ਹਰੇਕ ਸਕੂਲ ਕਾਲਜ ਵਿਚ ਬਣਾਏ ਜਾਣਗੇ ਬਡੀ ਗਰੁੱਪ
ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਵਿੱਢੀ ਗਈ ਮੁਹਿੰਮ ਨੂੰ ਹੋਰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਲਈ ਵਿਦਿਅਕ ਸੰਸਥਾਵਾਂ ਵਿਚਲੇ ਵਿਦਿਆਰਥੀਆਂ ਨੂੰ ਨਾਲ ਜੋੜਨ ਲਈ ਵਿਸ਼ੇਸ਼ ਯਤਨ ਆਰੰਭੇ ਜਾ ਰਹੇ ਹਨ।ਇਸ ਤਹਿਤ ਹਰੇਕ ਕਲਾਸ ਵਿਚ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਪੜਾਈ ਕਰਵਾਈ ਜਾਵੇਗੀ ਅਤੇ ਬੱਚਿਆਂ ਦੇ ਬਡੀ ਗਰੁੱਪ ਬਣਾ ਕੇ ਨਸ਼ੇ ਦੀ ਸਮੱਸਿਆ ਨੂੰ ਜੜੋਂ ਪੁੱਟਿਆ ਜਾਵੇਗਾ।ਉਕਤ ਸਬਦਾਂ ਦਾ ਪ੍ਰਗਟਾਵਾ ਸਿੱਖਿਆ ਤੇ ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ ਸਥਾਨਕ ਪਵਨ ਨਗਰ ਵਿਖੇ ਪ੍ਰੋਗਰੈਸਿਵ ਯੂਥ ਫੋਰਮ ਵੱਲੋਂ ਕਰਵਾਈ ਗਈ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰਦੇ ਕੀਤਾ।
ਉਨਾਂ ਕਿਹਾ ਕਿ ਹਰ ਵਿਦਿਅਕ ਅਦਾਰੇ ਵਿਚ 6 ਵੀਂ ਕਲਾਸ ਤੋਂ ਉਪਰ ਦੇ ਵਿਦਿਆਰਥੀਆਂ ਦਾ ਇਕ ‘ਬਡੀ ’ (ਸਾਥੀ ) ਗਰੁੱਪ ਕਾਇਮ ਕੀਤਾ ਜਾਵੇਗਾ ਜਿਸ ਵਿਚ 3 ਤੋਂ 5 ਵਿਦਿਆਰਥੀ ਸ਼ਾਮਿਲ ਕੀਤੇ ਜਾਣਗੇ।ਇਸ ਤੋਂ ਇਲਾਵਾ ਕਲਾਸ ਦੇ ਅਧਿਆਪਕ/ਅਧਿਆਪਕਾ ਗਰੁੱਪ ਵਿਚ ਸੀਨੀਅਰ ਸਾਥੀ ਵਜੋਂ ਕੰਮ ਕਰਨਗੇ ਜਦਕਿ ਸਕੂਲ ਦੇ ਪਿ੍ਰੰਸੀਪਲ ਸੁਪਰ ਬਡੀ ਵਜੋਂ ਸੇਵਾ ਨਿਭਾਉਣਗੇ ਅਤੇ ਸਾਰੇ ਸਕੂਲ ਵਿਚਲੀਆਂ ਗਤੀਵਿਧੀਆਂ ਦੇ ਨਿਗਰਾਨ ਹੋਣਗੇ।ਹਰੇਕ ਬਡੀ ਗਰੁੱਪ ਵਲੋਂ ਹਰ ਹਫਤੇ 30 ਮਿੰਟ ਅਤੇ ਹਰ ਮਹੀਨੇ 40 ਮਿੰਟ ਦਾ ਪੀਰੀਅਡ ਨਸ਼ੇ ਵਿਰੁੱਧ ਜਾਗਰੂਕ ਕਰਨ ਲਈ ਲਗਾਇਆ ਜਾਵੇਗਾ।
ਉਨਾਂ ਕਿਹਾ ਕਿ ਵਿਦਿਅਕ ਅਦਾਰਿਆਂ ਦੇ ਨੋਡਲ ਅਧਿਕਾਰੀ ਪ੍ਰਸ਼ਾਸ਼ਨ ਅਤੇ ਵਿਦਿਅਕ ਅਦਾਰਿਆਂ ਵਿਚਕਾਰ ਪੁਲ ਦਾ ਕੰਮ ਕਰਨਗੇ।ਉਨਾਂ ਕਿਹਾ ਕਿ ਗੁਰੱਪ ਵਿਚ ਸ਼ਾਮਿਲ ਕੀਤੇ ਜਾਣ ਵਾਲੇ ਬੱਚਿਆਂ ਦੀ ਚੋਣ ਅਧਿਆਪਕਾਂ ਵਲੋਂ ਕੀਤੀ ਜਾਵੇਗੀ, ਜਿਸ ਲਈ ਮਾਨਸਿਕ ਤੌਰ ’ਤੇ ਮਜ਼ਬੂਤ ਬੱਚਿਆਂ ਨੂੰ ਚੁਣਿਆ ਜਾਵੇਗਾ ਤਾਂ ਜੋ ਉਹ ਆਪਣੇ ਸਾਥੀਆਂ ਨੂੰ ਨਸ਼ਿਆਂ ਦੇ ਖਾਤਮੇ ਲਈ ਯਤਨਸ਼ੀਲ ਹੋਣ ਵਾਸਤੇ ਪ੍ਰੇਰਿਤ ਕਰ ਸਕਣ। ਉਨਾਂ ਦੱਸਿਆ ਕਿ ਸੀਨੀਅਰ ਬਡੀ ਨੂੰ ਸਪੈਸ਼ਲ ਟਾਸਕ ਫੋਰਸ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ।
ਉਨਾਂ ਕਿਹਾ ਕਿ ਬਡੀ ਪ੍ਰੋਗਰਾਮ ਵਿਸ਼ੇਸ਼ ਟਾਸਕ ਫੋਰਸ ਦੇ ਮਾਹਿਰਾਂ ਵਲੋਂ ਮਨੋਵਿਗਿਆਨੀਆਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਹ ਉਮਰ ਦੇ ਉਸ ਵਰਗ ’ਤੇ ਕੇਂਦਰਿਤ ਹੈ, ਜਿੰਨਾਂ ਦੀ ਸਭ ਤੋਂ ਵੱਧ ਨਸ਼ਿਆਂ ਪ੍ਰਤੀ ਆਕਰਸ਼ਿਤ ਹੋਣ ਦੀ ਸੰਭਾਵਨਾ ਹੰੁਦੀ ਹੈ। ਉਨਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਇਸ ਸਮਾਜਿਕ ਬੁਰਾਈ ਵਿਰੁੱਧ ਜੰਗ ਵਿਚ ਵੀ ਮੋਹਰੀ ਭੂਮਿਕਾ ਨਿਭਾਉਣ।
ਇਸ ਮੌਕੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਵਿਧਾਇਕ ਸੁਨੀਲ ਦੱਤੀ, ਅੰਕੁਰ ਗੁਪਤਾ ਅਤੇ ਹੋਰ ਆਗੂਆਂ ਨੇ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …