7 ਅਗਸਤ ਨੂੰ ਸਾਲਾਨਾ ਜੋੜ ਮੇਲੇ ’ਤੇ ਵਿਸ਼ੇਸ਼
ਇਹ ਅਸਥਾਨ ਸਮਰਾਲਾ ਬਹਿਲੋਲਪੁਰ ਸੜਕ ’ਤੇ ਸਹਿਰ ਸਮਰਾਲਾ ਤੋਂ 10 ਕੁ ਕਿਲੋਮੀਟਰ ਅਤੇ ਸਰਹੰਦ ਨਹਿਰ ਦੇ ਕਿਨਾਰੇ ਕਿਨਾਰੇ ਜਾਂਦੀ ਰੋਪੜ ਦੋਰਾਹਾ ਸੜਕ ਤੋਂ ਕੁੱਝ ਕੁ ਮੀਟਰ ਦੀ ਦੂਰੀ ’ਤੇ ਸਥਿਤ ਹੈ, ਜਿਸ ਨੂੰ ਖਾਲਸਾ ਪੰਥ ਦੇ ਸਿਰਜਕ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ।ਸੰਨ 1704 ਵਿਚ ਜੁਲਮੀ ਕਹਿਰ ਦੇ ਵਿਰੁੱਧ ਲੜਦੇ ਹੋਏ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਵਿਚੋਂ ਸਾਹਿਬਜਾਦਿਆਂ ਦੀ ਸਹੀਦੀ ਉਪਰੰਤ ਪੰਜ ਪਿਆਰੇ ਸਹਿਬਾਨ ਦਾ ਹੁਕਮ ਮੰਨਦੇ ਹੋਏ ਕਲਗੀ ਭਾਈ ਸੰਗਤ ਸਿੰਘ ਨੂੰ ਸੌਪ ਕੇ ਪੋਹ ਮਹੀਨੇ ਦੀ ਠੰਢੀ ਠਾਰ ਰਾਤ ਵਿਚ ਚਲ ਕੇ ਪਿੰਡ ਚੂਹੜਪੁਰ ਵਿਖੇ ਇੱਕ ਝਾੜ ਹੇਠਾਂ ਆਰਾਮ ਕੀਤਾ।ਇਥੇ ਹੀ ਗੁਰੂ ਸਾਹਿਬ ਨੇ ਆਪਣੇ ਇਕ ਅਨਿਨ ਸਾਧੂ ਨੂੰ ਦਰਸ਼ਨ ਦੇ ਕੇ ਉਸ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਅਤੇ ਉਸ ਦਾ ਜੀਵਨ ਸਫਲ ਕੀਤਾ।
ਇਸ ਅਸਥਾਨ ਪੁਰ ਦਸਮੇਸ਼ ਪਿਤਾ ਜੀ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਝਾੜ ਸਾਹਿਬ ਦੀ ਆਲੀਸ਼ਾਨ ਇਮਾਰਤ ਸੁਸ਼ੋਭਿਤ ਹੈ।ਇਸ ਗੁਰੂ ਘਰ ਦੀ ਸ਼ਾਨਦਾਰ ਸਫੈਦ ਇਮਾਰਤ ਹੈ, ਜੋ ਬੁਲੰਦ ਨਿਸ਼ਾਨ ਸਾਹਿਬ ਕਾਰਨ ਦੂਰ ਤੋਂ ਹੀ ਨਜ਼ਰ ਆਉਂਦੀ ਹੈ।ਇਸ ਅਸਥਾਨ ਦੀ ਸੇੇਵਾ ਸੰਤ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆ ਦੁਆਰਾ ਆਪਣੇ ਹੱਥੀਂ ਕਰਵਾਈ ਅਤੇ ਲੰਮਾਂ ਸਮਾਂ ਇਲਾਕਾ ਨਿਵਾਸੀਆਂ ਨੂੰ ਗੁਰਬਾਣੀ, ਸਿਮਰਨ ਅਤੇ ਸੇਵਾ ਨਾਲ ਜੋੜਿਆ।ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਅਸਥਾਨ ਤੇ ਸੰਸਾਰ ਵਿਚੋਂ ਲੱਖ ਸ਼ਰਧਾਲੂ ਪੁੱਜਦੇ ਹਨ ਅਤੇ ਨਮਸਕਾਰ ਕਰਕੇ ਆਪਣਾ ਜੀਵਨ ਸਫਲ ਕਰਦੇ ਹਨ।ਇਸ ਗੁਰਦੁਆਰਾ ਸਾਹਿਬ ਵਿਖੇ ਹਰ ਮਹੀਨੇ ਸੰਗਰਾਂਦ ਦੇ ਦਿਹਾੜੇ ਤੇ ਭਾਰੀ ਜੋੜ ਮੇਲਾ ਲੱਗਦਾ ਹੈ।ਉਂਜ ਵੀ ਹਰ ਸਮੇਂ ਨਤਮਸਤਕ ਹੋਣ ਵਾਲੀਆਂ ਸੰਗਤਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ।ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ੍ਰੋਮਣੀ ਕਮੇਟੀ ਸ੍ਰੀ ਅੰਮਿ੍ਰਤਸਰ ਸਾਹਿਬ ਦੇ ਅਧੀਨ ਹੈ।ਬਾਬਾ ਪਿਆਰਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਸ ਪਾਵਨ ਪਵਿੱਤਰ ਅਸਥਾਨ ’ਤੇ ਹਰ ਸਾਲ ਅਗਸਤ ਮਹੀਨ ’ਚ ਵਿਸ਼ਾਲ ਸਾਲਾਨਾ ਜੋੜ ਮੇਲਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਮਨਾਇਆ ਜਾਂਦਾ ਹੈ, ਜਿਥੇ ਸੰਤ ਮਹਾਂਪੁਰਸ, ਉੱਚ ਕੋਟੀ ਦੇ ਰਾਗੀ, ਢਾਡੀ ਕਵੀਸ਼ਰ, ਪ੍ਰਚਾਰਕ ਤੇ ਕਥਾਵਾਚਕ ਪਹੁੰਚਦੇ ਹਨ, ਜੋ ਕਥਾਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਦੇ ਹਨ।ਗੁਰਦੁਆਰਾ ਸਾਹਿਬ ਦੇ ਨਜਦੀਕ ਹੀ ਲੰਗਰ ਹਾਲ ਦੀ ਵਿਸ਼ਾਲ ਇਮਾਰਤ ਹੈ, ਜਿੱਥੇ ਸੰਗਤਾਂ ਨੂੰ ਗੁਰੂ ਕਾ ਲੰਗਰ ਛਕਾਇਆ ਜਾਂਦਾ ਹੈ।ਕਮੇਟੀ ਵੱਲੋਂ ਸੰਗਤਾਂ ਦੇ ਠਹਿਰਨ ਲਈ ਵੀ ਇਸ ਅਸਥਾਨ ’ਤੇ ਢੁਕਵੇਂ ਪ੍ਰਬੰਧ ਕੀਤੇ ਹੋਏ ਹਨ।ਸ੍ਰੋਮਣੀ ਕਮੇਟੀ ਸ੍ਰੀ ਅੰਮਿ੍ਰਤਸਰ ਸਾਹਿਬ ਨੂੰ ਇਲਾਕਾ ਨਿਵਾਸੀਆਂ ਵੱਲੋਂ ਸੌਪਿਆ ਲੜਕੀਆਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵੀ ਕੁੱਝ ਕੁ ਮੀਟਰ ਦੀ ਦੂਰੀ ’ਤੇ ਸਥਿਤ ਹੈ।ਇਸ ਅਸਥਾਨ ਪੁਰ ਵਿਸ਼ਰਾਮ ਕਰਨ ਤੋਂ ਬਾਅਦ ਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਵਿਚ ਜਾ ਪਹੁੰਚੇ, ਜਿੱਥੇ ਗੁਰਦੁਆਰਾ ਚਰਨ ਕੰਵਲ ਸਾਹਿਬ ਸੁਸ਼ੋਭਿਤ ਹੈ।
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ
ਜਿਲਾ ਲੁਧਿਆਣਾ।
ਮੋਬਾ – 9876322677