ਸਰਕਾਰੀ ਥਰਮਲਾਂ ਨੂੰ ਬੰਦ ਕਰਨ ਦੇ ਵਿਰੋਧ ਵਜੋਂ ਲਿਆ ਸਖਤ ਨੋਟਿਸ
ਸਮਰਾਲਾ, 27 ਦਸੰਬਰ (ਪੰਜਾਬ ਪੋਸਟ- ਕੰਗ) – ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਤੇ ਸਮਰਾਲਾ ਸਬ ਡਵੀਜ਼ਨ ਵੱਲੋਂ ਸਰਕਾਰੀ ਥਰਮਲਾ ਨੂੰ ਬੰਦ ਕਰਨ ਦੇ ਵਿਰੋਧ ਵਜੋਂ ਇੱਕ ਰੋਸ ਰੈਲੀ ਕੀਤੀ ਗਈ।ਸਬ-ਡਵੀਜ਼ਨ ਦੇ ਪ੍ਰਧਾਨ ਜਸਵੰਤ ਸਿੰਘ ਅਤੇ ਮਲਕੀਤ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਸਰਕਾਰੀ ਥਰਮਲਾਂ ਨੂੰ ਬੰਦ ਕਰਕੇ ਪ੍ਰਾਈਵੇਟ ਥਰਮਲਾਂ ਤੋਂ ਮਹਿੰਗੇ ਭਾਅ ਦੀ ਬਿਜਲੀ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਸਿਰ ਹੋਰ ਕਰਜ਼ੇ ਦੇ ਹੁੰਗਾਰੇ ਨੂੰ ਵਧਾ ਰਹੀ ਹੈ।ਬੁਲਾਰਿਆਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ 1 ਜਨਵਰੀ ਤੋਂ ਪੂਰਨ ਤੌਰ ਤੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਥਰਮਲ ਪਲਾਂਟ ਰੋਪੜ ਦੀਆਂ 2 ਯੂਨਿਟਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਇਥੇ ਜਿਕਰਯੋਗ ਹੈ ਕਿ ਬਠਿੰਡਾ ਥਰਮਲ ਪਲਾਂਟ ਦਾ ਨਵੀਨੀਕਰਨ ਕੀਤਾ ਹੋਇਆ ਹੈ ਜਿਸ ਕਰਕੇ ਇਹ ਥਰਮਲ ਪਲਾਂਟ 2029 ਤੱਕ ਬਿਜਲੀ ਦੇਣ ਦੇ ਸਮਰੱਥ ਹੈ ਪ੍ਰੰਤੂ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆ ਨੂੰ ਲਾਭ ਪਹੁੰਚਾਉਣ ਹਿੱਤ ਇਹਨਾਂ ਥਰਮਲਾਂ ਨੂੰ ਧੱਕੇ ਤੇ ਬੰਦ ਕਰਵਾਉਣ ਲਈ ਪੱਬਾਂ ਭਾਰ ਹੋਈ ਬੈਠੀ ਹੈ।ਸਰਕਾਰੀ ਥਰਮਲਾਂ ਦੀ ਲੱਗਭਗ 4 ਰੁਪਏ ਪ੍ਰਤੀ ਯੂਨਿਟ ਨੂੰ ਪਾਸੇ ਰੱਖ ਕੇ 18 ਰੁਪਏ ਪ੍ਰਤੀ ਯੂਨਿਟ ਖਰੀਦ ਰਹੀ ਹੈ।
ਆਗੂਆਂ ਨੇ ਦੱਸਿਆ ਪੰਜਾਬ ਸਰਕਾਰ ਇਹ ਸਭ ਕੁੱਝ ਬਿਜਲੀ ਐਕਟ 2003 ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਨ ਲੱਗੀ ਹੋਈ ਹੈ।ਜਿਸ ਕਰਕੇ ਵਧੇ ਕੰਮ ਦੇ ਭਾਰ ਮੁਤਾਬਿਕ ਪੱਕੀ ਭਰਤੀ ਨਹੀਂ ਕੀਤੀ ਜਾ ਰਹੀ, ਆਉਟ ਸੋਰਸਿੰਗ ਰਾਹੀਂ ਕਾਮਿਆਂ ਨੂੰ ਬਹੁਤ ਹੀ ਨਿਗੂਣੀ ਤਨਖਾਹ ਅਤੇ ਘੱਟ ਸਹੂਲਤਾਂ ਤੇ ਰੱਖਿਆ ਹੋਇਆ ਹੈ, ਮੁਲਾਜਮਾਂ ਦੀਆਂ ਛਾਟੀਆਂ ਕੀਤੀਆਂ ਜਾ ਰਹੀਆਂ ਹਨ, ਆਏ ਦਿਨ ਸੇਵਾ ਸ਼ਰਤਾਂ ਤਬਦੀਲ ਕੀਤੀਆਂ ਜਾ ਰਹੀਆਂ ਹਨ, ਆਗੂਆਂ ਨੂੰ ਵਿਕਟੇ ਮਾਈਜੇਸਨ ਤਹਿਤ ਡਿਸਮਿਸ ਕੀਤਾ ਜਾ ਰਿਹਾ ਹੈ।ਆਗੂਆਂ ਨੇ ਦੱਸਿਆ ਮੰਗਾ ਦੀ ਪੂਰਤੀ ਲਈ ਜੋਰਦਾਰ ਸੰਘਰਸ਼ ਕੀਤਾ ਜਾਵੇਗਾ।ਇਸ ਤੋਂ ਇਲਾਵਾ ਆਗੂਆ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਜਿੱਥੇ ਇਹਨਾਂ ਸਰਕਾਰੀ ਥਰਮਲਾਂ ਨੂੰ ਬੰਦ ਕਰਨ ਦੇ ਫੈਸਲੇ ਅਨੁਸਾਰ ਕੱਚੇ ਮੁਲਾਜਮਾਂ ਅਤੇ ਹੋਰ ਰੁਜ਼ਗਾਰ ਦੇ ਸੋਮੇ ਖਤਮ ਹੋਣੇ ਹਨ, ਉਥੇ ਪ੍ਰਾਈਵੇਟ ਥਰਮਲਾਂ ਤੋਂ ਮਹਿੰਗੀ ਬਿਜਲੀ ਖਰੀਦਣ ਨਾਲ ਬਿਜਲੀ ਦੇ ਭਾਅ ਵਧਣਗੇ ਅਤੇ ਆਮ ਲੋਕ ਜੋ ਕਿ ਪਹਿਲਾ ਹੀ ਬੇਰੁਜਗਾਰੀ ਅਤੇ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਉਤੇ ਹੋਰ ਵੀ ਬੰਲੋੜਾ ਵਜਨ ਵਧੇਗਾ।
ਆਗੂਆਂ ਨੇ ਕਾਂਗਰਸ ਸਰਕਾਰ ਨੂੰ ਕਰੜੇ ਹੱਥੀ ਲੈਂਦਿਆ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਸੱਤਾ `ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਪੂਰਨ ਤੌਰ ਤੇ ਕਿਸਾਨਾਂ ਦੇ ਕਰਜੇ ਮੁਆਫ ਕਰਨਾ, ਬੇਰੁਜ਼ਗਾਰਾਂ ਨੂੰ ਨਵੀਆਂ ਨੌਕਰੀਆਂ ਦੇਣਾ, ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਵਿਦਿਆਰਥੀਆਂ ਨੂੰ ਨਵੇਂ ਸਮਾਰਟ ਫੋਨ ਦੇਣ ਦੇ ਵਾਅਦੇੇ ਕੀਤੇ ਸਨ, ਪਰ ਕਾਂਗਰਸ ਸਰਕਾਰ ਸਾਰੇ ਵਾਅਦਿਆਂ ਨੂੰ ਭੁੱਲ ਕੇ ਨਿੱਜੀਕਰਨ ਵੱਲ ਲੱਗੀ ਹੋਈ ਹੈ। ਮੁਲਾਜਮਾਂ ਦੀਆਂ ਛਾਂਟੀਆਂ ਕਰਨ ਲੱਗੀ ਹੋਈ ਹੈ।ਵੋਟਾਂ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਦਿੱਤਾ ਬਿਆਨ ਕਿ ‘ਥਰਮਲ ਪਲਾਂਟ ਨੂੰ ਬੰਦ ਕਰਨ ਦੇ ਫੈਸਲੇ ਨਾਲ ਮੇਰੇ ਕਾਲਜੇ ’ਚੋਂ ਧੂਹ ਨਿਕਲਦੀ ਹੈ’।ਸੋ ਪੰਜਾਬ ਸਰਕਾਰ ਨੂੰ ਆਪਣੇ ਲੋਕ ਮਾਰੂ ਫੈਸਲਿਆਂ ਨੂੰ ਵਾਪਿਸ ਲੈ ਕੇ ਥਰਮਲਾਂ ਦਾ ਨਵੀਨੀਕਰਨ ਕਰਕੇ ਚਾਲੂ ਰੱਖਣਾ ਚਾਹੀਦਾ ਹੈ।ਇਸ ਲਈ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਦੇ ਇਹਨਾਂ ਫੈਸਲਿਆਂ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਕਨਵੀਨਰ ਸਿਕੰਦਰ ਸਿੰਘ, ਰਾਜਵੀਰ ਸਿੰਘ ਸਮਰਾਲਾ ਅਧਿਆਪਕ ਆਗੂ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ, ਜਸਵੰਤ ਸਿੰਘ ਢੰਡੇ, ਆਤਮਾ ਸਿੰਘ ਮੁਸ਼ਕਾਬਾਦ ਆਦਿ ਹਾਜਰ ਸਨ ਅਤੇ ਐਲਾਨ ਕੀਤਾ ਕਿ ਅਗਰ ਜਲਦੀ ਇਹ ਮੰਗਾਂ ਨਾ ਮੰਨੀਆਂ ਅਤੇ ਥਰਮਲ ਪਲਾਂਟ ਚਾਲੂ ਨਾ ਕੀਤੇ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।