ਡੀ.ਸੀ ਨੇ ਜਲ ਸਪਲਾਈ ਵਿਭਾਗ ਨੂੰ ਖੁੱਲੇ `ਚ ਸ਼ੌਚ ਮੁਕਤ ਦਾ ਦਿੱਤਾ ਪ੍ਰਮਾਣ ਪੱਤਰ
ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਜਿਲ੍ਹਾ ਪ੍ਰੀਸ਼ਦ ਹਾਲ ਵਿਚ ਅੰਮਿ੍ਰਤਸਰ ਜਿਲ੍ਹੇ ਨੂੰ ਖੁੱਲ੍ਹੇ ਵਿੱਚ ਸੌਚ ਮੁਕਤ (ਜੰਗਲ ਪਾਣੀ) ਕੀਤੇ ਜਾਣ ਦਾ ਐਲਾਨ ਕੀਤਾ।ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ਦੀਆਂ ਸਾਰੀਆਂ 843 ਗ੍ਰਾਮ ਪੰਚਾਇਤਾਂ ਵੱਲੋਂ ਆਪਣੇ ਪੱਧਰ `ਤੇ ਖੁੱਲੇ੍ਹ ਵਿੱਚ ਸੌਚ ਮੁਕਤ ਹੋਣ ਦਾ ਪ੍ਰਮਾਣ ਪੱਤਰ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਮ੍ਰਿਤਸਰ ਨੂੰ ਸੌਂਪਿਆ।ਸੰਘਾ ਨੇ ਅੱਜ ਇਸ ਸਬੰਧੀ ਆਪਣਾ ਤਸਦੀਕ ਕੀਤਾ ਸਰਟੀਫਿਕੇਟ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਮ੍ਰਿਤਸਰ ਦੇ ਨਿਗਰਾਨ ਇੰਜੀਨੀਅਰ, ਯਾਦਵਿੰਦਰ ਸਿੰਘ ਢਿੱਲੋਂ ਨੂੰ ਸੌਪਿਆ ਅਤੇ ਨਾਲ ਹੀ ਵਧਾਈ ਦਿੰਦੇ ਹੋਏ ਕਿਹਾ ਕਿ ਪੰਚਾਇਤਾਂ ਵੱਲੋਂ ਐਲਾਨੇ ਗਏ ਖੁੱਲੇ ਵਿੱਚੋਂ ਮਲ ਤਿਆਗ ਦੀ ਸਥਿਤੀ ਦੀ ਕਰਾਸ ਵੈਰੀਫਿਕੇਸ਼ਨ ਜਲਦੀ ਤੋਂ ਜਲਦੀ ਕਰਵਾ ਲਈ ਜਾਵੇ । ਉਨ੍ਹਾਂ ਦੱਸਿਆ ਇਸ ਖੁੱਲੇ ਵਿੱਚ ਸੌਚ ਮੁਕਤ ਦੀ ਸਥਿਤੀ ਨੂੰ ਹਰ ਹਾਲ ਵਿਚ ਬਰਕਰਾਰ ਰੱਖਣ ਦਾ ਹਰ ਸੰਭਵ ਯਤਨ ਕੀਤਾ ਜਾਵੇ।
ਸੰਘਾ ਨੇ ਦੱਸਿਆ ਕਿ ਪਿੰਡਾਂ ਵਿਚ ਵੱਖ-ਵੱਖ ਤਰ੍ਹਾਂ ਦੀਆਂ ਆਈ.ਈ.ਸੀ ਐਕਟੀਵਿਟੀਆਂ ਕਰਵਾਈਆਂ ਜਾਣ ਤਾਂ ਜੋ ਪਿੰਡਾਂ ਵਿਚ ਵੱਸਦੇ ਲੋਕਾਂ ਨੂੰ ਖੁੱਲ੍ਹੇ ਵਿੱਚ ਸੌਚ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੁਕ ਕੀਤਾ ਜਾ ਸਕੇੇ।ਉਨ੍ਹਾਂ ਕਿਹਾ ਕਿ ਬੜ੍ਹੇ ਹੀ ਲੰਬੇ ਸੰਘਰਸ਼ ਤੋਂ ਬਾਅਦ ਇਸ ਨਾਮੁਰਾਦ ਕੁਰੀਤੀ ਨੂੰ ਖਤਮ ਕੀਤਾ ਗਿਆ ਹੈ ਅਤੇ ਇਹ ਵੀ ਕਿਹਾ ਕਿ ਇਸ ਨਾਮੁਰਾਦ ਕੁਰੀਤੀ ਨੂੰ ਜੜ੍ਹ ਤੋਂ ਹੀ ਖਤਮ ਕਰਨ ਲਈ ਹਰ ਇੱਕ ਨਾਗਰਿਕ ਦਾ ਆਪਣਾ ਫਰਜ ਹੈ।
ਉਨਾਂ ਨੇ ਮੌਕੇ `ਤੇ ਓ.ਡੀ.ਐਫ ਦੀ ਕਰਾਸ ਵੈਰੀਫਿਕੇਸ਼ਨ ਲਈ ਲਗਾਈਆਂ ਗਈਆਂ ਟੀਮਾਂ ਨੂੰ ਆਦੇਸ਼ ਦਿੱਤੇ ਕਿ ਸਾਰੇ ਪਿੰਡਾਂ ਦੀ ਖੁੱਲੇ ਵਿੱਚ ਮਲ ਤਿਆਗ ਤੋਂ ਮੁਕਤੀ ਦੀ ਵੈਰੀਫਿਕੇਸ਼ਨ ਨੂੰ ਹਰ ਹਾਲ ਵਿਚ 15 ਅਪਰੈਲ ਤੱਕ ਮੁਕੰਮਲ ਕਰ ਲਿਆ ਜਾਵੇ।ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਕੰਮ 15 ਜੂਨ 2018 ਤੱਕ ਹਰ ਹਾਲ ਵਿਚ ਮੁਕੰਮਲ ਕਰਵਾਉਣੇ ਯਕੀਨੀ ਬਣਾਏ ਜਾਣ।ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਪਖਾਨੇ ਬਨਾਉਣ ਦੇ ਕੰਮ ਵਿਚ ਭਾਰਤੀ ਫਾਊਂਡੇਸ਼ਨ ਵੱਲੋਂ ਵੀ ਬੜਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਹੁਣ ਤੱਕ ਤਕਰੀਬਨ 2 ਕਰੋੜ ਰੁਪਏ ਦੇ ਫੰਡ ਇਸ ਕੰਮ ਵਾਸਤੇ ਭਾਰਤੀ ਫਾਉਂਡੇਸ਼ਨ ਪਾਸੋਂ ਪ੍ਰਾਪਤ ਕੀਤੇ ਜਾ ਚੁੱਕੇ ਹਨ। ਵਿਭਾਗ ਨੂੰ ਇਸ ਕੰਮ ਵਾਸਤੇ ਹੁਣ ਤੱਕ ਤਕਰੀਬਨ 33 ਕਰੋੜ ਰੁਪਏ ਦੇ ਫੰਡ ਪ੍ਰਾਪਤ ਹੋ ਚੁੱਕੇ ਹਨ ਅਤੇ ਚੁਣੇ ਗਏ ਲਾਭਪਾਤਰੀਆਂ ਨੂੰ ਅਦਾਇਗੀ ਵੀ ਕਰ ਦਿੱਤੀ ਗਈ ਹੈ।
ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰਵਿੰਦਰ ਸਿੰਘ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਗੁਰਪ੍ਰੀਤ ਸਿੰਘ ਗਿੱਲ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਐਸ.ਕੇ ਸ਼ਰਮਾ, ਪੁਨੀਤ ਭਸੀਨ, ਐਸ.ਡੀ.ਓ ਜਸਵੰਤ ਸਿੰਘ, ਐਸ.ਡੀ.ਓ ਸੁਖਮਿੰਦਰ ਸਿੰਘ, ਐਮ.ਆਈ.ਐਸ ਸਪੈਸਲਿਸ਼ਟ ਸਰਬਜੀਤ ਸਿੰਘ ਰੰਧਾਵਾ, ਕਮਿਉਨਿਟੀ ਡਿਵੈਲਪਮੈਂਟ ਸਪੈਸਲਿਸ਼ਟ ਸ੍ਰੀਮਤੀ ਵਿਭੂਤੀ ਸ਼ਰਮਾ, ਜੂਨੀਅਰ ਇੰਜੀਨੀਅਰ ਛਕਿੰਦਰ ਸਿੰਘ, ਰਾਜਪਾਲ ਸਿੰਘ ਅਤੇ ਰਜਤ ਮਦਾਨ, ਜਿਲ੍ਹਾ ਸਵੱਛ ਭਾਰਤ ਪ੍ਰੇਰਕ ਮੌਜੂਦ ਸਨ।