ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ ਬਿਊਰੋ)– 1984 ਸਿੱਖ ਨਸਲਕੁਸ਼ੀ ਨੂੰ ਪੂਰੇ 30 ਵਰ੍ਹੇ ਹੋ ਚੁੱਕੇ ਹਨ ਪਰ ਭਾਰਤੀ ਕਾਨੂੰਨ ਵੱਲੋਂ ਸਿੱਖਾਂ ਪ੍ਰਤੀ ਅਪਣਾਏ ਜਾ ਰਹੇ ਦੋਹਰੇ ਮਾਪਦੰਡਾ ਕਾਰਨ ਮੁਲਜ਼ਮ ਸਾਬਤ ਹੋਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਸਜਾਵਾਂ ਨਹੀਂ ਦਿੱਤੀਆਂ ਗਈਆਂ ਅਤੇ ਹੁਣ ਨਵੰਬਰ 84 ਦੇ ਪੀੜ੍ਹਤਾਂ ਦਾ ਅਦਾਲਤਾਂ ਤੋਂ ਵੀ ਭਰੋਸਾ ਉਠ ਗਿਆ ਹੈ। ਜਿਸ ਤੋਂ ਨਰਾਸ਼ ਹੋਏ ਸਮੂੰਹ ਕਤਲੇਆਮ ਪੀੜਤਾਂ ਵੱਲੋਂ ਹੁਣ ਇਸ ਮਸਲੇ ਨੂੰ ਕੌਮਾਂਤਰੀ ਪੱਧਰ ਤੇ ਜੋਰਦਾਰ ਢੰਗ ਨਾਲ ਉਡਾਉਣ ਦਾ ਫੈਸਲਾ ਕੀਤਾ ਗਿਆ, ਜਿਸ ਵਿੱਚ ਨਿਊਯਾਰਕ ਸਥਿਤ ਮਨੁੱਖੀ ਅਧਿਕਾਰ ਸੰਸਥਾ ਸਿੱਖ ਫਾਰ ਜਸਟਿਸ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਨੈਸ਼ਨਲ ਨਵੰਬਰ 1984 ਵਿਕਟਿਮ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਸੰਯੁਕਤ ਰਾਸ਼ਟਰ ਦੇ ਹੈਡ ਕੁਆਟਰ ਤੱਕ ਇਨਸਾਫ ਦੀ ਮਸ਼ਾਲ ਨੂੰ ਲੈ ਕਿ ਜਾਣ ਦਾ ਪ੍ਰਣ ਕੀਤਾ ਗਿਆ ਹੈ। ਜਿਸ ਦੀ ਸ਼ੁਰੂਆਤ 15 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਉਪਰੰਤ ਕੀਤੀ ਜਾਵੇਗੀ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੀਤਾ, ਕਿਹਾ ਕਿ ਨਾਨਾਵਤੀ ਕਮਿਸ਼ਨ ਵੱਲੋਂ ਸਿਫਾਰਸ਼ ਕੀਤੇ ਜਾਣ ਦੇ ਬਾਵਜੂਦ ਵੀ ਭਾਰਤ ਸਰਕਾਰ ਆਪਣੇ ਇੰਨ੍ਹਾਂ ਕਾਂਗਰਸੀ ਲੀਡਰਾਂ ਨੂੰ ਆਪਣੀ ਛਤਰ ਛਾਇਆ ਹੇਠ ਬਚਾ ਰਹੀ ਹੈ। ਜਿੰਨ੍ਹਾਂ ਨੇ ਸ਼ਰੇਆਮ ਸਿੱਖਾਂ ਦੇ ਕਤਲੇਆਮ ਦੀ ਅਗਵਾਈ ਕਰਕੇ ਉਨ੍ਹਾਂ ਨੂੰ ਮਾਰਿਆ ਸੀ ਅਤੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ ਵੀ ਯੋਜਨਾਬੰਦ ਤਰੀਕੇ ਨਾਲ ਇਕੋ ਵੇਲੇ ਨਿਸ਼ਾਨਾ ਬਣਾਇਆ ਗਿਆ।
ਇਸ ਮੌਕੇ ਆਈ.ਐਸ.ਓ. ਅੰਮ੍ਰਿਤਸਰ ਦੇ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ ਨੇ ਕਿਹਾ ਕਿ ਫੈਡਰੇਸ਼ਨ ਵੱਲੋਂ ਜਿਹੜਾ ਇਹ ਇੰਨਸਾਫ ਦੀ ਮਸ਼ਾਲ ਪ੍ਰੋਗਰਾਮ ਉਲੀਕਿਆ ਗਿਆ ਹੈ ਉਸ ਨੂੰ ਸਫਲ ਬਣਾਉਣ ਲਈ ਜਥੇਬੰਦੀ ਵੱਲੋਂ ਪੂਰੀ ਯੋਜਨਾ ਬਣਾ ਲਈ ਗਈ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਜਾ ਰਹੀ ਅਰਦਾਸ ਵਿੱਚ ਸਮੂੰਹ ਸੰਗਤਾਂ, ਨੌਜਵਾਨ ਵੀਰਾਂ, ਧਾਰਮਿਕ ਸਿੱਖ ਜਥੇਬੰਦੀਆਂ, ਸਿੱਖ ਕਤਲੇਆਮ ਪੀੜ੍ਹਤ ਪਰਿਵਾਰਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਤਾਂ ਜੋ ਸਿੱਖ ਕੌਮ ਦੀ ਇਸ ਸਾਂਝੀ ਇਨਸਾਫ ਦੀ ਲੜਾਈ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਵਿਸ਼ੇਸ਼ ਤੌਰ ਤੇ ਆਈ.ਐਸ.ਓ. ਦੇ ਕੌਮੀ ਸੀਨੀ: ਮੀਤ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਖਾਲਸਾ ਅੱਜ ਅੰਮ੍ਰਿਤਸਰ ਪਹੁੰਚੇ ਹਨ ਜਿੰਨ੍ਹਾਂ ਨੇ ਕੀਤੀ ਜਾ ਰਹੀਆਂ ਤਿਆਰੀਆਂ ਦੀ ਸੰਤੁਸ਼ਟੀ ਪ੍ਰਗਟਾਈ ਹੈ। ਇਸ ਮੌਕੇ ਗੁਰਮਨਜੀਤ ਸਿੰਘ ਅੰਮ੍ਰਿਤਸਰ, ਜਗਮੋਹਨ ਸਿੰਘ ਸ਼ਾਂਤ, ਗੁਰਿੰਦਰ ਸਿੰਘ, ਪ੍ਰਭਜੋਤ ਸਿੰਘ, ਗੁਰਜੋਤ ਸਿੰਘ ਵੀ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …