Wednesday, May 1, 2024

ਲੰਗਰ ਉਪਰ ਜੀ.ਐਸ.ਟੀ ਮੁਆਫੀ ਦੇ ਮੁੱਦੇ `ਤੇ ਮੋਦੀ ਦਾ ਧੰਨਵਾਦ ਕਰਨਾ ਗਲਤ – ਸਰਨਾ

ਕਿਹਾ ਗੁਰੂ ਕੇ ਲੰਗਰ ਨੂੰ ਸਰਕਾਰੀ ਸਹਾਇਤਾ ਦੀ ਕੋਈ ਲੋੜ ਨਹੀ ਹੁੰਦੀ

PSSarnaਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੱਕ ਵਫਦ ਵੱਲੋ ਪੰਜਾਬ ਮਸਲਿਆ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੀਟਿੰਗ ਦਾ ਸੁਆਗਤ ਕਰਦਿਆ ਕਿਹਾ ਕਿ ਦੇਰ ਆਏ ਦਰੁਸਤ ਦੀ ਕਹਾਵਤ ਅਨੁਸਾਰ ਅਕਾਲੀ ਦਲ ਦਿੱਲੀ ਮੰਗਾਂ ਨੂੰ ਲੈ ਕੇ ਹਰ ਪ੍ਰਕਾਰ ਦਾ ਸਹਿਯੋਗ ਕਰਦਾ ਹੈ, ਪਰ ਜਿਹੜਾ ਲੰਗਰ ਤੇ ਜੀ.ਐਸ.ਟੀ ਨੂੰ ਲੈ ਕੇ ਮੋਦੀ ਦਾ ਧੰਨਵਾਦ ਕੀਤਾ ਗਿਆ ਹੈ ਉਸ ਨਾਲ ਅਕਾਲੀ ਦਲ ਦਿੱਲੀ ਸਹਿਮਤ ਨਹੀ ਹੈ ਤੇ ਬਾਦਲ ਦਲ ਨੂੰ ਇਸ `ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਤੇ ਸੱਚਾਈ ਆਮ ਜਨਤਾ ਤੋ ਛੁਪਾਉਣੀ ਨਹੀ ਚਾਹੀਦੀ।
         ਜਾਰੀ ਇੱਕ ਬਿਆਨ ਰਾਹੀ ਸਰਨਾ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਜਿਹੜੀਆਂ ਮੰਗਾਂ ਅੱਜ ਅਕਾਲੀ ਦਲ ਨੇ ਕੇਂਦਰ ਸਰਕਾਰ ਕੋਲ ਉਠਾਈਆ ਹਨ ਉਹ ਪੰਜਾਬ ਵਿੱਚ ਅਕਾਲੀ ਸਰਕਾਰ ਸਮੇਂ ਉਠਾਈਆ ਜਾਂਦੀਆਂ, ਪਰ ਉਸ ਸਮੇਂ ਜਾਣ ਬੁੱਝ ਕੇ ਝਿੱਸੀ ਵੱਟੀ ਰੱਖੀ।ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਹਮੇਸ਼ਾਂ ਹੀ ਪੰਜਾਬ ਦੀਆ ਮੰਗਾਂ ਉਸ ਵੇਲੇ ਯਾਦ ਆਉਦੀਆਂ ਹਨ ਜਦੋਂ ਬਾਦਲ ਦਲ ਸੱਤਾ ਤੋ ਬਾਹਰ ਹੁੰਦਾ ਹੈ।ਫਿਰ ਵੀ ਉਹ ਮੰਗਾਂ ਦਾ ਮੁੱਦਾ ਉਠਾਉਣ ਦਾ ਸੁਆਗਤ ਕਰਦੇ ਹਨ।ਉਹਨਾਂ ਕਿਹਾ ਕਿ ਜੇਕਰ ਬਾਦਲ ਦਲ ਮੰਗਾਂ ਪ੍ਰਤੀ ਗੰਭੀਰ ਹੁੰਦਾ ਤਾਂ ਮੰਗਾਂ ਨੂੰ ਕੇਂਦਰ ਕੋਲੋ ਮੰਨਵਾਉਣਾ ਕੋਈ ਔਖਾ ਕਾਰਜ ਨਹੀ, ਪਰ ਸੱਤਾ ਦੀ ਭੁੱਖ ਨੇ ਪੰਜਾਬ ਦੀ ਸਿਆਸੀ ਤਾਣੀ ਨੂੰ ਅਜਿਹਾ ਉਲਝਾਇਆ ਹੈ ਕਿ ਹੁਣ ਇਸ ਦਾ ਤਾਣਾ ਪੇਟਾ ਸੂਤ ਕਰਨ ਵਿੱਚ ਸਮਾਂ ਵੀ ਜਰੂਰ ਲੱਗੇਗਾ।
     ਲੰਗਰ `ਤੇ ਜੀ.ਐਸ.ਟੀ ਦੀ ਮੁਆਫੀ ਬਾਰੇ ਸਰਨਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਿੱਧੇ ਰੂਪ ਵਿੱਚ ਜੀ.ਐਸ.ਟੀ ਮੁਆਫ ਕੀਤਾ, ਪਰ ਕੇਂਦਰ ਸਰਕਾਰ ਵੱਲੋ ਚਲਾਈ `ਸੇਵਾ ਭੋਜ` ਯੋਜਨਾ ਤਹਿਤ ਰੱਖੇ 325 ਕਰੋੜ ਵਿੱਚੋ ਜੀ.ਐਸ.ਟੀ ਅਦਾ ਕਰਨ ਤੋ ਬਾਅਦ ਸ਼੍ਰੋਮਣੀ ਕਮੇਟੀ ਵੱਲੋ ਦਾਇਰ ਮੁਆਫੀ ਦੀ ਅਰਜ਼ੀ ਤੇ ਗੌਰ ਫੁਰਮਾਉਦਿਆ ਜੀ.ਐਸ.ਟੀ ਦਾ ਕੁੱਝ ਹਿੱਸਾ ਸਭਿਆਚਾਰਕ ਮੰਤਰਾਲੇ ਵੱਲੋ ਵਾਪਸ ਕੀਤਾ ਜਾਵੇਗਾ ਅਤੇ ਅਗਲੇ ਕੁੱਝ ਦਿਨਾਂ ਵਿੱਚ ਆਰ.ਐਸ.ਐਸ ਮੁੱਖੀ ਮੋਹਨ ਭਾਗਵਤ ਦਾ ਬਿਆਨ ਵੀ ਅਖਬਾਰਾਂ ਦੀਆ ਸੁਰਖੀਆਂ ਦਾ ਸ਼ਿੰਗਾਰ ਬਣ ਜਾਵੇਗਾ ਕਿ ਹੁਣ ਤਾਂ ਗੁਰੂ ਰਾਮਦਾਸ ਦਾ ਲੰਗਰ ਵੀ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਜੇਕਰ ਸਰਕਾਰੀ ਸਹਾਇਤਾ ਨਾਲ ਲੰਗਰ ਚਲਾਇਆ ਜਾਣਾ ਹੈ ਤਾਂ ਫਿਰ ਤੀਸਰੇ ਪਾਤਸ਼ਾਹ ਨੇ ਅਕਬਰ ਕੋਲੋ ਲੋਹ ਲੰਗਰ ਦੇ ਨਾਮ ਜਗੀਰ ਲਗਵਾਉਣ ਤੋ ਇਨਕਾਰ ਕਿਉ ਕੀਤਾ ਸੀ? ਗੁਰੂ ਸਾਹਿਬ ਨੇ ਅਕਬਰ ਬਾਦਸ਼ਾਹ ਨੂੰ ਸਮਝਾਇਆ ਸੀ ਕਿ ਲੰਗਰ ਸੰਗਤਾਂ ਦੁਆਰਾ ਗੁਰੂ ਘਰ ਸ਼ਰਧਾ ਨਾਲ ਅਰਪਿਤ ਕੀਤੀ ਮਾਇਆ ਨਾਲ ਚਲਾਇਆ ਜਾਂਦਾ ਹੈ ਤੇ ਇਸ ਵਿੱਚ ਕਿਸੇ ਵੀ ਪ੍ਰਕਾਰ ਦੀ ਸਰਕਾਰੀ ਦਖਲਅੰਦਾਜੀ ਨਹੀ ਹੋ ਸਕਦੀ।ਉਹਨਾਂ ਕਿਹਾ ਕਿ ਜੀ.ਐਸ.ਟੀ ਦੇ ਮੁੱਦੇ `ਤੇ ਉਹ ਬਾਦਲ ਦਲ ਦੇ ਆਗੂਆਂ ਨੂੰ ਚੁਨੌਤੀ ਦਿੰਦੇ ਹਨ ਕਿ ਉਹ ਕਿਸੇ ਵੀ ਮੰਚ `ਤੇ ਬਹਿਸ ਕਰਨ ਲਈ ਤਿਆਰ ਹਨ ਤੇ ਉਹ ਸਾਬਤ ਕਰਨਗੇ ਕਿ ਕੇਂਦਰ ਨੇ ਜੀ.ਐਸ.ਟੀ ਮੁਆਫ ਨਹੀ ਕੀਤਾ।ਉਹਨਾਂ ਕਿਹਾ ਕਿ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਆਪਣੇ ਜੀ.ਐਸ.ਟੀ ਦੀ ਮੁਆਫੀ ਦੇ ਮੁੱਦੇ `ਤੇ ਮੁੜ ਵਿਚਾਰ ਕਰੇ ਕਿਉਕਿ ਗੁਰੂ ਕੇ ਲੰਗਰ ਨੂੰ ਸਰਕਾਰੀ ਸਹਾਇਤਾ ਦੀ ਕੋਈ ਲੋੜ ਨਹੀ ਹੁੰਦੀ।
 

Check Also

ਸ਼੍ਰੋਮਣੀ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਸਮੇਤ ਹੋਰ ਮੁਲਾਜ਼ਮ ਹੋਏ ਸੇਵਾ ਮੁਕਤ

ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ, …

Leave a Reply