ਨਵੀਂ ਦਿੱਲੀ, 25 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 22 ਅਪ੍ਰੈਲ 2006 ਨੂੰ ਮੁੰਬਈ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਦੇ ਦੋਸ਼ੀ ਜਰਨਲ ਆਰ.ਐਸ. ਦਿਆਲ ਨੂੰ ਸਨਮਾਨਿਤ ਕੀਤੇ ਜਾਣ ਦੀ ਖਬਰ ਦਾ ਖੁਲਾਸਾ ਹੋਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਮਰਿੰਦਰ ਤੇ ਕੌਮ ਦੀ ਪਿੱਠ ‘ਚ ਛੁਰਾ ਮਾਰਨ ਦਾ ਆਰੋਪ ਲਗਾਇਆ ਹੈ। ਆਲ ਇੰਡੀਆਂ ਸਿੱਖ ਸਟੁਡੈਂਟ ਫੈਡਰੇਸ਼ਨ ਦੇ ਕਰਨੈਲ ਸਿੰਘ ਪੀਰ ਮੁੰਹਮਦ ਵਲੋਂ ਕੀਤੇ ਗਏ ਖੁਲਾਸੇ ਤੇ ਆਪਣਾ ਪ੍ਰਤਿਕ੍ਰਮ ਦਿੰਦੇ ਹੋਏ ਜੀ.ਕੇ. ਨੇ ਅਮਰਿੰਦਰ ਨੂੰ ਕਾਤਿਲਾਂ ਦਾ ਯਾਰ ਅਤੇ ਕੌਮ ਦਾ ਗੱਦਾਰ ਵੀ ਐਲਾਨਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਅਮਰਿੰਦਰ 1984 ‘ਚ ਸ੍ਰੀ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਿਆਸੀ ਅਹੁਦਿਆਂ ਤੋਂ ਅਸਤਿਫ਼ਾ ਦੇ ਕੇ ਪੰਥਪ੍ਰਸਤ ਹੋਣ ਦਾ ਦਾਅਵਾ ਕਰਦੇ ਹਨ ਤੇ ਦੂਜੇ ਪਾਸੇ ਇਸ ਕਾਰਜ ਦੇ ਜ਼ਿਮੇਵਾਰ ਜਰਨੈਲ ਨੂੰ ਸਨਮਾਨਿਤ ਕਰਕੇ ਉਹ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਅਮਰਿੰਦਰ ਨੂੰ ਸਿੱਖ ਵਿਰੋਧੀ ਕਰਾਰ ਦਿੰਦੇ ਹੋਏ ਜੀ.ਕੇ. ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਸ ਮਸਲੇ ਤੇ ਅਮਰਿੰਦਰ ਨੂੰ ਤਲਬ ਕਰਨ ਦੀ ਵੀ ਅਪੀਲ ਕੀਤੀ ਹੈ। ਜੀ.ਕੇ. ਨੇ ਆਰੋਪ ਲਗਾਇਆ ਕਿ ਅਮਰਿੰਦਰ ਨੈਤਿਕਤਾ, ਧਰਮ ਅਤੇ ਸਿਆਸਤ ਵਿਚ ਤਾਲਮੇਲ ਬਿਠਾਉਣ ਵਿਚ ਪੂਰੀ ਤਰ੍ਹਾਂ ਫੇਲ ਰਹੇ ਹਨ ਅਤੇ ਉਨਾਂ ਦਾ ਮੁੱਖ ਟੀਚਾ ਘੜਿਆਲੀ ਅਥਰੂ ਵਹਾਂ ਕੇ ਸਿਰਫ਼ ਕੁਰਸੀ ਦਾ ਨਿੱਘ ਪ੍ਰਾਪਤ ਕਰਨ ਦਾ ਰਿਹਾ ਹੈ, ਪਰ ਪੰਜਾਬ ਦੀ ਜਾਗਰੂਕ ਜਨਤਾ ਨੇ ਵਿਧਾਨ ਸਭਾ ਚੋਣਾਂ ਵਿਚ ਉਨਾਂ ਨੂੰ ਨਕਾਰ ਕੇ ਆਪਣਾ ਫਤਵਾ ਸੁਨਾ ਦਿੱਤਾ ਸੀ ਤੇ ਹੁਣ ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਕਾਂਗਰਸੀ ਉਮੀਦਵਾਰ ਅਮਰਿੰਦਰ ਦੇ ਕਾਤਿਲਾ ਦੇ ਸਹਿਯੋਗੀ ਰਹਿਣ ਦੇ ਹੋਏ ਖੁਲਾਸੇ ਤੋਂ ਬਾਅਦ ਜਮਾਨਤਾਂ ਬਚਾਉਣ ਨੂੰ ਵੀ ਔਖੇ ਹੋ ਜਾਣਗੇ। ਉਨ੍ਹਾਂ ਨੇ ਜਗਦੀਸ਼ ਟਾਈਟਲਰ ਨੂੰ ਬੇਕਸੂਰ ਦੱਸਣ ਵਾਲੇ ਬਿਆਨ ਦਾ ਹਵਾਲਾ ਦਿੰਦੇ ਹੋਏ ਜਨਰਲ ਦਿਆਲ ਨੂੰ ਸਨਮਾਨ ਕਰਨ ਨੂੰ ਵੀ ਇਸੇ ਕੜੀ ਦਾ ਦੂਜਾ ਪੱਖ ਵੀ ਦੱਸਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …