ਅੰਮ੍ਰਿਤਸਰ 5 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਅੱਜ ਤਿੰਨ ਪ੍ਰਮੁੱਖ ਸ਼ਖ਼ਸੀਅਤਾਂ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ, ਸ਼ਹੀਦ ਭਾਈ ਗਿਆਨ ਸਿੰਘ ਅਤੇ ਗਿਆਨੀ ਹਰਨਾਮ ਸਿੰਘ ਦਰਦੀ ਬਾਨੀ ਚੜ੍ਹਦੀ ਕਲਾ ਗਰੁੱਪ ਦੀਆਂ ਤਸਵੀਰਾਂ ਲਗਾਈਆਂ ਗਈਆਂ।ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਂਝੇ ਤੌਰ ’ਤੇ ਨਿਭਾਈ।ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕੀਤਾ ਅਤੇ ਭਾਈ ਸੁਲਤਾਨ ਸਿੰਘ ਨੇੇ ਅਰਦਾਸ ਕੀਤੀ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਸ਼ਹੀਦਾਂ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਤਿਕਾਰ ਕਰਦੀ ਹੈ ਅਤੇ ਇਸੇ ਤਹਿਤ ਹੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਅੱਜ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ, ਸ਼ਹੀਦ ਭਾਈ ਗਿਆਨ ਸਿੰਘ ਅਤੇ ਗਿਆਨੀ ਹਰਨਾਮ ਸਿੰਘ ਦਰਦੀ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।ਪ੍ਰਧਾਨ ਲੋਂਗੋਵਾਲ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸਿੱਖ ਕੌਮ ਦੀ ਨਿਆਰੀ ਹੋਂਦ ਨੂੰ ਰੂਪਮਾਨ ਕਰਦਾ ਉਹ ਅਸਥਾਨ ਹੈ ਜਿੱਥੋਂ ਸਿੱਖ ਇਤਿਹਾਸ, ਵਿਰਾਸਤ ਅਤੇ ਸੰਘਰਸ਼ ਦੀ ਝਲਕ ਦਿਖਾਈ ਦਿੰਦੀ ਹੈ। ਉਨ੍ਹਾਂ ਗਿਆਨੀ ਹਰਨਾਮ ਸਿੰਘ ਦਰਦੀ, ਭਾਈ ਗੁਰਦੇਵ ਸਿੰਘ ਕਾਉਂਕੇ ਅਤੇ ਸ਼ਹੀਦ ਭਾਈ ਗਿਆਨ ਸਿੰਘ ਦੇ ਯੋਗਦਾਨ ਤੋਂ ਵੀ ਜਾਣੂੰ ਕਰਵਾਇਆ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਸੰਬੋਧਨ ਕੀਤਾ।ਭਾਈ ਗਰੇਵਾਲ ਨੇ ਕਿਹਾ ਕਿ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣਾ ਇਕ ਇਤਿਹਾਸਕ ਕਦਮ ਹੈ।ਇਸੇ ਦੌਰਾਨ ਗਿਆਨੀ ਹਰਨਾਮ ਸਿੰਘ ਦਰਦੀ ਦੇ ਸਪੁੱਤਰ ਅਤੇ ਚੜ੍ਹਦੀ ਕਲਾ ਗਰੁੱਪ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਦਰਦੀ ਨੇ ਵੀ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ।ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਪ੍ਰਧਾਨ ਲੌਂਗੋਵਾਲ ਨੇ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ, ਸ਼ਹੀਦ ਭਾਈ ਗਿਆਨ ਸਿੰਘ ਅਤੇ ਗਿਆਨੀ ਹਰਨਾਮ ਸਿੰਘ ਦਰਦੀ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਭਾਈ ਰਾਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨਪੁਰਾ, ਸੁਖਵਰਸ਼ ਸਿੰਘ ਪੰਨੂੰ, ਭਾਈ ਗੁਰਚਰਨ ਸਿੰਘ ਗਰੇਵਾਲ, ਡਾ. ਬੀਬੀ ਇੰਦਰਜੀਤ ਕੌਰ ਮੁਖੀ ਭਗਤ ਪੂਰਨ ਸਿੰਘ ਪਿੰਗਲਵਾੜਾ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਨਿੱਜੀ ਸਕੱਤਰਜਗਜੀਤ ਸਿੰਘ ਜੱਗੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਮੁਖਤਾਰ ਸਿੰਘ ਮੈਨੇਜਰ ਸਰਾਵਾਂ, ਦਰਸ਼ਨ ਸਿੰਘ ਪੀ.ਏ, ਬੀਬੀ ਸਿਮਰਜੀਤ ਕੌਰ ਪਤਨੀ ਸ਼ਹੀਦ ਭਾਈ ਗਿਆਨ ਸਿੰਘ, ਗੁਰਪ੍ਰੀਤ ਸਿੰਘ ਸਪੁੱਤਰ ਸ਼ਹੀਦ ਭਾਈ ਗਿਆਨ ਸਿੰਘ, ਹਰੀ ਸਿੰਘ ਕਾਉਂਕੇ ਸਪੁੱਤਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ, ਬੀਬੀ ਅਮਨਦੀਪ ਕੌਰ, ਮਨਜਿੰਦਰ ਸਿੰਘ ਸਰਪੰਚ ਕਾਉਂਕੇ, ਬੀਬੀ ਜਸਵਿੰਦਰ ਕੌਰ ਦਰਦੀ, ਹਰਪ੍ਰੀਤ ਸਿੰਘ ਦਰਦੀ, ਸ ਸਤਬੀਰ ਸਿੰਘ ਦਰਦੀ ਆਦਿ ਮੌਜੂਦ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …