ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ) – ਪਿਛਲੇ ਕੁੱਝ ਦਿਨਾਂ ਤੋਂ ਸਿੰਘਾਪੁਰ ਵਿਖੇ ਇਲਾਜ ਦੋਰਾਨ ਅਕਾਲ ਚਲਾਣਾ ਕਰ ਗਏ ਨਾਨਕਸਰ ਸੰਪਰਦਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਭਜਨ ਸਿੰਘ ਜੀ ਨਾਨਕਸਰ ਕਲੇਰਾਂ ਦੇ ਬੇਵਕਤੀ ਵਿਛੋੜੇ ’ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਕਰੀਬ 65 ਸਾਲਾ ਬਾਬਾ ਹਰਭਜਨ ਸਿੰਘ ਜੀ ਸੰਤ ਬਾਬਾ ਕੁੰਦਨ ਸਿੰਘ ਜੀ ਨਾਨਕ ਸਰ ਕਲੇਰਾਂ ਦੇ ਗੁਰਪੁਰੀ ਪਿਆਨੇ ਉਪਰੰਤ ਨਾਨਕਸਰ ਕਲੇਰਾਂ ਦੇ ਦਰਬਾਰ ਸਾਹਿਬ ਦੀ 16 ਸਾਲ ਸੇਵਾ ਨਿਭਾਉਂਦੇ ਰਹੇ।ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਦਸਿਆ ਕਿ ਬਾਬਾ ਹਰਭਜਨ ਸਿੰਘ ਜੀ ਧਾਰਮਿਕ ਬਿਰਤੀ ਦੇ ਮਾਲਕ ਸਨ।ਉਹ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਮਰਪਿਤ ਭਾਵਨਾ ਨਾਲ ਬਿਨਾ ਨਾਗਾ ਸੇਵਾ ਕਰਦੇ ਰਹੇ।ਉਨ੍ਹਾਂ ਲੱਖਾਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ।ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਦਮਦਮੀ ਟਕਸਾਲ ਨਾਲ ਗਹਿਰਾ ਪਿਆਰ ਸੀ ਅਤੇ ਦਮਦਮੀ ਟਕਸਾਲ ਨੂੰ ਉਨ੍ਹਾਂ ਹਮੇਸ਼ਾਂ ਸਹਿਯੋਗ ਦਿੱਤਾ।ਉਨ੍ਹਾਂ ਕਿਹਾ ਕਿ ਬਾਬਾ ਹਰਭਜਨ ਸਿੰਘ ਜੀ ਦੇ ਵਿਛੋੜੇ ਨਾਲ ਜਿਥੇ ਨਾਨਕਸਰ ਸੰਪਰਦਾ, ਸੰਤ ਸਮਾਜ, ਸਿੱਖ ਪੰਥ ਅਤੇ ਉਨ੍ਹਾਂ ਆਪ ਨੂੰ ਨਿੱਜੀ ਤੌਰ ’ਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਬਾਬਾ ਹਰਭਜਨ ਸਿੰਘ ਦਾ ਅੰਤਿਮ ਸੰਸਕਾਰ ਅੱਜ ਨਾਨਕਸਰ ਕਲੇਰਾਂ ਵਿਖੇ ਕੀਤਾ ਗਿਆ।ਇਸ ਤੋਂ ਪਹਿਲਾਂ ਬਾਬਾ ਜੀ ਦੀ ਦੇਹ ਸਸਕਾਰ ਹੋਣ ਤੱਕ ਸੰਗਤ ਦੇ ਦਰਸ਼ਨਾਂ ਲਈ ਰੱਖੀ ਗਈ।
ਦੱਸਣਯੋਗ ਹੈ ਕਿ ਬਾਬਾ ਹਰਭਜਨ ਸਿੰਘ ਦਾ ਪੰਜ ਭੂਤਕ ਸਰੀਰ ਇਕ ਹਵਾਈ ਜਹਾਜ਼ ਰਾਹੀਂ ਕੱਲ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਲਿਆਂਦਾ ਗਿਆ।ਜਿੱਥੇ ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਸਮੇਤ ਕਈ ਧਾਰਮਿਕ ਰਾਜਨੀਤਿਕ ਸ਼ਖ਼ਸੀਅਤਾਂ ਨੇ ਬਾਬਾ ਜੀ ਦੇ ਮ੍ਰਿਤਕ ਸਰੀਰ ਹਾਸਲ ਕਰ ਕੇ ਸਤਿਕਾਰ ਸਹਿਤ ਠਾਠ ਨਾਨਕਸਰ ਕਲੇਰਾਂ ਨੂੰ ਰਵਾਨਾ ਹੋਏ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …