Thursday, November 21, 2024

ਮਾਖਿਓਂ ਮਿੱਠੀ ਮਾਂ-ਬੋਲੀ

             punjabi-languageਪੰਜਾਬ ਦੀ ਜਿੰਦ-ਜਾਨ ਮਾਖਿਓਂ ਮਿੱਠੀ ਮਾਂ-ਬੋਲੀ ਪੰਜਾਬੀ ਨੂੰ 13 ਅ੍ਰਪੈਲ 1966 ਵਿਚ ਹਿੰਦੁਸਤਾਨ ਦੀ 14ਵੀਂ ਰਾਜ-ਭਾਸ਼ਾ ਦਾ ਦਰਜਾ ਤਾਂ ਭਾਵੇਂ ਮਿਲ ਗਿਆ ਸੀ, ਪਰ ਕੀ ਅੱਜ ਆਜ਼ਾਦ ਭਾਰਤ ਦੀਆਂ ਭਾਸ਼ਾਵਾਂ ਵਿਚ ਪੰਜਾਬੀ ਦਾ ਅਹਿਮ ਸਥਾਨ ਕਾਇਮ ਹੈ? ਪੰਜਾਬੀ ਨੂੰ ਮੁੱਢ ਤੋਂ ਲੈ ਕੇ ਅੱਜ ਤੱਕ ਕਈ ਪ੍ਰਕਾਰ ਦੇ ਠੇਡੇ-ਠੋਕਰਾਂ ਖਾਣੀਆਂ ਪਈਆਂ ਹਨ।ਇਹ ਠੀਕ ਹੈ ਕਿ ਮਨੁੱਖ ਦੀ ਸੋਚਣ-ਸਮਝਣ ਸ਼ਕਤੀ ਏਨੀ ਪ੍ਰਫੁੱਲਿਤ ਹੈ ਕਿ ਉਹ ਅਨੇਕਾਂ ਭਾਸ਼ਾਵਾਂ ਸਿੱਖ ਅਤੇ ਬੋਲ ਸਕਦਾ ਹੈ ਅਤੇ ਹੋਰਨਾਂ ਰਾਜਾਂ ਵਿੱਚ ਵਿਚਰਣ ਲਈ ਮਨੁੱਖ ਨੂੰ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਜਰੂਰੀ ਵੀ ਹੈ। ਮਨੁੱਖ ਚਾਹੇ ਦੂਸਰੀਆਂ ਭਾਸ਼ਾਵਾਂ ’ਤੇ ਕਿੰਨੀ ਵੀ ਪਕੜ ਮਜ਼ਬੂਤ ਕਰ ਲਵੇ, ਪਰ ਆਪਣੀ ਕਲਪਨਾ ਤੇ ਆਪਣੇ ਜ਼ਜਬਾਤਾਂ ਦਾ ਪ੍ਰਗਟਾਵਾ ਉਹ ਸਿਰਫ਼ ਆਪਣੀ ਮਾਂ-ਬੋਲੀ ਵਿਚ ਹੀ ਕਰ ਸਕਦਾ ਹੈ।ਮਾਂ-ਬੋਲੀ ਹੀ ਇਕ ਅਜਿਹੀ ਭਾਸ਼ਾ ਹੈ, ਜਿਸ ਸਦਕਾ ਅਸੀਂ ਆਪਣੇ ਮਨੋਭਾਵਾਂ ਨੂੰ ਬਿਆਨ ਕਰ ਸਕਦੇ ਹਾਂ ’ਤੇ ਇਹ ਸਾਡੀ ਸੰਸਕ੍ਰਿਤੀ ਸਖਸ਼ੀਅਤ ਦਾ ਪੜਾਅ ਵੀ ਦਰਸਾਉਂਦੀ ਹੈ।ਵਿਚਾਰ ਪ੍ਰਗਟਾਉਣ ਜਾਂ ਸਾਂਝੇ ਕਰਨ ਦੀ ਜੋ ਸੁਭਾਵਿਕਤਾ ਮਾਂ-ਬੋਲੀ ਵਿਚ ਹੈ, ਉਹ ਕਿਸੇ ਹੋਰ ਭਾਸ਼ਾ ਵਿੱਚ ਨਹੀ ਹੋ ਸਕਦੀ।
ਪੰਜਾਬੀ ਭਾਸ਼ਾ ਨਾ ਕੇਵਲ ਸਾਹਿਤ ਬਲਕਿ ਲੋਕ-ਸਾਹਿਤ ਦਾ ਵੀ ਵਡਮੁੱਲਾ ਖ਼ਜ਼ਾਨਾ ਹੈ।ਘਰੋਗੀ ਹੋਣ ਕਾਰਨ ਲੋਕਾਂ ਦੇ ਉਦਰੇਵਿਆਂ, ਮੋਹ-ਪਿਆਰ, ਦੁੱਖ-ਸੁੱਖ, ਖੁਸ਼ੀਆਂ ਨੂੰ ਇਹ ਇਸ ਤਰ੍ਹਾਂ ਪ੍ਰਗਟਾਉਂਦੀ ਹੈ ਕਿ ਉਨ੍ਹਾਂ ਦਾ ਮਨ ਰਸ ਭਰਪੂਰ ਹੋ ਉੱਠਦਾ ਹੈ ਅਤੇ ਉਹ ਆਪਣੇ-ਆਪ ਨੂੰ ਹੌਲਾ-ਫੁੱਲ ਮਹਿਸੂਸ ਕਰਦੇ ਹਨ।ਜੇਕਰ ਅਸੀ ਪੰਜਾਬੀ ਭਾਸ਼ਾ ਦੇ ਅਜੋਕੇ ਅਸਲੀ ਰੁੱਤਬੇ ਵੱਲ ਜਾਈਏ ਤਾਂ ਪਤਾ ਲੱਗਦਾ ਹੈ ਕਿ ਇਹ ਕੇਵਲ ਪੰਜਾਬੀ ਪਾਠਕਾਂ, ਆਮ ਲੋਕਾਂ ਅਤੇ ਪੱਛੜੇ ਵਰਗਾਂ ਦੀ ਬੋਲੀ ਬਣ ਕੇ ਹੀ ਰਹਿ ਗਈ ਹੈ।ਅੰਗਰੇਜ਼ੀ ਰਾਜ ਸਮੇਂ ਤਾਂ ਪੰਜਾਬੀ ਦੀ ਦਸ਼ਾ ਹੋਰ ਵੀ ਤਰਸਯੋਗ ਹੋ ਗਈ ਸੀ।ਪ੍ਰੰਤੂ ਨਿਰੰਤਰ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜ਼ੂਦ ਵੀ ਕਦੇ ਵਾਰਾਂ, ਕਦੇ ਨਾਵਲ, ਕਦੇ ਕਿੱਸੇ, ਕਾਫ਼ੀਆਂ ਆਦਿ ਕਈ ਪ੍ਰਕਾਰ ਦੇ ਸਾਹਿਤ-ਰੂਪ ਦਾ ਅਨਿੱਖੜਵਾਂ ਅੰਗ ਬਣਦੀ ਰਹੀ।ਸ਼ਾਇਦ ਸਦੀਵੀਂ ਚਾਲ ਅਤੇ ਪੁਰਾਤਨ ਭਾਸ਼ਾ ਹੋਣ ਕਰਕੇ ਹੀ ਇਹ ਕਿਸੇ ਨਾ ਕਿਸੇ ਰੂਪ ਵਿੱਚ ਨਿਰੰਤਰ ਸੁਰਜੀਤ ਹੈ।ਪੰਜਾਬੀ ਭਾਸ਼ਾ ਕੇਵਲ ਹੁਣੇ ਬਣ ਕੇ ਤਿਆਰ ਨਹੀਂ ਹੋੲ, ਬਲਕਿ ਇਸ ਨੂੰ ਕਈ ਪੜ੍ਹਾਵਾਂ ਵਿਚੋਂ ਨਿਕਲ ਕੇ ਤਿਆਰ ਹੋਣਾ ਪਿਆ ਹੈ।ਕੰਨਪਾਟੇ ਜੋਗੀਆਂ ਤੋਂ ਸ਼ੁਰੂ ਹੋ ਕੇ ਬਾਬਾ ਫ਼ਰੀਦ ਜੀ ਦੇ ਸ਼ਲੋਕਾਂ ਵਿੱਚੋਂ ਵਿਚਰਦੀ ਹੋਈ ਗੁਰੂਆਂ ਦੀ ਮਿੱਠੀ ਤੇ ਪਵਿੱਤਰ ਬਾਣੀ ਤੋਂ ਸੰਚਾਰ ਕਰਦੀ ਆਧੁਨਿਕ ਸਾਹਿਤਕਾਰਾਂ/ ਲੇਖਕਾਂ ਦੀਆਂ ਰਚਨਾਵਾਂ ਦਾ ਹਿੱਸਾ ਬਣ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼ਲੋਕ, ਕਾਫ਼ੀਆਂ, ਵਾਰਾਂ ਆਦਿ ਤੇ ਅੱਜ ਦੇ ਸਾਹਿਤਕਾਰਾਂ ਦਾ ਰਚਿਆ ਵਧੀਆ ਸਾਹਿਤ ਵੀ ਮਨੁੱਖ ਨੂੰ ਆਤਮਿਕ ਸ਼ਾਂਤੀ ਦੇਣ ’ਤੇ ਜੋਸ਼ ਭਰਨ ਵਿੱਚ ਸਹਾਈ ਹੰੁਦਾ ਹੈ।ਪਰ ਇਸ ਸਭ ਦੇ ਬਾਵਜੂੁਦ ਵੀ ਪੰਜਾਬੀ ਭਾਸ਼ਾ ਦੀ ਹਾਲਤ ਦਿਨੋਂ-ਦਿਨ ਨਾਜ਼ਕ ਹੰੁਦੀ ਜਾ ਰਹੀ ਹੈ। ਮਾਂ-ਬੋਲੀ ਦਾ ਦਰਜਾ ਘਟਦਾ ਜਾ ਰਿਹਾ ਹੈ ਅਤੇ ਇਸ ਦੀ ਜਗ੍ਹਾ ਅੰਗਰੇਜ਼ੀ ਦਾ ਪਸਾਰ ਜ਼ਿਆਦਾ ਪ੍ਰਚੱਲਿਤ ਹੋ ਰਿਹਾ ਹੈ, ਜੋ ਪੰਜਾਬ ਤੇ ਪੰਜਾਬੀ ਪ੍ਰਮੀਆਂ ਲਈ ਚਿੰਤਾ ਦਾ ਵਿਸ਼ਾ ਹੈ।

Simran Kaur Bathinda

ਸਿਮਰਨ ਕੌਰ
ਵਿਦਿਆਰਥਣ ਮਾਲਵਾ ਕਾਲਜ,
ਸ਼ਹੀਦ ਭਾਈ ਮਤੀ ਨਗਰ,
ਬਠਿੰਡਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply