ਬਾਸੀ ਨੇ ਪਰਵਾਸ ਅਨੁਭਵ ਦੇ ਨਵੇਂ ਪਰਿਪੇਖਾਂ ਨੂੰ ਉਭਾਰਿਆ – ਡਾ. ਭਾਟੀਆ
ਅੰਮ੍ਰਿਤਸਰ 15 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਆਯੋਜਿਤ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਵਿੱਚ ਪ੍ਰਸਿੱਧ ਪਰਵਾਸੀ ਪੰਜਾਬੀ ਕਵੀ ਮੰਗਾ ਬਾਸੀ ਖੋਜ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਰੂਬਰੂ ਹੋਏ।ਸਮਾਗਮ ਦੇ ਆਰੰਭ ਵਿੱਚ ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ।ਡਾ. ਦਰਿਆ ਨੇ ਮੰਗਾ ਬਾਸੀ ਦੀ ਸ਼ਖ਼ਸੀਅਤ ਅਤੇ ਸਾਹਿਤਕ ਰਚਨਾਵਾਂ ਸੰਬੰਧੀ ਜਾਣਕਾਰੀ ਪ੍ਰਦਾਨ ਕਰਦਿਆਂ ਦੱਸਿਆ ਕਿ ਸ੍ਰੀ ਬਾਸੀ ਨੇ `ਬਰਫ਼ ਦਾ ਮਾਰੂਥਲ`, `ਵਿੱਚ ਪ੍ਰਦੇਸਾਂ ਦੇ`, `ਮੈਂ ਅਤੇ ਕਵਿਤਾ`, `ਕੂੰਜਾਂ ਦੇ ਸਿਰਨਾਵੇਂ`, `ਧਰਤਿ ਕਰੇ ਅਰਜ਼ੋਈ` ਅਤੇ `ਮਾਂ ਕਹਿੰਦੀ ਸੀ` ਕਾਵਿ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ ਹਨ।
ਮੰਗਾ ਬਾਸੀ ਨੇ ਆਪਣੇ ਜੀਵਨ ਅਨੁਭਵ ਅਤੇ ਸਿਰਜਣ ਪ੍ਰਕ੍ਰਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਅਤੇ ਕੁਝ ਚੋਣਵੀਆਂ ਕਵਿਤਾਵਾਂ ਵੀ ਸੁਣਾਈਆਂ।ਉਹਨਾਂ ਨੇ ਕਿਹਾ ਕਿ ਚਾਲੀ ਸਾਲ ਪਰਵਾਸ ਦੀ ਧਰਤੀ `ਤੇ ਗੁਜ਼ਾਰਨ ਤੋਂ ਬਾਅਦ ਵੀ ਉਹ ਆਪਣੀ ਜਨਮ-ਭੂਮੀ ਅਤੇ ਸ਼ਾਨਦਾਰ ਵਿਰਸੇ ਨਾਲ ਜੁੜੇ ਹੋਏ ਹਨ।ਡਾ. ਹਰਿਭਜਨ ਸਿੰਘ ਭਾਟੀਆ ਨੇ ਮੰਗਾ ਬਾਸੀ ਦੇ ਕਾਵਿ ਸੰਸਾਰ ਦਾ ਆਲੋਚਨਾਤਮਕ ਵਿਸ਼ਲੇਸ਼ਣ ਕਰਦਿਆਂ ਉਹਨਾਂ ਦੀ ਕਵਿਤਾ ਰਾਹੀਂ ਸਿਰਜੇ ਜਾ ਰਹੇ ਪਰਵਾਸ ਅਨੁਭਵ ਦੇ ਨਵੇਂ ਪਰਿਪੇਖਾਂ ਨੂੰ ਉਭਾਰਿਆ।ਡਾ. ਮਨਜਿੰਦਰ ਸਿੰਘ ਨੇ ਧੰਨਵਾਦ ਦੇ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਮੰਗਾ ਬਾਸੀ ਦੀ ਕਵਿਤਾ ਵਿੱਚ ਪੰਜਾਬ ਦੀ ਧਰਤੀ ਦਾ ਮੋਹ ਅਤੇ ਲੋਕ ਵਿਰਸੇ ਦੇ ਪ੍ਰਤੀਕ ਵੱਡੇ ਪੱਧਰ `ਤੇ ਪ੍ਰਤਿਬਿੰਬਤ ਹੁੰਦੇ ਹਨ।ਇਸ ਦੇ ਨਾਲ-ਨਾਲ ਵਿਸ਼ਵੀਕਰਨ ਅਤੇ ਉਤਰ ਆਧੁਨਿਕਤਾ ਦੇ ਪ੍ਰਭਾਵ ਹੇਠ ਇੱਕ ਸਾਂਝੀ ਵਿਸ਼ਵ ਚੇਤਨਾ ਦਾ ਪਰਿਪੇਖ ਵੀ ਉਹਨਾਂ ਦੀ ਕਵਿਤਾ ਵਿਚੋਂ ਉਜਾਗਰ ਹੁੰਦਾ ਹੈ।ਵਿਭਾਗ ਦੇ ਖੋਜ ਵਿਦਿਆਰਥੀਆਂ ਵਲੋਂ ਮੰਗਾ ਬਾਸੀ ਦੀ ਕਾਵਿ-ਚੇਤਨਾ ਅਤੇ ਪਰਵਾਸ ਅਨੁਭਵ ਬਾਰੇ ਬੜੇ ਮਹੱਤਵਪੂਰਨ ਪ੍ਰਸ਼ਨ ਉਠਾਏ ਗਏ ਅਤੇ ਇਕ ਸਾਰਥਕ ਸਾਹਿਤਕ ਸੰਵਾਦ ਦੀ ਸਿਰਜਣਾ ਕੀਤੀ ਗਈ।ਇਸ ਮੌਕੇ ਵਿਭਾਗ ਦੇ ਖੋਜ ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਿਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …