ਕੋਈ ਸਮਾਂ ਸੀ ਜਦੋਂ ਖੇਤੀ ਨੂੰ ਉਤਮ, ਵਪਾਰ ਨੂੰ ਮੱਧਮ ਅਤੇ ਨੌਕਰੀ ਨੂੰ ਨਖਿੱਧ ਮੰਨਿਆ ਜਾਂਦਾ ਸੀ।ਇਸ ਦਾ ਭਾਵ ਇਹ ਹੈ ਕਿ ਖੇਤੀ ਕਰਨ ਵਾਲਿਆਂ ਨੂੰ ਸਮਾਜ ਦਾ ਖੁਸ਼ਹਾਲ ਵਰਗ ਮੰਨਿਆ ਜਾਂਦਾ ਸੀ ਅਤੇ ਇਸ ਕਿੱਤੇ ਨੂੰ ਬਾਕੀ ਸਾਰੇ ਕਿੱਤਿਆਂ ਤੋਂ ਉਚਾ ਦਰਜਾ ਦਿੱਤਾ ਜਾਂਦਾ ਸੀ।ਉਦੋਂ ਫਸਲਾਂ ਦੇ ਝਾੜ ਬੇਸ਼ੱਕ ਘੱਟ ਹੁੰਦੇ ਸਨ, ਇਸ ਦੇ ਬਾਵਜੂਦ ਖੇਤੀ ਕਰਨ ਵਾਲੇ ਰੱਜੇ-ਪੁੱਜੇ ਹੁੰਦੇ ਸਨ।ਉਹਨਾਂ ਸਮਿਆਂ ਵਿਚ ਖੇਤੀ ਕਰਨ ਵਾਲੇ ਮਿਹਨਤੀ, ਸਾਦੇ, ਸਬਰ ਵਾਲੇ, ਆਤਮ-ਨਿਰਭਰ, ਦਲੇਰ, ਹਿੰਮਤੀ, ਤਕੜੇ, ਮਸਤ ਰਹਿਣ ਵਾਲੇ ਅਤੇ ਥੋੜ੍ਹੇ ਵਿਚ ਜੀਣ ਵਾਲੇ ਸਨ।
ਉਹ ਦਿਖਾਵੇ ਅਤੇ ਖਰਚੇ ਦੀ ਥਾਂ ਵੱਧ ਮਿਹਨਤ, ਕਮਾਈ ਅਤੇ ਬੱਚਤ ਨਾਲ ਸ਼ਰੀਕੇ ਨੂੰ ਟੱਕਰ ਦਿੰਦੇ ਸਨ। ਇਹ ਰੋਅਬ ਅਤੇ ਹੈਂਕੜ ਵਾਲੇ ਨਹੀਂ ਬਲਕਿ ਅਣਖ਼ ਅਤੇ ਇੱਜ਼ਤ ਵਾਲੇ ਜੀਵਨ ਦੇ ਧਾਰਨੀ ਸਨ।ਧਰਤੀ ਅਤੇ ਆਸਮਾਨ ਤੇ ਨਿਰਭਰ ਹੋਣ ਕਾਰਨ ਖੇਤੀ ਕਰਨ ਵਾਲੇ ਸ਼ਾਨ ਅਤੇ ਨਿਮਰਤਾ ਦਾ ਸੁਮੇਲ ਸਨ ਕਿਉਂਕਿ ਧਰਤੀ ਤੇ ਨੰਗੇ ਪੈਰੀ ਜਾਂ ਤਾਂ ਗਰੀਬ ਤੁਰਦਾ ਹੈ ਜਾਂ ਖੇਤੀ ਕਰਨ ਵਾਲਾ ਅਤੇ ਆਪਣੀ ਜ਼ਮੀਨ ਤੇ ਤੁਰਨਾ ਸ਼ਾਨ ਵਾਲੀ ਗੱਲ ਹੈ।ਉਦੋਂ ਖੇਤੀ ਘਰੇਲੂ ਲੋੜਾਂ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਸੀ।ਘਰੇਲੂ ਖ਼ੱਪਤ ਦੀਆਂ ਵਸਤਾਂ ਘਰੇ ਰੱਖ ਕੇ ਬਾਕੀ ਵੇਚ ਵੱਟ ਲਿਆ ਜਾਂਦਾ ਸੀ, ਫਿਰ ਵੀ ਘਰਾਂ ਵਿਚ ਇਕ ਬਰਕਤ ਰਹਿੰਦੀ ਸੀ।ਗੁੜ, ਕਣਕ, ਮੱਕੀ, ਬਾਜਰਾ, ਛੋਲੇ, ਮੂੰਗੀ, ਮਾਂਹ ਆਦਿ ਖੇਤ ਦੀ ਉਪਜ ਦੁਆਲੇ ਖਾਣ ਪੀਣ ਕੇਂਦਰਤ ਸੀ।ਕਪਾਹ ਤੇ ਨਰਮਾ ਕੱਪੜਿਆਂ ਦੀ ਜਿਆਦਾਤਰ ਜ਼ਰੂਰਤ ਪੂਰੀ ਕਰ ਦਿੰਦੇ ਸੀ।ਉਦੋਂ ਘਰ, ਪਹਿਰਾਵਾ, ਖਾਣ ਪੀਣ ਆਦਿ ਸਾਦੇ ਸੀ ਭਾਵ ਖਰਚੇ ਘੱਟ ਸਨ।ਪੰਜਾਬ ਵਿਚ ਖੇਤੀ ਦਾ ਧੰਦਾ ਜੱਟਾਂ ਦੇ ਹੱਥਾਂ ਵਿਚ ਕੇਂਦਰਤ ਹੋਣ ਕਾਰਨ ਪੰਜਾਬੀ ਬੋਲੀਆਂ ਤੇ ਗੀਤਾਂ ਵਿਚ ਜੱਟ ਸ਼ਬਦ ਦੀ ਵਰਤੋਂ ਇਸ ਕਿੱਤੇ ਦੇ ਖਾਸ ਰੁਤਬੇ ਦਾ ਪ੍ਰਮਾਣ ਰਿਹਾ ਹੈ।ਅੱਜ ਖੇਤੀ ਕਰਨ ਵਾਲਿਆਂ ਨੂੰ ਜੱਟ ਕਹਿਣ ਦੀ ਥਾਂ ਕਿਸਾਨ ਕਹਿਣਾ ਵਧੇਰੇ ਉਚਿਤ ਲੱਗਦਾ ਹੈ ਕਿਉਂਕਿ ਜੱਟ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਅਤੇ ਕਿਸਾਨ ਮੰਦਹਾਲੀ ਦਾ ਸ਼ਿਕਾਰ ਹੈ।ਇਸ ਚੜ੍ਹਦੀ ਕਲਾ ਤੋਂ ਮੰਦਹਾਲੀ ਤੱਕ ਦੇ ਸਫਰ ਤੇ ਦੂਰ ਸੀ, ਪਰ ਅੱਜ ਇਸ ਕਿੱਤੇ ਦੀ ਸ਼ਾਨ ਨੂੰ ਗ੍ਰਹਿਣ ਲੱਗ ਗਿਆ ਹੈ ਅਤੇ ਖੇਤੀ ਕਰਨ ਵਾਲਿਆਂ ਦੇ ਧੁੰਦਲੇ ਅਕਸ `ਤੇ ਪਤੱਖ ਨਜ਼ਰ ਮਾਰੀਏ ਤਾਂ ਸਾਨੂੰ ਅਨੇਕ ਕਾਰਨ ਦਿਖਾਈ ਦਿੰਦੇ ਹਨ, ਜੋ ਇਸ ਗਿਰਾਵਟ ਦਾ ਕਾਰਨ ਬਣੇ –
ਜ਼ਮੀਨ ਦੇ ਰਕਬੇ ਦਾ ਘਟਣਾ – ਕਿਸਾਨੀ ਸੰਕਟ ਦਾ ਪਹਿਲਾ ਅਹਿਮ ਕਾਰਨ ਹੈ ਜ਼ਮੀਨ ਪੀੜੀ ਦਰ-ਪੀੜ੍ਹੀ ਘਟਦੀ ਜਾ ਰਹੀ ਹੈ।ਇਸ ਦਾ ਇਕੋ ਹੱਲ ਹੈ ਪਰਿਵਾਰਕ ਯੋਜਨਾਬੰਦੀ ਭਾਵ ਛੋਟਾ ਪਰਿਵਾਰ।ਇਸ ਹੱਲ `ਤੇ ਤਾਂ ਕਿਸਾਨਾਂ ਨੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ, ਭਾਵ ਕਿਸਾਨਾਂ ਨੇ ਪਰਿਵਾਰ ਤਾਂ ਛੋਟੇ ਰੱਖਣੇ ਸ਼ੁਰੂ ਕਰ ਦਿੱਤੇ ਹਨ।ਦਿਾ ਘਟਣਾ।ਜ਼ਮੀਨ ਦੋ ਤਰ੍ਹਾਂ ਨਾਲ ਘਟੀ।ਇਕ ਤਾਂ ਜੱਦੀ ਜ਼ਮੀਨ ਅੱਗੇ ਬੱਚਿਆਂ ਦੇ ਹਿੱਸਿਆਂ ਵਿਚ ਵੰਡੇ ਜਾਣਾ ਹੈ।ਇਕ ਪੁੱਤ ਤੇ ਇਕ ਧੀਅ ਦੀ ਜੋੜੀ ਤਾਂ ਸਾਡੇ ਵੱਸ ਦੀ ਗੱਲ ਨਹੀਂ ਹੈ, ਪਰ ਧੀਆਂ ਜੰਮਣ ਤੋਂ ਡਰਨਾ ਸਾਨੂੰ ਛੱਡਣਾ ਪਵੇਗਾ।ਜ਼ਮੀਨ ਘਟਣ ਦਾ ਦੂਸਰਾ ਕਾਰਨ ਹੈ ਰਿਹਾਇਸ਼ੀ, ਉਦਯੋਗਿਕ ਅਤੇ ਵਪਾਰਕ ਜ਼ਮੀਨਾਂ ਦਾ ਪਸਾਰਾ।ਇਸ ਪਾਸੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਪਜਾੳੂ ਜ਼ਮੀਨਾਂ ਨੂੰ ਇਸ ਮਕਸਦ ਲਈ ਵਰਤਣ ਦੀ ਥਾਂ ਵਪਾਰ ਅਤੇ ਉਦਯੋਗ ਦੀ ਦਿਸ਼ਾ ਬੰਜਰ, ਕੰਢੀ ਜਾਂ ਘੱਟ ਉਪਜਾਊ ਇਲਾਕਿਆਂ ਵੱਲ ਮੋੜੀ ਜਾਵੇ।
ਪੈਸੇ ਦੀ ਖੇਤੀ – ਪਹਿਲਾਂ ਖੇਤੀ ਘਰੇਲੂ ਵਸਤਾਂ ਦੁਆਲੇ ਕੇਂਦਰਿਤ ਹੰੁਦੀ ਸੀ।ਪਿਛਲੀ ਸਦੀ ਦੇ ਅੱਧ ਤੋਂ ਬਾਅਦ ਵਪਾਰਕ ਫਸਲਾਂ ਦੀ ਖੇਤੀ ਦਾ ਰੁਝਾਣ ਹੋ ਗਿਆ।ਜਿਸ ਦਾ ਜਿਆਦਾ ਲਾਭ ਵਪਾਰੀ ਅਤੇ ਉਦਯੋਗਪਤੀ ਹੀ ਲੈਂਦਾ ਆ ਰਿਹਾ ਹੈ।ਇਸ ਦੇ ਉਲਟ ਕਿਸਾਨ ਆਪਣੀਆਂ ਘਰੇਲੂ ਲੋੜਾਂ ਲਈ ਮਾਰਕੀਟ ਤੇ ਨਿਰਭਰ ਹੋ ਗਿਆ।ਇਸ ਵਪਾਰਕ ਖੇਤੀ ਦੇ ਚੱਕਰ ਵਿਚ ਕਿਸਾਨ ਦੇ ਖੇਤੀ ਅਤੇ ਘਰੇਲੂ ਖਰਚੇ ਤਾਂ ਪਹਿਲਾਂ ਨਾਲੋਂ ਕਈ ਗੁਣਾ ਵਧ ਗਏ ਪਰ ਮੁਨਾਫ਼ਾ ਉਸ ਅਨੁਪਾਤ ਵਿਚ ਨਹੀਂ ਵਧਿਆ।ਕਿਸਾਨ ਗਰੀਬ ਹੁੰਦਾ ਗਿਆ ਅਤੇ ਵਪਾਰੀ ਅਮੀਰ ਹੁੰਦਾ ਗਿਆ।ਕਿਸਾਨ ਦੀ ਆਤਮ ਨਿਰਭਰਤਾ ਘੱਟਣੀ ਸ਼ੁਰੂ ਹੋ ਗਈ।
ਗਿਣਤੀ ਦੀਆਂ ਫ਼ਸਲਾਂ ਦੀ ਵਧੇਰੇ ਖੇਤੀ – ਪਹਿਲਾਂ ਕਿਸਾਨ ਆਪਣੀਆਂ ਜਿਅਦਾਤਰ ਲੋੜਾਂ ਘਰ ਦੀ ਖੇਤੀ ਤੋਂ ਹੀ ਪੂਰੀਆਂ ਕਰਦਾ ਸੀ।ਖੇਤੀ ਦੇ ਵਪਾਰੀਕਰਨ ਦੀ ਚੇਟਕ ਲੱਗ ਜਾਣ ਤੋਂ ਬਾਅਦ ਖੇਤੀ ਵਧੇਰੇ ਝਾੜ ਅਤੇ ਸੁਖਾਲੀ ਵਿਕਰੀ ਵਾਲੀਆਂ ਫ਼ਸਲਾਂ ਦੁਆਲੇ ਸਿਮਟ ਗਈ।ਵਪਾਰੀ ਵੱਲੋਂ ਵੀ ਸਰਕਾਰਾਂ ਰਾਹੀਂ ਅਜਿਹੀਆਂ ਫਸਲਾਂ ਬੀਜਣ ਲਈ ਉਤਸ਼ਾਹਿਤ ਕੀਤਾ ਗਿਆ।ਜਿਆਦਾ ਮੁਨਾਫ਼ੇ ਦੇ ਲਾਲਚ ਵਿਚ ਕਿਸਾਨਾਂ ਦੀ ਖੇਤੀ ਕੁਝ ਕੁ ਫਸਲਾਂ ਦੇ ਦੁਆਲੇ ਘੁੰਮਣ ਲੱਗੀ।ਹਰ ਛਮਾਹੀ ਇਕ ਹੀ ਫਸਲ ਵਧੇਰੇ ਮਾਤਰਾ ਵਿਚ ਪੈਦਾ ਕਰਕੇ ਕਿਸਾਨ ਮਾਰਕੀਟ ਦੇ ਰੇਟਾਂ ਦੀ ਚੱਕੀ ਵਿਚ ਪਿਸਣੇ ਸ਼ੁਰੂ ਹੋ ਗਏ।ਮੁਨਾਫਾ ਤਾਂ ਕੀ ਵਧਣਾ ਸੀ ਸਗੋਂ ਵਪਾਰੀ ਦੇ ਰੇਟਾਂ ਦੇ ਗੁਲਾਮ ਹੋ ਕੇ ਰਹਿ ਗਏ।
ਸਾਜਿਸ਼ ਵਰਗੀਆਂ ਸਹੂਲਤਾਂ – ਕਿਸਾਨਾਂ ਨੂੰ ਰਵਾਇਤੀ ਆਤਮ-ਨਿਰਭਰਤਾ ਵਾਲੀਆਂ ਫਸਲਾਂ ਦੇ ਚੱਕਰ ਵਿਚੋਂ ਕੱਢਣ ਤੋਂ ਬਾਅਦ ਸਰਮਾਏਦਾਰ ਅਤੇ ਵਪਾਰੀ ਵਰਗਾਂ ਨੇ ਸਰਕਾਰ ਦੀ ਮੋਹਰ ਹੇਠ ਕਿਸਾਨਾਂ ਨੂੰ ਸੁਖਾਲੇ ਕਰਜ਼ੇ ਅਤੇ ਮਸ਼ੀਨਰੀ ਦੀ ਵਰਤੋਂ ਦਾ ਨਸ਼ਾ ਲਾ ਕੇ ਆਦੀ ਹੀ ਬਣਾ ਲਿਆ।ਕਰਜੇ ਅਤੇ ਮਹਿੰਗੇ ਖੇਤੀ ਸੰਦ ਕਿਸਾਨਾਂ ਨੂੰ ਘਰਾਂ ਵਿਚ ਹੀ ਉਪਲੱਬਧ ਕਰਾਉਣ ਵਾਲੇ ਏਜੰਟਾਂ ਦਾ ਆਮ ਦੇਖਿਆ ਜਾਣਾ ਇਸ ਗੱਲ ਦਾ ਸਬੂਤ ਹੈ।ਫਿਰ ਖਾਦਾਂ ਅਤੇ ਖੇਤੀ ਦਵਾਈਆਂ ਦਾ ਇਕ ਹੋਰ ਸਾਜਿਸ਼ੀ ਮੱਕੜ ਜਾਲ ਸੁੱਟਿਆ ਗਿਆ।ਭਾਂਤ-ਭਾਂਤ ਦੇ ਨਦੀਨ-ਨਾਸ਼ਕ ਅਤੇ ਕੀਟ ਨਾਸ਼ਕ ਮਾਰਕੀਟ ਵਿਚ ਆਉਣ ਨਾਲ ਜਿੱਥੇ ਸਰੀਰਕ ਮਿਹਨਤ ਘਟਣ ਨਾਲ ਕਿਸਾਨ ਦੇ ਹੱਡਾਂ ਵਿਚ ਪਾਣੀ ਪਿਆ ਉਥੇ ਉਸ ਦੇ ਖੇਤੀ ਦੇ ਖਰਚੇ ਵੀ ਕਈ ਗੁਣਾ ਵੱਧ ਗਏ।ਇਸ ਦੇ ਨਾਲ ਜੋ ਅਸਰ ਧਰਤੀ, ਹਵਾ ਤੇ ਪਾਣੀ ਤੇ ਹੋ ਰਿਹਾ ਹੈ ਇਸ ਵੱਲ ਕਿਸੇ ਦਾ ਧਿਆਨ ਨਹੀਂ ਹੈ।
ਘੱਟ ਕੰਮ ਲਈ ਵੱਡੀ ਮਸ਼ਿਨਰੀ – ਘੱਟ ਜ਼ਮੀਨ ਪਿੱਛੇ ਵਧੇਰੇ ਕਰਜ਼ਾ ਦੇਣ ਪਿੱਛੇ ਛੁਪੀ ਸਾਜਿਸ਼ ਅਤੇ ਇਸ ਦੇ ਨਤੀਜਿਆਂ ਤੋਂ ਬੇਖ਼ਬਰ ਜਾਂ ਮਚਲਾ ਬਣਿਆ ਕਿਸਾਨ-ਧੜਾਧੜ ਵੱਡੀਆਂ-ਵੱਡੀਆਂ ਮਸ਼ੀਨਰੀਆਂ ਖਰੀਦਦਾ ਜਾ ਰਿਹਾ ਹੈ। ਥੋੜ੍ਹੀ ਜ਼ਮੀਨ ਅਤੇ ਥੋੜੇ ਕੰਮ ਲਈ ਵੱਡੀ ਮਸ਼ੀਨਰੀ ਦੀ ਵਰਤੋਂ ਕਿਸਾਨੀ ਸੰਕਟ ਦਾ ਸਭ ਤੋਂ ਵੱਡਾ ਕਾਰਨ ਬਣੀ।ਸਾਨੂੰ ਖੁਦ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ।
ਕਰਜ਼ੇ ਦੀ ਦੁਰਵਰਤੋਂ – ਆਮ ਤੌਰ ਤੇ ਦੇਖਣ ਵਿਚ ਆਉਂਦਾ ਹੈ ਕਿ ਕਿਸਾਨ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਕਰਜਾ ਚੁੱਕਦਾ ਹੈ ਅਤੇ ਉਸਦੀ ਵਰਤੋਂ ਵੀ ਖੇਤੀ ਵਾਸਤੇ ਨਹੀਂ ਕਰਦਾ ਖੇਤੀ ਦੇ ਨਾਂ ਤੇ ਲਿਆ ਕਰਜਾ ਕਾਰ, ਕੋਠੀ ਜਾਂ ਵਿਆਹ ਤੇ ਖਰਚਣਾ ਇਸ ਦੀ ਦੁਰਵਰਤੋਂ ਹੈ।ਕਰਜਾ, ਕਮਾਈ ਅਤੇ ਪਹੁੰਚ ਦੇਖ ਕੇ ਲਿਆ ਜਾਣਾ ਚਾਹੀਦਾ ਹੈ ਨਾ ਕਿ ਕਿਸੇ ਭਰਮਜਾਲ ਵਿਚ ਫਸ ਕੇ।
ਬੇ-ਰੁੱਤੀਆਂ ਫਸਲਾਂ ਦੀ ਖਰਚੀਲੀ ਖੇਤੀ – ਦੇਖਿਆ ਜਾਂਦਾ ਹੈ ਕਿ ਕਿਸਾਨ ਵਧੇਰੇ ਰੇਟ ਦੇ ਲਾਲਚ ਵਿਚ ਬੇ-ਮੌਂਸਮੀਆਂ ਫਸਲਾਂ ਦੀ ਖੇਤੀ ਕਰਦੇ ਹਨ ਜਿਸਨੂੰ ਪਾਲਣ ’ਤੇ ਖਰਚ ਆਮ ਫਸਲ ਤੋਂ ਕਈ ਗੁਣਾਂ ਵੱਧ ਹੰੁਦਾ ਹੈ ਅਤੇ ਫਿਰ ਵੀ ਮੌਸਮ ਦੀ ਖਰਾਬੀ ਦੀ ਤਲਵਾਰ ਦੀ ਲਟਕਦੀ ਰਹਿੰਦੀ ਹੈ।ਭਾਵ ਇਹ ਮਹਿੰਗੀ ਅਤੇ ਰਿਸਕੀ ਖੇਤੀ ਹੈ।ਇਹ ਤੀਰ ਨਿਸ਼ਾਨੇ ਤੇ ਘੱਟ ਹੀ ਲੱਗਦਾ ਹੈ।
ਵਿਓਤਬੰਦੀ ਅਤੇ ਜੱਦੀ ਗਿਆਨ ਗ੍ਰਹਿਣ ਦੀ ਕਮੀ – ਖੇਤੀ ਬੇਸ਼ੱਕ ਇਕ ਸਰਲ ਕਿੱਤਾ ਹੈ, ਪਰ ਫਿਰ ਵੀ ਸਾਨੂੰ ਇਸ ਦੀਆਂ ਬਾਰੀਕੀਆਂ ਦਾ ਮਾਹਰ ਹੋਣਾ ਜ਼ਰੂਰੀ ਹੈ।ਅੱਜ ਖੇਤੀ ਜਿਸ ਮੋੜ ਤੇ ਖੜ੍ਹੀ ਹੈ ਇਸ ਨੂੰ ਸਹੀ ਦਿਸ਼ਾ ਦੇਣ ਲਈ ਉਚਿਤ ਵਿਓਂਤਬੰਦੀ ਦੀ ਲੋੜ ਹੈ।ਕਿਸਾਨਾਂ ਦੇ ਬੱਚਿਆਂ ਨੇ ਅਗਰ ਖੇਤੀ ਕਰਨੀ ਹੈ ਤਾਂ ਉਹਨਾਂ ਨੂੰ ਸਕੂਲੀ ਪੜ੍ਹਾਈ ਦੇ ਨਾਲ ਖੇਤੀਬਾੜੀ ਦਾ ਗਿਆਨ ਵੀ ਲੈਣਾ ਜ਼ਰੂਰੀ ਹੈ ਆਪਣੇ ਬਜ਼ੁਰਗਾਂ ਤੋਂ ਖੇਤੀਬਾੜੀ ਦੇ ਉਹਨਾਂ ਦੇ ਤਜਰਬਿਆਂ ਤੋਂ ਨੁਕਤੇ ਸਿੱਖਣੇ ਚਾਹੀਦੇ ਹਨ।ਖੇਤੀ ਕਰਨ ਲਈ ਮੌਸਮ ਅਤੇ ਹਵਾ ਦੇ ਰੁਖ ਆਦਿ ਦਾ ਗਿਆਨ ਬਹੁਤ ਜ਼ਰੂਰੀ ਹੈ ਜੋ ਸਾਨੂੰ ਵੱਡਿਆ ਦੇ ਤਜਰਬਿਆਂ ਤੋਂ ਮਿਲ ਸਕਦਾ ਹੈ।
ਬੇਵਫ਼ਾ ਕਿਸਾਨ ਅਗਵਾਈ – ਖੇਤੀ ਕਿੱਤੇ ਅਤੇ ਕਿਸਾਨਾਂ ਦੀ ਮੰਦਹਾਲੀ ਪਿੱਛੇ ਇਹ ਵੱਡਾ ਕਾਰਨ ਇਹ ਵੀ ਹੈ ਕਿ ਇਹਨਾਂ ਨੂੰ ਕਦੇ ਯੋਗ ਅਗਵਾਈ ਨਹੀਂ ਮਿਲੀ।ਇਕ ਖੇਤੀ ਕਰਨ ਵਾਲਾ ਸਧਾਰਨ ਕਿਸਾਨ ਆਗੂ ਨਹੀਂ ਬਣ ਸਕਦਾ ਅਤੇ ਜੋ ਆਗੂ ਬਣਦਾ ਹੈ ਉਹ ਕਿਸਾਨ ਨਹੀਂ ਹੁੰਦਾ।ਇਹ ਕਿਸਾਨੀ ਦੀ ਬਦਕਿਸਮਤੀ ਹੀ ਰਹੀ ਹੈ ਕਿ ਇਸ ਨੂੰ ਕਦੇ ਵਫ਼ਾਦਾਰ ਅਗਵਾਈ ਨਹੀਂ ਮਿਲੀ, ਜੋ ਇਨ੍ਹਾਂ ਦੇ ਹੱਕਾਂ ਵਾਸਤੇ ਇਮਾਨਦਾਰੀ ਨਾਲ ਲੜੇ।
ਫ਼ਸਲ ਦੇ ਸਹੀ ਰੇਟਾਂ ਦਾ ਮਸਲਾ – ਫ਼ਸਲ ਦੇ ਰੇਟਾਂ ਦੀ ਕਿਸਾਨ ਨੂੰ ਦੋਹਰੀ ਮਾਰ ਹੈ।ਪਹਿਲੀ ਮਾਰ ਹੈ ਕਿ ਜਿਹੜੀ ਚੀਜ਼ ਕਿਸਾਨ ਨੇ ਬਹੁਤੀ ਪੈਦਾ ਕਰ ਲਈ ਉਸਨੂੰ ਉਸਦਾ ਰੇਟ ਘੱਟ ਮਿਲਦਾ ਹੈ ਭਾਵ ਮੁਨਾਫਾ ਘੱਟ ਗਿਆ ਇਸ ਦੇ ਉਲਟ ਜੋ ਫਸਲ ਘੱਟ ਹੋਈ ਜਾਂ ਮਰ ਗਈ ਉਸਦਾ ਮੁਨਾਫ਼ਾ ਤੇ ਲਾਗਤ ਵੀ ਗਈ ਅਤੇ ਹੁਣ ਉਹੀ ਚੀਜ਼ ਉਸਨੂੰ ਘਰ ਵਾਸਤੇ ਮਹਿੰਗੇ ਭਾਅ ਖਰੀਦਣੀ ਪਈ।ਇਸ ਲਈ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਘੱਟ ਗਿਣਤੀ ਦੀਆਂ ਵਧੇਰੇ ਉਪਜਾਂ ਦੀ ਥਾਂ ਵਧੇਰੇ ਗਿਣਤੀ ਦੀਆਂ ਉਪਜਾਂ ਨੂੰ ਥੋੜੀ ਮਾਤਰਾ ਵਿਚ ਪੈਦਾ ਕਰੇ ਤਾਂ ਕਿ ਜੇ ਇਕ ਫਸਲ ਘਾਟੇ ਵਿਚ ਜਾਂਦੀ ਹੈ ਤਾਂ ਦੂਸਰੀ ਉਸ ਘਾਟੇ ਨੂੰ ਪੂਰਾ ਕਰ ਸਕੇ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਸਾਨਾਂ ਨੇ ਖੇਤੀ ਨੂੰ ਸਰਲ ਤੋਂ ਆਪ ਹੀ ਗੁੰਝਲਦਾਰ ਬਣਾ ਲਿਆ ਹੈ। ਖੇਤੀ ਦੇ ਪਿਛੋਕੜ ਤੇ ਝਾਤ ਮਾਰਿਆਂ ਅਸੀਂ ਦੇਖਦੇ ਹਾਂ ਕਿ ਖੇਤੀ ਅਤੇ ਕਿਸਾਨਾਂ ਦਾ ਜੀਵਨ ਉਦੋਂ ਕਿੰਨਾ ਸੁਖ਼ਾਲਾ ਸੀ। ਕਿਸਾਨਾਂ ਨੇ ਵਧੇਰੇ ਝਾੜ ਵਧੇਰੇ ਮੁਨਾਫ਼ੇ ਅਤੇ ਘੱਟ ਸਰੀਰਕ ਮਿਹਨਤ ਦੇ ਚੱਕਰ ਵਿਚ ਖੇਤੀ ਨੂੰ ਅਤੇ ਆਪਣੀਆਂ ਆਦਤਾਂ ਨੂੰ ਗਲ੍ਹਤ ਦਿਸ਼ਾ ਵੱਲ ਮੋੜ ਲਿਆ ਅਤੇ ਅੱਜ ਇਹੀ ਦਿਸ਼ਾ ਸਾਡੇ ਗਲ਼ੇ ਦੀ ਹੱਡੀ ਬਣ ਗਈ।ਜਿਹਨਾਂ ਵਿਹੜਿਆਂ ਵਿਚ ਕਦੇ ਬਰਕਤ ਵਸਦੀ ਸੀ ਉਥੇ ਹੁਣ ਖੁਦਕੁਸ਼ੀਆਂ ਦੇ ਮਾਤਮ ਹੋ ਰਹੇ ਹਨ। ਜੇਕਰ ਕਿਸਾਨ ਇਸ ਦਲ਼ਦਲ਼ ਵਿਚੋਂ ਨਿਕਲਣਾ ਚਾਹੁੰਦਾ ਹੈ ਤਾਂ ਉਸ ਨੂੰ ਸਰਕਾਰਾਂ ਤੋਂ ਆਸ ਛੱਡ ਕੇ ਖੇਤੀ ਕਿੱਤੇ ਦੇ ਪਹਿਲਾਂ ਰਹਿ ਚੁੱਕੇ ‘ਸੁਨਹਿਰੀ ਕਾਲ’ ਤੋਂ ਸਿੱਖਿਆ ਲੈਣੀ ਚਾਹੀਦੀ ਹੈ।ਰੱਜੀ ਪੁੱਜੀ ਖੇਤੀ ਦੇ ਪੁਰਾਣੇ ਢਾਂਚੇ ਨੂੰ ਘੋਖਣਾ ਚਾਹੀਦਾ ਹੈ।ਖੇਤੀ ਨੂੰ ਘਾਟੇ ਵੱਲ ਲਿਜਾਣ ਵਾਲੇ ਕਾਰਨਾਂ ਨੂੰ ਪਛਾਨਣਾ ਚਾਹੀਦਾ ਹੈ, ਇਸ ਵਾਸਤੇ ਜਿੰਮੇਵਾਰ ਆਪਣੀਆਂ ਆਦਤਾਂ ਨੂੰ ਛੱਡਣਾ ਚਾਹੀਦਾ ਹੈ, ਆਪਣੇ ਖਾਣ ਪੀਣ, ਰਹਿਣ-ਸਹਿਣ ਅਤੇ ਖਰਚਿਆਂ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ।ਸਾਨੂੰ ਪੈਸੇ ਦੀ ਖੇਤੀ ਦੀ ਥਾਂ ਘਰੇਲੂ ਵਸਤਾਂ ਦੀ ਖੇਤੀ ਕਰਨੀ ਹੋਵੇਗੀ, ਆਪਣਾ ਖਾਣ ਪੀਣ ਘਰੇਲੂ ਉਪਜਾਂ ਵੱਲ ਮੋੜਨਾ ਹੋਵੇਗਾ, ਗਿਣਤੀ ਦੀਆਂ ਉਪਜਾਂ ਦੀ ਥਾਂ ਵਧੇਰੇ ਫ਼ਸਲਾਂ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਪੈਦਾ ਕਰਨੀਆਂ ਹੋਣਗੀਆਂ, ਥੋੜ੍ਹੇ ਕੰਮ ਲਈ ਵੱਡੀ ਮਸ਼ੀਨਰੀ ਦੀ ਵਰਤੋਂ ਛੱਡਣੀ ਹੋਵੇਗੀ, ਕਰਜੇ ਅਤੇ ਲੁਭਾਊ ਸਹੂਲਤਾਂ ਦੀ ਵਰਤੋਂ ਸੋਚ ਸਮਝਕੇ ਕਰਨੀ ਹੋਵੇਗੀ, ਖੁਦ ਨੂੰ ਮਾਰਕੀਟ ਤੇ ਨਿਰਭਰ ਹੋਣ ਦੀ ਥਾਂ ਮਾਰਕੀਟ ਨੂੰ ਆਪਣੇ ਵੱਲ ਖਿੱਚਣਾ ਹੋਵੇਗਾ ਅਤੇ ਖੇਤੀ ਨੂੰ ਖਰਚੀਲੀ ਤੋਂ ਸਰਲ ਬਣਾਉਣਾ ਹੋਵੇਗਾ।ਇਹ ਸਭ ਇਕ ਦਿਨ ਵਿਚ ਹੋਣ ਵਾਲਾ ਨਹੀਂ, ਪਰ ਜੇਕਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਲਾ ਕਰਨਾ ਹੈ ਤਾਂ ਖੇਤੀ ਦੀ ਮੁਹਾਰ ਸਹੀ ਦਿਸ਼ਾ ਵੱਲ ਮੋੜਨ ਦਾ ਸਮਾਂ ਆ ਗਿਆ ਹੈ।ਜੇਕਰ ਕਿਸਾਨ ਹੁਣ ਵੀ ਨਾ ਸੰਭਲੇ ਤਾਂ ਕਦੇ ਵੀ ਨਹੀਂ ਸੰਭਲ ਸਕਣਗੇ।
ਸੁਖਵੀਰ ਸਿੰਘ ਕੰਗ
ਪਿੰਡ ਤੇ ਡਾਕ: ਕੋਟਲਾ ਸਮਸ਼ਪੁਰ
ਤਹਿ: ਸਮਰਾਲਾ ਜ਼ਿਲ੍ਹਾ ਲੁਧਿਆਣਾ
ਮੋਬਾ: 85678-72291