Monday, December 23, 2024

‘ਲਲਿਤ ਕਲਾ: ਗਿਆਨ ਸ਼ਾਸਤਰ ਤੇ ਅਭਿਆਸ ਪ੍ਰਕਿਰਿਆ’ ਵਿਸ਼ੇ ‘ਤੇ ਸੈਮੀਨਾਰ

ਦਿਸ਼ਾਹੀਣ ਹੋਇਆ ਪੰਜਾਬੀ ਸੰਗੀਤ ਤੇ ਸਿਨੇਮਾ- ਵਿਦਵਾਨ
ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਪਰਿਵਰਤਨ ਇਕ ਅਟੱਲ ਨਿਯਮ ਹੈ, ਪਰ ਇਸ ਦੀਆਂ ਜੜ੍ਹਾਂ ਤਾਂ PPN2802201810ਹੀ ਮਜ਼ਬੂਤ ਹੁੰਦੀਆਂ ਹਨ ਜੇਕਰ ਇਹ ਚੇਤਨਾ ਵਿਚੋਂ ਪੈਦਾ ਹੋ ਰਿਹਾ ਹੋਵੇ।ਪੰਜਾਬ ਕੋਲ ਆਪਣਾ ਸਮਾਜਿਕ ਸਭਿਆਚਾਰਕ ਮਾਡਲ ਹੈ ਜਿਸ ਦਾ ਗਿਆਨ ਸ਼ਾਸਤਰ ਬਣਾਉਣ ਲਈ ਇਕ ਸਾਂਝੀ ਸਮਝ ਬਣਾਉਣੀ ਪਵੇਗੀ। ਮੌਜੂਦਾ ਸਮੇਂ ਵਿਚ ਹਾਸ਼ੀਆਗਤ ਸਰੋਕਾਰ ਕੇਂਦਰੀ ਸਥਾਨ ਗ੍ਰਹਿਣ ਕਰ ਚੁੱਕੇ ਹਨ ਅਤੇ ਕੇਂਦਰੀ ਮਹੱਤਵ ਦੇ ਪ੍ਰਸ਼ਨ ਸਾਡੇ ਜੀਵਨ ਵਿਚੋਂ ਜਾ ਚੁੱਕੇ ਹਨ।ਇਹ ਸਾਹਿਤ ਉਤਸਵ ਪ੍ਰਸੰਗਕਾਰ ਨੂੰ ਅਪਣਾਉਣ ਅਤੇ ਗੈਰ ਪ੍ਰਸੰਗਕ ਨੂੰ ਤਿਆਗਣ ਲਈ ਸਾਡੀ ਮਦਦ ਕਰੇਗਾ।”ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਸਾਹਿਤ ਉਤਸਵ-2018 ਦੇ ਪਹਿਲੇ ਦਿਨ ਕਰਵਾਏ ‘ਲਲਿਤ ਕਲਾ: ਗਿਆਨ ਸ਼ਾਸਤਰ ਅਤੇ ਅਭਿਆਸ ਪ੍ਰਕਿਰਿਆ’ ਵਿਸ਼ੇ ‘ਤੇ ਸੈਮੀਨਾਰ ਦੇ ਉਦਘਾਟਨੀ ਸਮਾਗਮ ਵਿਚ ਪੇਸ਼ ਕੀਤੇ। PPN2802201811
ਇਸ ਦੋ-ਰੋਜ਼ਾ ‘ਸਾਹਿਤ ਉਤਸਵ ਖਾਲਸਾ ਕਾਲਜ ਫਾਰ ਵੁਮੈਨ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦੇ ਦੂਜੇ ਦਿਨ ਚੜ੍ਹਿਆ ਬਸੰਤ ਕਵੀ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿਚ ਬਸੰਤ ਰਾਗ ਗਾਇਨ ਅਤੇ ਵਾਦਨ ਤੋਂ ਇਲਾਵਾ ਪ੍ਰਸਿੱਧ ਕਵੀ ਭਾਗ ਲੈ ਰਹੇ ਹਨ।
ਅੱਜ ਪਹਿਲੇ ਦਿਨ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ “ਮੌਜੂਦਾ ਪੰਜਾਬੀ ਮਾਨਸਿਕਤਾ ਆਪਣੀ ਗੁਹਜ ਰੁਚੀਆਂ ਵਿਚ ਵਿਗਾੜ ਪੈਦਾ ਕਰੀ ਬੈਠੀ ਹੈ। ਜਿਸਦਾ ਪ੍ਰਮੁੱਖ ਕਾਰਨ ਸੁਹਜ ਸ਼ਾਸਤਰ ਦੀ ਅਣਹੋਂਦ ਹੈ ਸੋ ਅੱਜ ਦਾ ਇਹ ਸੈਮੀਨਾਰ ਪੰਜਾਬੀਆਂ ਦੇ ਗੁਹਜਵਾਦ ਨੂੰ ਮੁੜ ਲੀਹ ‘ਤੇ ਲਿਆਉਣ ਦਾ ਇਕ ਸ਼ਲਾਘਾਯੋਗ ਯਤਨ ਹੈ।”
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਮਨਮੋਹਨ ਨੇ ਕਿਹਾ ਕਿ ਹੁਣ ਇਕ ਨਵੀਂ ਕਿਸਮ ਦੀ ਵਿਸ਼ਵ ਜੰਗ ਲੱਗੀ ਹੋਈ ਹੈ ਜਿਸ ਵਿਚ ਨਾ ਪੈਸਾ ਵਰਤਿਆ ਜਾ ਰਿਹਾ ਹੈ ਨਾ ਹਥਿਆਰ ਬਲਕਿ ਵਿਚਾਰਾਂ ਨੂੰ ਹਥਿਆਰ ਵਾਂਗ ਵਰਤਿਆ ਜਾ ਰਿਹਾ ਹੈ।ਸਾਡਾ ਸਾਹਿਤ, ਸੰਗੀਤ ਤੇ ਸਿਨੇਮਾ ਬਸਤੀਵਾਦੀ ਪ੍ਰਭਾਵਾਂ ਤੋਂ ਆਪਣੀ ਖੁਰਾਕ ਹਾਸਲ ਕਰ ਰਹੇ ਹਨ ਅਤੇ ਸਾਡੇ ਮਨ ਹੁਣ ਨਵੀਂ ਕਿਸਮ ਦੀਆਂ ਬਸਤੀਆਂ ਬਣ ਚੁੱਕੇ ਹਨ ਜਿਸ ਵਿਚ ਉਧਾਰੇ ਮਾਡਲ ਹਾਜ਼ਰ ਹਨ।
ਪੰਜਾਬੀ ਸਾਹਿਤ ਬਾਬਤ ਖੋਜ ਪੇਪਰ ਪੜ੍ਹਦਿਆਂ ਡਾ. ਯਾਦਵਿੰਦਰ ਸਿੰਘ, ਦਿੱਲੀ ਯੂਨੀਵਰਸਿਟੀ, ਦਿੱਲੀ ਨੇ ਕਿਹਾ ਕਿ ਪੂਰਬ ਅਤੇ ਪੱਛਮ ਨੂੰ ਦੋ ਵਿਚਾਰਧਾਰਾਈ ਸੰਕਲਪਾਂ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਮਨੁੱਖਤਾ ਦਾ ਇਕ ਵਿਸ਼ਵ ਵਿਆਪੀ ਪ੍ਰਮੁੱਖ ਸਥਾਨਕਤਾ ਦੇ ਹਵਾਲੇ ਨਾਲ ਸਥਾਪਤ ਕੀਤਾ ਜਾ ਸਕੇ।ਸਾਨੂੰ ਪੰਜਾਬੀ ਦਾ ਗਿਆਨ ਸ਼ਾਸਤਰ ਬਾਬਾ ਫਰੀਦ ਤੋਂ ਪਹਿਲਾਂ ਤੋਂ ਵੇਖਣ ਦੀ ਆਦਤ ਪਾਉਣੀ ਪਵੇਗੀ।ਪੰਜਾਬੀ ਸੰਗੀਤ ਬਾਬਤ ਆਪਣਾ ਪੇਪਰ ਪੜ੍ਹਦਿਆਂ ਪੰਜਾਬੀ ਦੇ ਪ੍ਰਸਿੱਧ ਆਲੋਚਕ, ਤਸਕੀਨ ਨੇ ਕਿਹਾ ਕਿ ਪੰਜਾਬ ਸ਼ਬਦ ਦੀ ਧਰਤੀ ਹੈ ਪਰ ਸਾਡੇ ਸਮਕਾਲ ਵਿਚ ਸ਼ਬਦ ਸ਼ੋਰ ਦਾ ਸੰਚਾਰ ਸਾਧਨ ਬਣ ਗਿਆ ਹੈ।ਪੰਜਾਬੀ ਮਨ ਆਪਣੇ ਸਮਕਾਲੀ ਅਸਤਿਤਵੀ ਪ੍ਰਸ਼ਨਾਂ ਨਾਲ ਸੰਵਾਦ ਰਚਾਉਣ ਦੀ ਬਜਾਇ ਉਨ੍ਹਾਂ ਨੂੰ ਅਣਗੌਲਿਆਂ ਕਰਕੇ ਬਚਣਾ ਚਾਹੁੰਦਾ ਹੈ।ਇਸ ਸਮਾਗਮ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲ ਤੋਂ ਡਾ. ਗੁਰਮੁੱਖ ਸਿੰਘ ਪੰਜਾਬੀ ਸਿਨੇਮਾ ਬਾਰੇ ਕਿਹਾ ਕਿ ਸਾਡੇ ਕੋਲ ਸਿਨੇਮਾ ਨੂੰ ਪ੍ਰਭਾਸ਼ਿਤ ਕਰਨ ਵਾਲੀ ਸੰਕਲਪਿਕ ਭਾਸ਼ਾ ਹੀ ਨਹੀਂ ਹੈ ਅਤੇ ਪੰਜਾਬੀ ਸਿਨੇਮਾ ਸਾਹਿਤ ਕੋਲੋਂ ਬਹੁਤ ਦੂਰੀ ‘ਤੇ ਵਿਚਾਰ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਮਾਜਿਕ ਪੱਧਰ ‘ਤੇ ਹਾਸ਼ੀਆਗਤ ਧਿਰਾਂ ਇਸ ਵਿਚੋਂ ਮਨਫੀ ਹੋ ਚੁੱਕੀਆਂ ਹਨ।
ਵਿਚਾਰ ਚਰਚਾ ਵਿਚ ਪ੍ਰੋ. ਮੋਹਣ ਸਿੰਘ, ਡਾ. ਆਤਮ ਰੰਧਾਵਾ ਅਤੇ ਗੁਰਪ੍ਰੀਤ ਸਿੰਘ ਨੇ ਭਾਗ ਲਿਆ।ਪਹਿਲੇ ਸਮਾਗਮ ਦੀ ਧੰਨਵਾਦੀ ਮਤਾ ਡਾ. ਜੋਗਿੰਦਰ ਸਿੰਘ ਵੱਲੋਂ ਪੇਸ਼ ਕੀਤਾ ਗਿਆ।
ਸਾਹਿਤ ਉਤਸਵ ਦੇ ਦੂਜੇ ਸਮਾਗਮ ਵਿਚ ‘ਜੀਵਨੀ ਖ਼ਲੀਲ ਜਿਬਰਾਨ’ ਉਪਰ ਪੁਸਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਪ੍ਰੋ. ਹਰਪਾਲ ਸਿੰਘ ਪੰਨੂ, ਪੁਸਤਕ ਦੇ ਅਨੁਵਾਦਕ ਜੰੰਗ ਬਹਾਦਰ ਗੋਇਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਤੋਂ ਡਾ. ਦਰਿਆ, ਪ੍ਰਸਿੱਧ ਅਨੁਵਾਦਕ ਤੇ ਲੇਖਿਕਾ ਡਾ. ਜਗਦੀਸ਼ ਕੌਰ ਵਾਡੀਆ ਅਤੇ ਸਿੰਘ ਬ੍ਰਦਰਜ਼ ਪ੍ਰਕਾਸ਼ਨਾ ਤੋਂ ਗੁਰਸਾਗਰ ਸਿੰਘ ਸ਼ਾਮਿਲ ਹੋਏ।ਇਸ ਸਮੇਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਤੋਂ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਇਹ ਪੁਸਤਕ ਪੰਜਾਬ ਦੇ ਖੋਜਾਰਥੀਆਂ/ਵਿਦਿਆਰਥੀਆਂ ਅੱਗੇ ਰਹੱਸਵਾਦੀ ਅਤੇ ਦਾਰਸ਼ਨਿਕ ਪ੍ਰਸ਼ਨਾਂ ਨਾਲ ਸੰਘਰਸ਼ ਕਰਦੇ ਸਵੈ ਦਾ ਚਿਤਰਨ ਕਰਦੀ ਹੈ, ਇਸ ਨਾਲ ਪੰਜਾਬੀ ਸਾਹਿਤ ਵਿਚ ਇਕ ਨਿੱਘਰ ਵਾਧਾ ਹੋਇਆ ਹੈ ਜੋ ਕਿ ਆਪਣੇ ਦਾਰਸ਼ਨਿਕ ਪ੍ਰਸ਼ਨਾਂ ਤੇ ਸੰਬੰਧਾਂ ਨੂੰ ਗੁਆ ਚੁੱਕਾ ਹੈ।ਪ੍ਰੋ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਇਹ ਕਿਤਾਬ ਪੰਜਾਬੀ ਚੇਤਨਾ ਨੂੰ ਨਵੇਂ ਮੁਕਾਮ ਪ੍ਰਦਾਨ ਕਰਨ ਦੇ ਸਮਰੱਥ ਹੈ।ਡਾ. ਦਰਿਆ ਨੇ ਅਨੁਵਾਦ ਆਪਣੇ ਆਪ ਵਿਚ ਕਠਿਨ ਕਾਰਜ ਹੈ ਪਰ ਅਨੁਵਾਦਕ ਨੇ ਇਹ ਇਹ ਕਾਰਜ ਪੂਰੀ ਨਿਪੁੰਨਤਾ ਸਹਿਤ ਨਿਭਾਇਆ ਹੈ।ਉਨ੍ਹਾਂ ਕਿਹਾ ਕਿ ਸਾਡੀ ਅਕਾਦਮਿਕ ਪ੍ਰਣਾਲੀ ਵਿਦਿਆਰਥੀਆਂ ਨੂੰ ਗਿਆਨ ਤੇ ਸਾਹਿਤ ਨਾਲ ਜੋੜ ਨਹੀਂ ਰਹੀ ਅਤੇ ਲਾਇਬ੍ਰੇਰੀ ਤੇ ਪੁਸਤਕ ਸਭਿਆਚਾਰ ਤੋਂ ਦੂਰ ਕਰ ਰਹੀ ਹੈ।
ਅੱਜ ਦੇ ਸਮਾਗਮਾਂ ਦੌਰਾਨ ਬਲਰਾਜ ਧਾਰੀਵਾਲ ਵੱਲੋਂ ਅਨੁਵਾਦਤ ਨਿਕੋਸ ਕਜ਼ਾਨਜ਼ਾਕਿਸ ਰਚਿਤ ਪੁਸਤਕ ‘ਜ਼ੋਰਬਾ ਦਾ ਗਰੀਕ’, ਸਵ. ਡਾ. ਬਿਕਰਮ ਸਿੰਘ ਦੀ ਏਕ ਓਅੰਕਾਰ ਦਰਸ਼ਨ ਅਤੇ ਡਾ. ਦੇਵਿੰਦਰ ਸਿੰਘ ਦੀ ਓਅੰਕਾਰੀ ਗੁਰਵਿਧਾਨ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ।ਇਸ ਮੌਕੇ ਵਿਸ਼ਾਲ ਪ੍ਰਦਰਸ਼ਨੀਆਂ ਵੀ ਆਯੋਜਿਤ ਕੀਤੀਆਂ ਗਈਆਂ।ਇਨ੍ਹਾਂ ਸਮਾਗਮਾਂ ਵਿਚ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਦਿੱਲੀ ਯੂਨੀਵਰਸਿਟੀ ਦਿੱਲੀ, ਆਈ.ਆਈ.ਟੀ ਦਿੱਲੀ; ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ, ਸਥਾਨਕ ਖਾਲਸਾ ਕਾਲਜ ਤੇ ਖਾਲਸਾ ਕਾਲਜ ਫਾਰ ਵੁਮੈਨ, ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ, ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ ਤੋਂ ਆਏ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਵਾਨ ਅਤੇ ਪਤਵੰਤੇ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply