Sunday, December 22, 2024

ਬਾਕਸਿੰਗ ਖੇਡ ਖੇਤਰ ਦਾ ਜਨੂੰਨੀ ਕੋਚ ਬਲਕਾਰ ਸਿੰਘ

ਦੁਨੀਆਂ `ਚ ਆਪਣਾ ਘਰ ਫੂਕ ਕੇ ਤਮਾਸ਼ਾ ਵੇਖਣ ਦੀਆਂ ਉਦਾਹਰਨਾਂ ਬਹੁਤ ਘੱਟ ਮਿਲਦੀਆਂ ਹਨ, ਪਰ ਇਸ ਕਹਾਵਤ ਨੂੰ ਸੱਚ ਕਰ ਰਿਹਾ ਹੈ ਬਾਕਸਿੰਗ ਖੇਡ Coach Balkar Sਖੇਤਰ ਦਾ ਕੌਮੀ ਬਾਕਸਿੰਗ ਕੋਚ ਬਲਕਾਰ ਸਿੰਘ।6 ਦਸੰਬਰ 1975 ਨੂੰ ਪਿਤਾ ਗੁਰਨਾਮ ਸਿੰਘ ਤੇ ਮਾਤਾ ਸੁਰਿੰਦਰ ਕੌਰ ਦੇ ਘਰ ਦੇ ਵਿਹੜੇ ਦੀ ਰੌਣਕ ਬਣੇ ਬਾਕਸਿੰਗ ਕੋਚ ਬਲਕਾਰ ਸਿੰਘ ਨੂੰ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹਦਿਆਂ ਬਾਕਸਿੰਗ ਖੇਡ ਖੇਤਰ ਦੇ ਵਿੱਚ ਉਤਰਨ ਦਾ ਜਨੂੰਨ ਛਾ ਗਿਆ,  ਜੋ ਕਿ ਅੱਜ ਤੱਕ ਇੱਕ ਐਬ ਹੋ ਨਿਬੜਿਆ।
ਜ਼ਿਕਰਯੋਗ ਹੈ ਕਿ ਕੌਮੀ ਬਾਕਸਿੰਗ ਕੋਚ ਨੇ ਬੇਸ਼ੱਕ ਆਪ 12ਵੀਂ ਪਾਸ ਕਰਨ ਤੋਂ ਬਾਅਦ ਉੱਚ ਤਾਲੀਮ ਹਾਸਲ ਨਹੀਂ ਕੀਤੀ ਤੇ ਨਾ ਹੀ ਬਾਕਸਿੰਗ ਖੇਡ ਖੇਤਰ ਦੀ ਕੋਈ ਦਸਤਾਵੇਜੀ ਸਿੱਖਿਆ ਹੱਸਲ ਲਈ। ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਬਾਕਸਿੰਗ ਖੇਡ ਖੇਤਰ ਵਿੱਚ ਉਸ ਦੀ ਤੂਤੀ ਬੋਲਦੀ ਹੈ।ਖੇਡ ਖੇਤਰ ਦੇ ਕਾਇਦੇ ਕਾਨੂੰਨ ਤੇ ਇਸ ਦੀਆਂ ਬਰੀਕਿਆਂ ਅਤੇ ਮੁਹਾਰਤ ਤੋਂ ਉਹ ਚੰਗੀ ਤਰ੍ਹਾਂ ਵਾਕਫ ਹੈ।ਕੋਚ ਬਲਕਾਰ ਸਿੰਘ ਬਹੁਤ ਘੱਟ ਸਮੇਂ ਵਿੱਚ ਜ਼ਿਲ੍ਹਾ, ਸੂਬਾ, ਕੌਮੀ, ਇੰਟਰਵਰਸਿਟੀ ਤੇ ਕੌਮਾਂਤਰੀ ਪੱਧਰ ਦੇ ਮਹਿਲਾ-ਪੁਰਸ਼ ਬਾਕਸਿੰਗ ਖਿਡਾਰੀ ਪੈਦਾ ਕਰ ਚੁੱਕਾ ਹੈ।
ਅੱਤ ਦੀ ਗਰੀਬੀ ਨਾਲ ਜ਼ੂਝਣ ਵਾਲੇ ਤੇ ਆਰਥਿਕ ਤੰਗੀਆਂ-ਤੁਰਸ਼ੀਆਂ ਵਾਲਾ ਜੀਵਨ ਬਤੀਤ ਕਰਨ ਵਾਲੇ ਕੋਚ ਬਲਕਾਰ ਸਿੰਘ ਨੇ ਗਰੀਬ ਖਿਡਾਰੀਆਂ ਦੀ ਬਾਂਹ ਅੱਗੇ ਹੋ ਕੇ ਫੜੀ ਹੈ ਤੇ ਉਨ੍ਹਾਂ ਨੂੰ ਮਾਤਾ-ਪਿਤਾ ਤੇ ਇੱਕ ਬੇਮਿਸਾਲ ਕੋਚ ਵਾਲਾ ਪਿਆਰ ਦਿੱਤਾ ਹੈ।ਹਰੇਕ ਮੌਸਮ ਵਿੱਚ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਕਸਿੰਗ ਰਿੰਗ ਤੇ ਬਾਕਸਿੰਗ ਖਿਡਾਰਨਾਂ ਨੂੰ ਅਭਿਆਸ ਕਰਾਉਂਦਿਆਂ, ਮਿੱਟੀ ਨਾਲ ਮਿੱਟੀ ਹੁੰਦਿਆਂ ਤੇ ਖੂਨ ਪਸੀਨਾ ਇੱਕ ਕਰਦਿਆਂ ਵੇਖਿਆ ਜਾ ਸਕਦਾ ਹੈ।ਉਸ ਵੱਲੋਂ ਤਾਜ਼ਾ-ਤਰੀਨ ਤਿਆਰ ਕੀਤੀ ਗਈ ਕੌਮਾਂਤਰੀ ਖਿਡਾਰਨ ਕੋਮਲਪ੍ਰੀਤ ਕੌਰ, ਕੌਮੀ ਖਿਡਾਰਨ ਦਿਕਸ਼ਾ ਰਾਜਪੂਤ, ਕੌਮੀ ਖਿਡਾਰਨ ਐਨਮ ਸੰਧੂ ਤੇ ਖਿਡਾਰਨ ਕਿਰਨਦੀਪ ਉਸ ਦੇ ਮਿਹਨਤ ਤੇ ਸਿਰੜ ਦੀਆਂ ਜਿਉਂਦਿਆਂ ਜਾਗਦੀਆਂ ਮਿਸਾਲਾਂ ਹਨ।ਇਸ ਤੋਂ ਪਹਿਲਾਂ ਕਈ ਸਰਕਾਰੀ ਗੈਰ ਸਰਕਾਰੀ ਵਿਭਾਗਾਂ ਦੇ ਚੰਗੇ ਅਹੁੱਦਿਆਂ `ਤੇ ਤਾਇਨਾਤ ਖਿਡਾਰਨਾਂ ਵਿੱਚੋਂ ਜ਼ਿਆਦਾਤਰ ਬਾਕਸਿੰਗ ਖਿਡਾਰਨਾ ਕੋਚ ਬਲਕਾਰ ਸਿੰਘ ਦੀਆਂ ਹੀ ਸ਼ਗਿਰਦ ਹਨ। ਆਪਣੇ ਜਨੂੰਨ ਦੇ ਪਿੱਛੇ ਉਸ ਨੇ ਕਈ ਪਰਿਵਾਰਿਕ ਤੇ ਸਮਾਜਿਕ ਰਸਮਾਂ-ਰਿਵਾਜਾਂ ਨੂੰ ਦਰ-ਕਿਨਾਰ ਕਰ ਰੱਖਿਆ ਹੈ।

ਗੁਰਮੀਤ ਸਿੰਘ ਸੰਧੂ
ਅੰਮ੍ਰਿਤਸਰ।
ਮੋ – 98153 57499

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply