ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲਦੇ ਸਕੂਲਾਂ ’ਚ ਵਿਦਿਆਰਥੀਆਂ ਦੀ ਪ੍ਰੀਖਿਆ ’ਚ ਸਫ਼ਲਤਾ ਲਈ ਅਰਦਾਸ ਦਿਵਸ ਕਰਵਾਇਆ ਗਿਆ।ਖ਼ਾਲਸਾ ਮੈਨੇਜ਼ਮੈਂਟ ਦੀ ਪ੍ਰਥਾ ਮੁਤਾਬਿਕ ਵਿਦਿਆਰਥੀਆਂ ਦੇ ਇਮਤਿਹਾਨਾਂ ’ਚ ਚੰਗੇ ਨੰਬਰ ਲੈਣ ਲਈ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਵਿਖੇ ਅਰਦਾਸ ਦਿਵਸ ਕਰਵਾਇਆ ਗਿਆ।
ਖ਼ਾਲਸਾ ਗਰਲਜ਼ ਸਕੂਲ ਵਿਖੇ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਅਤੇ ਸ੍ਰੀ ਚੌਪਈ ਸਾਹਿਬ ਜੀ ਦਾ ਪਾਠ ਕੀਤਾ ਉਪਰੰਤ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ।ਉਚੇਚੇ ਤੌਰ ’ਤੇ ਗੁਰੂ ਚਰਨਾਂ ’ਚ ਹਾਜ਼ਰੀ ਲਗਵਾਉਣ ਲਈ ਪੁੱਜੇ ਕੌਂਸਲ ਦੇ ਜੁਆਇੰਟ ਸਕੱਤਰ ਸ: ਸੁਖਦੇਵ ਸਿੰਘ ਅਬਦਾਲ ਨੇ ਵਿਦਿਆਰਥੀਆਂ ਨੂੰ ਉਚ ਪੜ੍ਹਾਈ ਦੇ ਨਾਲ-ਨਾਲ ਗੁਰਬਾਣੀ ਅਤੇ ਨਿਤਨੇਮ ਨਾਲ ਜੁੜਣ ਦੀ ਪ੍ਰੇਰਣਾ ਦਿੱਤੀ।ਉਨ੍ਹਾਂ ਮੈਨੇਜ਼ਮੈਂਟ ਵੱਲੋਂ ਵਿਦਿਆਰਥੀਆਂ ਦੀ ਚੜ੍ਹਣੀ ਕਲਾ ਲਈ ਪੁਰਾਤਨ ਸਮੇਂ ਤੋਂ ਚਲੀ ਆ ਰਹੀ ਅਰਦਾਸ ਦਿਵਸ ਦੀ ਪ੍ਰਥਾ ਸਬੰਧੀ ਵੀ ਚਾਨਣਾ ਪਾਇਆ।
ਇਸੇ ਤਰ੍ਹਾਂ ਖ਼ਾਲਸਾ ਪਬਲਿਕ ਸਕੂਲ ਹੇਰ ਵਿਖੇ ਇਮਤਿਹਾਨਾਂ ਤੋਂ ਪਹਿਲਾਂ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।ਜਿਸ ਉਪਰੰਤ ਸਕੂਲ ਵਿਦਿਆਰਥੀਆਂ ਵੱਲੋਂ ਕੀਰਤਨ ਗਾਇਨ ਕਰਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਆਪਣੇ-ਆਪਣੇ ਭਾਸ਼ਣ ’ਚ ਗਰਲਜ਼ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਅਤੇ ਪਬਲਿਕ ਸਕੂਲ ਹੇਰ ਤੋਂ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਕੰਬੋਜ਼ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਜੀਵਨ ’ਚ ਉਚ ਕਦਰਾਂ-ਕੀਮਤਾਂ ਅਤੇ ਚੰਗੇ ਆਚਰਨ ਨੂੰ ਧਾਰਨ ਕਰਨ ਲਈ ਪ੍ਰੇਰਿਆ।ਉਨ੍ਹਾਂ ਨੇ ਵਿਦਿਆਰਥੀਆਂ ਲਈ ਉਚ ਮੁਕਾਮ ਹਾਸਲ ਕਰਨ ਅਤੇ ਚੰਗੇ ਭਵਿੱਖ ਲਈ ਕਾਮਨਾ ਕੀਤੀ।ਗਰਲਜ਼ ਸਕੂਲ ਦੇ ਸਮਾਗਮ ’ਚ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ, ਸ੍ਰੀਮਤੀ ਰੁਪਿੰਦਰ ਕੌਰ ਮਾਹਲ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …