ਅਟਾਰੀ ਵਿਖੇ ਪਾਰਟੀ ਰੈਲੀ ਨੂੰ ਸੰਬੋਧਨ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਬੀਤੀ ਦਿਨੀਂ ਭਾਜਪਾ ਅਤੇ ਅਕਾਲੀ ਦਲ ਬਾਦਲ ਦੀ ਸੀਨੀਅਰ ਲੀਡਰਸ਼ਿਪ ਵਿਚਕਾਰ ਹੋਈ ਚਰਚਾ ਦੇ ਮੱਦੇਨਜ਼ਰ ਗਠਜੋੜ ਦੀ ਮਜ਼ਬੂਤੀ ਲਈ ਵਿੱਢੇ ਕਾਰਜਾਂ ਸਦਕਾ ਅੱਜ ਭਾਜਪਾ ਦੇ ਸੀਨੀਅਰ ਆਗੂ ਅਤੇ ਐਗਜੈਕਟਿਵ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਰਹੱਦੀ ਖੇਤਰ ਅਟਾਰੀ ਵਿਖੇ ਇਕ ਭਰਵੀਂ ਰੈਲੀ ਨੂੰ ਸੰਬੋਧਨ ਕੀਤਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ 2019 ਦੀਆਂ ਲੋਕ ਸਭਾ ਚੋਣਾਂ ਲਈ ਤਿਆਰ-ਬਰ-ਤਿਆਰ ਹੈ ਅਤੇ ਵਿਰੋਧੀ ਪਾਰਟੀ ਕਾਂਗਰਸ ਨੂੰ ਸਬਕ ਸਿਖਾਉਣ ਲਈ ਜਨਤਾ ਕਾਫ਼ੀ ਉਤਾਵਲੀ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬੀਤੇ ਦਿਨੀਂ ਹੋਈ ਬੰਦ ਕਮਰਾ ਬੈਠਕ ਨੇ ਇਹ ਸੰਕੇਤ ਦੇ ਦਿੱਤੇ ਹਨ ਕਿ ਗਠਜੋੜ ਹਮੇਸ਼ਾਂ ਲਈ ਇਕੱਠਾ ਰਹੇਗਾ।ਇਸ ਮੌਕੇ ਛੀਨਾ ਨੇ ਐਨ.ਡੀ.ਏ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਉਣ ਲਈ ਨਾਲ ਲੱਗਦੇ ਪਿੰਡਾਂ ’ਚ ਪਾਰਟੀ ਮੰਡਲ ਨਾਲ ਮੁਲਾਕਾਤ ਕੀਤੀ।
ਦਿਹਾਤੀ ਭਾਜਪਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸ਼ਰਨ ਦੀ ਦੇਖ-ਰੇਖ ’ਚ ਹੋਈ ਇਕਤੱਰਤਾ ਨੂੰ ਸੰਬੋਧਨ ਕਰਦੇ ਹੋਏ ਛੀਨਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਜਿਸ ’ਚ ਸ਼੍ਰੋਮਣੀ ਅਕਾਲੀ ਦਲ ਇਕੋ ਇਕ ਅਜਿਹਾ ਹਿੱਸਾ ਹੈ, ਨੇ ਪਿਛਲੇ 4 ਸਾਲਾਂ ’ਚ ਬਹੁਤ ਵਿਕਾਸ ਅਤੇ ਆਰਥਿਕ ਮਜ਼ਬੂਤੀ ਲਿਆਂਦੀ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਸਮਾਜਿਕ ਨੀਤੀਆਂ ਲਈ ਸਵੱਛ ਭਾਰਤ, ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਅਵਾਸ ਯੋਜਨਾ, ਉਜਾਲਾ ਅਤੇ ਬੀਮਾ ਯੋਜਨਾਵਾਂ ਸਮੇਤ ਦਿਹਾਤੀ ਖੇਤਰ ਦੀਆਂ ਯੋਜਨਾਵਾਂ ਹੇਠਲੇ ਪੱਧਰ ’ਤੇ ਵਰਦਾਨ ਸਾਬਤ ਹੋਈਆਂ ਹਨ।
ਸਰਹੱਦੀ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਲਈ ਵੱਖ-ਵੱਖ ਕਲਿਆਣਕਾਰੀ ਸਕੀਮਾਂ ’ਤੇ ਚਾਨਣਾ ਪਾਉਂਦੇ ਹੋਏ ਛੀਨਾ ਨੇ ਕਿਹਾ ਕਿ ਅਣਗਹਿਲੀ ਵਾਲਾ ਹਿੱਸਾ ਹਮੇਸ਼ਾ ਐਨ. ਡੀ. ਏ. ਸਰਕਾਰ ਦੀ ਤਰਜੀਹ ਰਿਹਾ ਹੈ।ਉਨ੍ਹਾਂ ਜ਼ੋਰ ਦਿੰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇਸ਼ ’ਚ ਸਭ ਤੋਂ ਪੁਰਾਣਾ ਤੇ ਮਜ਼ਬੂਤ ਰਾਜਨੀਤਿਕ ਗਠਜੋੜ ਹੈ ਅਤੇ ਅਕਾਲੀ ਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਕੌਮੀ ਪੱਧਰ ਦੀ ਲੀਡਰਸ਼ਿਪ ਦੀ ਮੀਟਿੰਗ ਇਸ ਗੱਲ ਦੀ ਗਵਾਹੀ ਹੈ ਕਿ ਵਿਸ਼ਵਾਸ਼ ਨਾਲੋਂ ਵੀ ਜਿਅ;ਦਾ ਬੰਧਨ ਮਜ਼ਬੂਤ ਹੈ।
ਛੀਨਾ ਨੇ ਕਿਹਾ ਕਿ ਕਈ ਵਾਰੀ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਗਠਜੋੜ ਦੇ ਅੰਦਰ ਮਤਭੇਦ ਦੇ ਮੁੱਦੇ ਉਭਾਰਦੀਆਂ ਹਨ ਜੋ ਕਿ ਉਨ੍ਹਾਂ ਦੀ ਕਲਪਨਾ ਤੋਂ ਇਲਾਵਾ ਕੁਝ ਵੀ ਨਹੀਂ ਹੈ।‘ਗਠਜੋੜ ਆਪਸੀ ਭਰੋਸੇ ਅਤੇ ਵਿਸ਼ਵਾਸ਼’ ’ਤੇ ਬਣਿਆ ਹੈ ਅਤੇ ਇਸ ਦੀ ਏਕਤਾ ਲਈ ਕੋਈ ਖ਼ਤਰਾ ਨਹੀਂ ਹੈ। ਇਸ ਦੌਰਾਨ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੀ ਕਾਂਗਰਸ ਸਰਕਾਰ ’ਤੇ ਵਿਕਾਸ ਦੇ ਮਹੱਤਵਪੂਰਨ ਮੁੱਦਿਆਂ, ਵਿਗੜੇ ਹੋਏ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਭ੍ਰਿਸ਼ਟਾਚਾਰ ਦੇ ਵੱਧਣ ’ਤੇ ਲੋਕਾਂ ਨੂੰ ਸੰਬੋਧਨ ਕੀਤਾ।ਉਨ੍ਹਾਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਵੇਲੇ ਕਾਨੂੰਨ ਅਤੇ ਵਿਵਸਥਾ ਵਿਗੜਦੀ ਜਾ ਰਹੀ ਹੈ ਅਤੇ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ।
ਇਸ ਮੌਕੇ ਮੋਦੀ ਸਰਕਾਰ ਦੀਆਂ ਨੀਤੀਆਂ ਬਾਰੇ ਰਾਮ ਸ਼ਰਨ, ਕੇਵਲ ਕੁਮਾਰ, ਡਾ. ਸ਼ੁਸ਼ੀਲ ਕੁਮਾਰ, ਵਿਜੈ ਵਰਮਾ ਨੇ ਲੋਕਾਂ ਦੀ ਇਕੱਤਰਤਾ ਨੂੰ ਸੰਬੋਧਨ ਕੀਤਾ।ਇਸ ਮੌਕੇ ਵੱਡੀ ਗਿਣਤੀ ’ਚ ਭਾਜਪਾ-ਅਕਾਲੀ ਆਗੂ ਤੇ ਵਰਕਰ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।