ਅੰਮ੍ਰਤਸਰ, 7 ਜੁਲਾਈ (ਸੁਖਬੀਰ ਸਿੰਘ)-ਹਰਿਆਣਾ ਵਿਚਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਭੁਪਿੰਦਰ ਹੁਡਾ ਵਲੋਂ ਬੀਤੇ ਰੋਜ ਕੈਥਲ ਵਿਚ ਇਕ ਸੰਮੇਲਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਐਲਾਨ ਕੇ ਹਰਿਆਣਾ ਦੇ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਨਾਲੋਂ ਤੋੜਨ ਦੀ ਸਾਜ਼ਿਸ਼ ਰਚੀ ਹੈ।ਇਹ ਵਿਚਾਰ ਅੰਮ੍ਰਿਤਸਰ ਨਗਰ ਨਿਗਮ ਦੀ ਵਾਰਡ 42 ਤੋਂ ਕੌਂਸਲਰ ਮਨਮੋਹਨ ਸਿੰਘ ਟੀਟੂ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਹੇ। ਉਨ੍ਹਾਂ ਕਿਹਾ ਕਿ ੮੪ ਸਿੱਖ ਨਸਲਕੁਸ਼ੀ ਦੀ ਜਿੰਮੇਵਾਰ ਕਾਂਗਰਸ ਪਾਰਟੀ ਨੇ ਹਮੇਸ਼ਾਂ ਸਿੱਖ ਕੌਮ ਨੂੰ ਕਮਜ਼ੋਰ ਕਰਨ ਲਈ ਸਮੇਂ-ਸਮੇਂ ਤੇ ਸਾਜ਼ਿਸ਼ਾਂ ਰਚੀਆਂ ਹਨ ਜਿਸ ਦੀ ਤਾਜ਼ਾ ਮਿਸਾਲ ਹੁਡਾ ਕੀਤੇ ਗਏ ਐਲਾਨ ਤੋਂ ਸਪਸ਼ਟ ਹੁੰਦੀ ਹੈ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਲੋਂ ਇਸ ਸੰਮੇਲਨ ਵਿਚ ਸ਼ਿਰਕਤ ਦੱਸਦੀ ਹੈ ਕਿ ਇਹ ਸਮੂਚੀ ਕਾਂਗਰਸ ਪਾਰਟੀ ਦੀ ਗਿਣੀ ਮਿਥੀ ਚਾਲ ਹੀ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਜੋ ਕਿ ਦੇਸ਼ ਦੇ ਸਿੱਖਾਂ ਵਲੋਂ ਵੱਡੀਆਂ ਕੁਰਬਾਨੀਆਂ ਦੇ ਕੇ ਹੋਂਦ ਵਿਚ ਲਿਆਂਦਾ ਹੈ ਤਹਿਤ ਕਿਸੇ ਵੀ ਰਾਜ ਦੀ ਮੌਜੂਦਾ ਸਰਕਾਰ ਇਸ ਵਿਚ ਦਖ਼ਲ-ਅੰਦਾਜ਼ੀ ਨਹੀਂ ਕਰ ਸਕਦੀ। ਪਰ ਹੁਡਾ ਵਲੋਂ ਸਿਆਸੀ ਮੁਫ਼ਾਦ ਲਈ ਚੰਦ ਕੁ ਕਾਂਗਰਸੀ ਦੇ ਪਿੱਠੂ, ਅਖੌਤੀ ਸਿੱਖਾਂ ਨੂੰ ਅੱਗੇ ਲਾ ਕੇ ਸਿੱਖ ਕੌਮ ਵਿਚ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਬਹੁਤ ਹੀ ਨਿੰਦਣ ਯੋਗ ਕਾਰਵਾਈ ਹੈ। ਇਸ ਕਾਰਵਾਈ ਨਾਲ ਸਮੁੱਚੇ ਸਿੱਖ ਜਗਤ ਉਪਰ ਕਾਂਗਰਸ ਪਾਰਟੀ ਵਲੋਂ ਦਿੱਤੇ ਪੁਰਾਣੇ ਜ਼ਖ਼ਮਾਂ ਤੇ ਲੂਣ ਛਿੜਕਿਆ ਹੈ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …