Sunday, July 13, 2025
Breaking News

ਮੇਘਾਲਿਆ ਸਰਕਾਰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ – ਬਾਬਾ ਹਰਨਾਮ ਸਿੰਘ ਖ਼ਾਲਸਾ

ਕਿਹਾ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਸਿੱਖਾਂ ਨੂੰ ਸ਼ਿਲੌਗ ’ਚੋਂ ਖਦੇੜਣ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ
ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੂਬਾ ਮੇਘਾਲਿਆ ਦੇ ਸ਼ਹਿਰ ਸ਼ਿਲੌਗ ਵਿਖੇ ਸਿਖ ਭਾਈਚਾਰੇ ’ਤੇ ਕੁੱਝ ਸਥਾਨਕ ਲੋਕਾਂ ਵੱਲੋਂ ਨਿਰੰਤਰ ਕੀਤੇ ਜਾ ਰਹੇ ਹਮਲਿਆਂ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ਸਿੱਖ ਭਾਈ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਉਕਤ ਮਾਮਲੇ ਵਿਚ ਸਿੱਖਾਂ ਦੀ ਸੁਰੱਖਿਆ ਲਈ ਦਖ਼ਲ ਦੇਣ ਲਈ ਕਿਹਾ ਹੈ।
ਉਨ੍ਹਾਂ ਦਸਿਆ ਕਿ ਸ਼ਿਲੌਗ ’ਚ ਸਿੱਖ ਭਾਈਚਾਰਾ ਹਮਲੇ ਹੇਠ ਹੈ ਅਤੇ ਉਹ ਸਹਿਮ ਅਤੇ ਡਰ ਦੇ ਸਾਏ ਹੇਠ ਵਿਚਰ ਰਿਹਾ ਹੈ।ਸਿੱਖ ਧਾਰਮਿਕ ਸੰਸਥਾਵਾਂ, ਘਰਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਸ਼ਰਾਰਤੀ ਤੇ ਫ਼ਿਰਕੂ ਲੋਕਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਉਕਤ ਫ਼ਿਰਕੂ ਹਿੰਸਾ ਸ਼ਿਲੌਗ ਵਿਚ ਸਥਾਪਿਤ ਸਿਖ ਭਾਈਚਾਰੇ ਨੂੰ ਖਦੇੜਣ ਦੀ ਸਾਜ਼ਿਸ਼ ਦਾ ਨਤੀਜਾ ਹੈ, ਜੋ ਮਿਹਨਤ ਨਾਲ ਕਾਰੋਬਾਰ ਅਤੇ ਵਪਾਰ ਕਰਦਿਆਂ ਆਪਣੇ ਆਪ ਨੂੰ ਉੱਥੇ ਸਥਾਪਿਤ ਕੀਤਾ ਹੋਇਆ ਹੈ।ਮੇਘਾਲਿਆ ’ਚ ਘੱਟਗਿਣਤੀ ਸਿਖ ਭਾਈਚਾਰੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੇ, ਪਰ ਅਫ਼ਸੋਸ ਕਿ ਸੂਬਾ ਸਰਕਾਰ ਹੁਣ ਤੱਕ ਕੋਈ ਠੋਸ ਕਦਮ ਨਹੀਂ ਉਠਾ ਰਹੀ ਹੈ, ਸਗੋਂ ਫ਼ਿਰਕੂ ਤਨਾਅ ਵਧਣ ਦਾ ਮੌਕਾ ਦੇ ਰਹੀ ਹੈ।ਉਨ੍ਹਾਂ ਕਿਹਾ ਕਿ ਸਿੱਖਾਂ ’ਤੇ ਹੋ ਰਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ, ਇਹੋ ਜਿਹੇ ਫ਼ਿਰਕੂ ਹਮਲੇ ਦੇਸ਼ ਦੇ ਹਿਤ ’ਚ ਵੀ ਨਹੀਂ ਹੋਵੇਗਾ।ਸੰਵੇਦਨਸ਼ੀਲ ਮੁਦੇ ਪ੍ਰਤੀ ਦਮਦਮੀ ਟਕਸਾਲ ਮੁਖੀ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਆਪਣੀ ਭੂਮਿਕਾ ਨਿਭਾਉਣ ਲਈ ਜੋਰ ਦਿੱਤਾ।ਉਨ੍ਹਾਂ ਸਿਖ ਕੌਮ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ।ਉਨ੍ਹਾਂ ਮੇਘਾਲਿਆ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਸਿਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਦੇ ਕਦਮ ਤੁਰੰਤ ਚੁੱਕਣ ਦੀ ਮੰਗ ਕੀਤੀ ਹੈ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply