ਕੈਪਟਨ ਸਰਕਾਰ ਦੁੱਖ ਦੀ ਘੜੀ ਇਨ੍ਹਾਂ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ- ਸਿੱਧੂ
ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ- ਮਨਜੀਤ ਸਿੰਘ/ ਸੁਖਬੀਰ ਸਿੰਘ – ਇਰਾਕ ਵਿਚ ਇਸਲਾਮਿਕ ਸਟੇਟ ਹੱਥੋਂ ਮਾਰੇ ਗਏ 39 ਭਾਰਤੀਆਂ ਵਿਚੋਂ 38 ਦੀਆਂ ਮ੍ਰਿਤਕ ਦੇਹਾਂ ਅੱਜ ਸਥਾਨਕ ਗੁਰੂ ਰਾਮ ਦਾਸ ਹਵਾਈ ਅੱਡੇ ’ਤੇ ਪਹੁੰਚ ਗਈਆਂ।ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਇਰਾਕ ਤੋਂ ਹਵਾਈ ਫੌਜ ਦੇ ਜਹਾਜ਼ ਵਿਚ ਇਹ ਮ੍ਰਿਤਕ ਸਰੀਰ ਲੈ ਕੇ ਸਿੱਧੇ ਅੰਮ੍ਰਿਤਸਰ ਪੁਹੰਚੇ।ਜਿਥੇ ਪੰਜਾਬ ਸਰਕਾਰ ਦੀ ਤਰਫੋਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ 27 ਪੰਜਾਬੀਆਂ ਦੀਆਂ ਮ੍ਰਿਤਕ ਦੇਹਾਂ ਪ੍ਰਾਪਤ ਕੀਤੀਆਂ, ਜਦਕਿ 4 ਮ੍ਰਿਤਕ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਹੋਣ ਕਾਰਨ ਉਨਾਂ ਦੀਆਂ ਦੇਹਾਂ ਹਿਮਾਚਲ ਪ੍ਰਦੇਸ਼ ਦੇ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਕਿਸ਼ਨ ਕਪੂਰ ਲੈ ਕੇ ਹਿਮਾਚਲ ਲਈ ਰਵਾਨਾ ਹੋ ਗਏ।7 ਨੌਜਵਾਨ ਪੱਛਮੀ ਬੰਗਾਲ ਤੇ ਬਿਹਾਰ ਨਾਲ ਸਬੰਧਤ ਸਨ, ਜਿੰਨਾਂ ਦੀਆਂ ਦੇਹਾਂ ਇਥੋਂ ਦੂਸਰੇ ਹਵਾਈ ਜਹਾਜ਼ ਵਿਚ ਲੈ ਕੇ ਵੀ.ਕੇ ਸਿੰਘ ਅੰਮ੍ਰਿਤਸਰ ਤੋਂ ਕੋਲਕਾਤਾ ਲਈ ਰਵਾਨਾ ਹੋਏ।
ਹਵਾਈ ਅੱਡੇ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਉਕਤ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਤੌਰ ’ਤੇ ਭੇਜਿਆ ਹੈ ਅਤੇ ਉਨਾਂ ਦੇ ਹੁਕਮ ਮੁਤਾਬਕ ਉਹ ਪੰਜਾਬ ਸਰਕਾਰ ਵਲੋਂ ਪੀੜਤ ਪਰਿਵਾਰਾਂ ਦੇ ਇਕ-ਇਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਅਤੇ ਪੰਜ ਲੱਖ ਰੁਪਏ ਨਗਦ ਦੇਣ ਦਾ ਐਲਾਨ ਕਰ ਰਿਹਾ ਹਨ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਵੀ ਉਕਤ ਪੀੜਤ ਪਰਿਵਾਰਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਦੁੱਖ ਦੀ ਘੜੀ ਇਨ੍ਹਾਂ ਪਰਿਵਾਰਾਂ ਦੇ ਨਾਲ ਹੈ।ਸਿੱਧੂ ਨੇ ਕਿਹਾ ਕਿ ਉਨਾਂ ਨੂੰ ਦੁੱਖ ਹੈ ਕਿ ਜੋ ਬੱਚੇ ਵਿਦੇਸ਼ ਦੀ ਧਰਤੀ ’ਤੇ ਕਿਰਤ ਕਰਦੇ ਹੋਏ ਅੱਤਵਾਦੀਆਂ ਹੱਥੋਂ ਮਾਰੇ ਗਏ ਹਨ।ਉਨਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਗਲਤ ਢੰਗ ਨਾਲ ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਵੇਗੀ, ਤਾਂ ਕਿ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਾਲੇ ਇੰਨਾਂ ਲੋਕਾਂ ਨੂੰ ਨੱਥ ਪਾਈ ਜਾ ਸਕੇ।ਸਿੱਧੂ ਨੇ ਇਸ ਮੌਕੇ ਵੀ.ਕੇ ਸਿੰਘ ਦਾ ਵਿਸੇਸ਼ ਧੰਨਵਾਦ ਕੀਤਾ, ਜਿੰਨਾਂ ਦੀਆਂ ਕੋਸ਼ਿਸ਼ਾਂ ਸਦਕਾ ਇਨ੍ਹਾਂ ਨੌਜਵਾਨਾਂ ਦੀ ਦੇਹਾਂ ਆਪਣੀ ਧਰਤੀ ’ਤੇ ਪੁੱਜ ਸਕੀਆਂ ਹਨ।
ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਲਤ ਲੋਕਾਂ ਦੇ ਹੱਥਾਂ ਵਿਚ ਆ ਕੇ ਗਲਤ ਢੰਗ ਨਾਲ ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜਣ, ਕਿਉਂਕਿ ਏਜੰਟਾਂ ਵੱਲੋਂ ਵਿਖਾਏ ਸੁਪਨੇ ਅਕਸਰ ਸੱਚ ਨਹੀਂ ਹੁੰਦੇ।ਉਨਾਂ ਦੱਸਿਆ ਕਿ ਵਿਦੇਸ਼ ਵਿਭਾਗ ਨੇ ਇਰਾਕ ਦੀ ਫੌਜ ਨਾਲ ਲਗਾਤਾਰ ਰਾਬਤਾ ਰੱਖ ਕੇ ਇੰਨਾਂ ਨੌਜਵਾਨਾਂ ਦਾ ਪਤਾ ਲਗਾਇਆ ਅਤੇ ਫਿਰ ਮ੍ਰਿਤਕ ਸਰੀਰ ਲੱਭੇ।ਉਸ ਮਗਰੋਂ ਡੀ.ਐਨ.ਏ ਰਿਪੋਰਟਾਂ ਦੇ ਅਧਾਰ ’ਤੇ ਇੰਨਾਂ ਦੇ ਪਰਿਵਾਰਾਂ ਦੀ ਸ਼ਨਾਖਤ ਕੀਤੀ ਗਈ, ਤਾਂ ਜਾ ਕੇ ਇਹ ਮ੍ਰਿਤਕ ਸਰੀਰ ਭਾਰਤ ਆ ਸਕੇ ਹਨ।ਉਨਾਂ ਦੱਸਿਆ ਕਿ ਇਕ ਭਾਰਤੀ ਦਾ ਡੀ.ਐਨ.ਏ ਪੂਰਾ ਨਾ ਮਿਲਣ ਕਾਰਨ ਅਜੇ ਉਸ ਦੀ ਮ੍ਰਿਤਕ ਦੇਹ ਭਾਰਤ ਨਹੀਂ ਲਿਆਂਦੀ ਜਾ ਸਕੀ।ਉਨਾਂ ਕਿਹਾ ਕਿ ਕੇਂਦਰ ਸਰਕਾਰ ਵੀ ਰਾਜ ਸਰਕਾਰ ਨਾਲ ਮਿਲ ਕੇ ਇਨ੍ਹਾਂ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰੇਗੀ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਮੌਕੇ ਮ੍ਰਿਤਕ ਦੇਹਾਂ ਉਨ੍ਹਾਂ ਦੇ ਘਰਾਂ ਤੱਕ ਪਹੰਚਾਉਣ ਅਤੇ ਆਏ ਹੋਏ ਮਾਪਿਆਂ ਤੇ ਰਿਸ਼ਤੇਦਾਰਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਗਈ।ਜਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਹਰੇਕ ਮ੍ਰਿਤਕ ਦੇਹ ਘਰ ਤੱਕ ਪਹੁੰਚਾਉਣ ਲਈ ਐਬੂਲੈਂਸ ਦੇ ਨਾਲ-ਨਾਲ ਇਕ-ਇਕ ਅਧਿਕਾਰੀ ਦੀ ਡਿਊਟੀ ਲਗਾਈ ਗਈ ਸੀ, ਜੋ ਕਿ ਇਮੀਗਰੇਸ਼ਨ ਅਤੇ ਮੈਡੀਕਲ ਦਸਤਾਵੇਜਾਂ ਦੀ ਕਾਰਵਾਈ ਪੂਰੀ ਕਰਵਾ ਕੇ ਮ੍ਰਿਤਕ ਦੇਹ ਲੈ ਕੇ ਰਵਾਨਾ ਹੋਏ।
ਇਸ ਮੌਕੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਲਾਲੀ ਮਜੀਠੀਆ ਅਤੇ ਹੋਰ ਹਸਤੀਆਂ ਵੀ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਪੁੱਜੇ ਹੋਏ ਸਨ।ਜਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਮੁੱਖ ਪ੍ਰਸ਼ਾਸਕ ਏ.ਡੀ.ਏ ਤਜਿੰਦਰਪਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਕੁਮਾਰ, ਸਹਾਇਕ ਕਮਿਸ਼ਨਰ ਮੈਡਮ ਅਲਕਾ ਕਾਲੀਆ, ਐਸ.ਡੀ.ਐਮ ਨਿਤੀਸ਼ ਸਿੰਗਲਾ, ਐਸ.ਡੀ.ਐਮ ਰਜਤ ਉਬਰਾਏ, ਐਸ.ਡੀ.ਐਮ ਵਿਕਾਸ ਹੀਰਾ, ਐਸ.ਡੀ.ਐਮ ਰਵਿੰਦਰ ਸਿੰਘ ਅਰੋੜਾ, ਜੁਇੰਟ ਕਮਿਸ਼ਨਰ ਸੌਰਵ ਅਰੋੜਾ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਪੀੜ੍ਹਤ ਪਰਿਵਾਰਾਂ ਦੀ ਸਹਾਇਤਾ ਲਈ ਸਵੇਰ ਤੋਂ ਹੀ ਹਵਾਈ ਅੱਡੇ ’ਤੇ ਹਾਜ਼ਰ ਰਹੇ।ਸੂਚਨਾ ਅਨੁਸਾਰ ਮ੍ਰਿਤਕ ਦੇਹਾਂ ਦਾ ਉਨਾਂ ਦੇ ਪਰਿਵਾਰਾਂ ਵਲੋਂ ਸਸਕਾਰ ਕਰ ਦਿੱਤਾ ਗਿਆ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …