀ ਸੰਘਰਸ਼ਾਂ ਦਾ ਇਤਿਹਾਸ ਅੱਜ ਮੌਜੂਦ ਨਾ ਹੁੰਦਾ ਤਾਂ ਕੈਪਟਨ ਅਮਰਿੰਦਰ ਸਿੰਘ ਪਤਾ ਨਹੀਂ ਹੋਰ ਕੀ-ਕੀ ਕੁਫ਼ਰ ਤੋਲਦਾ। ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਤਿਹਾਸ ਦਾ ”ਭੁਲੱਕੜ ਵਿਦਿਆਰਥੀ” ਕਰਾਰ ਦਿੰਦਿਆਂ ਕਿਹਾ ਕਿ ਲੋਕ ਜਾਣਦੇ ਹਨ ਕਿ ਅਜਿਹੀਆਂ ਜਿੱਤਾਂ ਕਿਸੇ ਇੱਕ ਸ਼ੋਸ਼ੇਬਾਜ ਸਿਆਸੀ ਆਗੂ ਦੀ ਬਦੌਲਤ ਨਹੀਂ ਸਗੋਂ ਲੋਕ-ਸੰਘਰਸ਼ਾਂ ਦੇ ਬਲਬੂਤੇ ਹੀ ਮਿਲਦੀਆਂ ਹਨ। ਖ਼ਾਸ ਕਰਕੇ ਜਦੋਂ ਅਜਿਹਾ ਆਗੂ ਅਜਿਹੀ ਪ੍ਰਾਪਤੀ ਨੂੰ ਆਪਣੀ ਗ਼ੁਸਤਾਖ਼ ਭਾਸ਼ਾ ਜਾਂ ਬਦਜ਼ੁਬਾਨੀ ਦਾ ਨਤੀਜਾ ਦੱਸਦਾ ਹੈ ਤਾਂ ਸਮਝਦਾਰ ਲੋਕ ਉਸ ਦੀ ਸਮਝ ਉਪਰ ਹੱਸ ਹੀ ਸਕਦੇ ਹਨ।ਇਸੇ ਦੌਰਾਨ ਸ: ਮਜੀਠੀਆ ਨੇ ਪਿੰਡ ਹਮਜ਼ਾ, ਅਠਵਾਲ, ਟਰਪੱਈ ਅਤੇ ਬੁਰਜ ਨੌ-ਆਬਾਦਾਂ ਵਿਖੇ ਵੀ ਭਰਵੀਆਂ ਮੀਅਿੰਗਾਂ ਨੂੰ ਸੰਬੋਧਨ ਕੀਤਾ।ਇਨ੍ਹਾਂ ਚੋਣ ਜਲਸਿਆਂ ਵਿੱਚ ਮਜੀਠੀਆ ਦੇ ਨਾਲ ਸੰਤੋਖ ਸਿੰਘ ਸਮਰਾ, ਤਲਬੀਰ ਸਿੰਘ ਗਿੱਲ, ਹਰਭਜਨ ਸਿੰਘ ਸਪਾਰੀਵਿੰਡ, ਬਲਬੀਰ ਸਿੰਘ ਚੰਦੀ, ਜੋਧ ਸਿੰਘ ਸਮਰਾ, ਪ੍ਰੋ: ਸਰਚਾਂਦ ਸਿੰਘ, ਲਖਵਿੰਦਰ ਸਿੰਘ ਬਾਜਵਾ, ਗਗਨਦੀਪ ਸਿੰਘ ਭਕਨਾ,ਗੋਪਾਲ ਸਿੰਘ, ਕੇਵਲ ਸਿੰਘ, ਬਲਹਾਰ ਸਿੰਘ, ਤਰਲੋਕ ਸਿੰਘ, ਦਲਬੀਰ ਸਿੰਘ, ਪ੍ਰਿੰਸ, ਸੁਖਦੇਵ ਸਿੰਘ ਅਤੇ ਬੱਬੀ ਭੰਗਵਾਂ ਆਦਿ ਵੀ ਮੌਜੂਦ ਸਨ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply