Sunday, September 8, 2024

ਡੀ.ਸੀ ਡਾ. ਬਸੰਤ ਗਰਗ ਵੱਲੋਂ ਬਲਾਕ ਫੂਲ ਦੇ ਪਿੰਡ ਹਰਨਾਮ ਸਿੰਘ ਵਾਲਾ ਵਿਖੇ ਕੀਤੀ ਗਈ ਸ਼ੁਰੂਆਤ      

PPN140703
ਬਠਿੰਡਾ, 14  ਜੁਲਾਈ (ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਵੱਲੋਂ ਬਜ਼ੁਰਗ, ਵਿਧਵਾਵਾਂ, ਨਿਆਸ਼ਰਿਤ ਬੱਚੇ ਅਤੇ ਅਪੰਗ ਵਿਅਕਤੀਆਂ ਵੱਲੋ ਮਹੀਨਾਵਾਰ ਮੁਹੱਈਆ ਕਰਵਾਈ ਜਾ ਰਹੀ ਪੈਨਸ਼ਨ ਦੀ ਜ਼ਿਲ੍ਹਾ ਬਠਿੰਡਾ ਵਿੱਚ ਇਲੈਕਟ੍ਰਾਨਿਕ ਬਾਇਓਮੈਟ੍ਰਿਕ ਟ੍ਰਾਂਸਫਰ (ਈ.ਬੀ.ਟੀ) ਦੀ ਆਧੁਨਿਕ ਵਿਧੀ ਰਾਹੀਂ ਵੰਡ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਿਧੀ ਰਾਹੀਂ ਪੈਨਸ਼ਨ ਵੰਡਣ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਵੱਲੋਂ ਬਲਾਕ ਫੂਲ ਦੇ ਪਿੰਡ ਹਰਨਾਮ ਸਿੰਘ ਵਾਲਾ ਵਿਖੇ ਕੀਤੀ ਗਈ।
ਇਸ ਮੌਕੇ ਡਾ. ਬਸੰਤ ਗਰਗ ਨੇ ਕਿਹਾ ਕਿ ਇਲੈਕਟ੍ਰਾਨਿਕ ਬਾਇਓਮੈਟ੍ਰਿਕ ਟ੍ਰਾਂਸਫਰ ਦੀ ਇਹ ਆਧੁਨਿਕ ਨਵੀਂ ਵਿਧੀ ਪੈਨਸ਼ਨ ਲਾਭਪਾਤਰੀਆਂ ਲਈ ਬਹੁਤ ਲਾਭਕਾਰੀ ਸਿੱਧ ਹੋਵੇਗੀ ਕਿਉਂਕਿ ਇਹ ਬਹੁਤ ਹੀ ਸਰਲ ਵਿਧੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਿਧੀ ਰਾਹੀਂ ਬੋਗਸ ਅਤੇ ਅਯੋਗ ਲਾਭਪਾਤਰੀਆਂ ਦੀ ਛਾਂਟੀ ਹੋਣੀ ਸੰਭਵ ਹੈ। ਉਨ੍ਹਾਂ ਦੱਸਿਆ ਕਿ ਈ.ਬੀ.ਟੀ ਵਿਧੀ ਰਾਹੀਂ ਪੈਨਸ਼ਨ ਦੀ ਵੰਡ ਲਈ ਇਸ ਮਹੀਨੇ ਬਲਾਕ ਫੂਲ ਅਤੇ ਭਗਤਾ ਨੂੰ ਹੀ ਕਵਰ ਕੀਤਾ ਗਿਆ ਹੈ ਜਦੋਂਕਿ  ਮਹੀਨਾ ਮਈ-2014  ਦੀ ਪੈਨਸ਼ਨ ਦੀ ਵੰਡ ਤੋਂ ਸਾਰੇ ਜ਼ਿਲ੍ਹੇ ਅੰਦਰ ਹੀ ਇਸ ਆਧੁਨਿਕ ਵਿਧੀ ਨਾਲ ਇਹ ਵੰਡ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਿਧੀ ਤਹਿਤ ਬੈਂਕ ਵੱਲੋਂ ਲਾਭਪਾਤਰੀਆਂ ਦੇ ਫਿੰਗਰ ਪ੍ਰਿੰਟ ਲੈ ਕੇ ਬੈਂਕ ਖਾਤਾ ਖੋਲ੍ਹਣ ਉਪਰੰਤ ਪੈਨਸ਼ਨ ਧਾਰਕਾਂ ਨੂੰ ਮੁਫਤ ਸਮਾਰਟ ਕਾਰਡ ਜਾਰੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦਾ ਨੁਮਾਇੰਦਾ ਨਗਦ ਰਾਸ਼ੀ ਅਤੇ ਇੱਕ ਮਸ਼ੀਨ ਲੈ ਕੇ ਪਿੰਡ-ਪਿੰਡ ਜਾਵੇਗਾ ਅਤੇ ਸਮਾਰਟ ਕਾਰਡ ਦੀ ਸ਼ਨਾਖਤ ਅਨੁਸਾਰ ਪੈਨਸ਼ਨ ਦਾ ਭੁਗਤਾਨ ਕਰੇਗਾ।  ਉਨ੍ਹਾਂ ਦੱਸਿਆ ਕਿ 500-600 ਲਾਭਪਾਤਰੀਆਂ ਪਿੱਛੇ ਇੱਕ ਬੈਂਕ ਦਾ ਏਜੰਟ ਹੋਵੇਗਾ ਜੋ ਪੈਨਸ਼ਨ ਪਿੰਡ ਵਿੱਚ ਜਾ ਕੇ ਪੈਨਸ਼ਨ ਵੰਡੇਗਾ। ਡਿਪਟੀ ਡਾਇਰੈਕਟਰ, ਸਮਾਜਿਕ ਸੁਰੱਖਿਆ ਵਿਭਾਗ ਸ੍ਰੀ ਹਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ 94383 ਬਜ਼ੁਰਗ, ਵਿਧਵਾਵਾਂ, ਨਿਆਸ਼ਰਿਤ ਬੱਚੇ ਅਤੇ ਅਪੰਗ ਵਿਅਕਤੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਹੀਨਾਵਾਰ ੨੫੦ ਰੁਪਏ ਪੈਨਸ਼ਨ ਦਿੱਤੀ ਜਾਂਦੀ ਹੈ। ਪੈਨਸ਼ਨ ਪੇੰਡੂ ਖੇਤਰਾਂ ਵਿੱਚ ਸਰਪੰਚਾ ਵੱਲੋਂ ਨਗਦ ਵੰਡੀ ਜਾਂਦੀ ਹੈ ਅਤੇ ਸ਼ਹਿਰੀ ਖੇਤਰ ਦੇ ਲਾਭਪਾਤਰੀਆਂ ਨੂੰ ਬੈਂਕਾਂ ਦੇ ਖਾਤਿਆਂ ਰਾਹੀਂ ਇਹ ਪੈਨਸ਼ਨ ਵੰਡੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰ ਵਿੱਚ ਮਹੀਨਾ ਅਪ੍ਰੈਲ 2014 ਦੀ ਪੈਨਸ਼ਨ ਦੀ ਵੰਡ ਦੀ ਪ੍ਰਣਾਲੀ ਬਦਲ ਦਿੱਤੀ ਗਈ ਹੈ। ਇਸ ਮੌਕੇ ਐਸ.ਡੀ.ਐਮ ਰਾਮਪੁਰਾ-ਫੂਲ ਸ੍ਰੀ ਸਕੱਤਰ ਸਿੰਘ ਬੱਲ, ਬੀ.ਡੀ.ਪੀ.ਓ ਫੂਲ ਸ੍ਰੀਮਤੀ ਨੀਰੂ ਬਾਂਸਲ, ਸੀ.ਡੀ.ਪੀ.ਓ ਸ੍ਰੀ ਬਹਾਦਰ ਸਿੰਘ,ਆਈ.ਸੀ.ਆਈ ਸੀ.ਆਈ.ਬੈਂਕ ਦੇ ਅਧਿਕਾਰੀਆਂ   ਤੋਂ ਇਲਾਵਾ ਪਿੰਡ ਦੀ ਪੰਚਾਇਤ ਦੇ ਨੁਮਾਇੰਦੇ ਅਤੇ ੮੮ ਲਾਭਪਾਤਰੀ ਹਾਜ਼ਰ ਸਨ। 

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply