ਬਠਿੰਡਾ, 23 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੁਲਿਸ ਕਪਤਾਨ ਐਸ.ਐਸ.ਪੀ ਡਾ. ਨਾਨਕ ਸਿੰਘ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਚਲ ਰਹੀ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਨੂੰ ਫੜਣ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਵਰਨ ਸਿੰਘ ਖੰਨਾ ਐਸ.ਪੀ (ਡੀ) ਨੇ ਦੱਸਿਆ ਕਿ ਸ.ਬ ਕਿਰਪਾਲ ਸਿੰਘ ਸੀ.ਆਈ.ਏ ਸਟਾਫ ਬਠਿੰਡਾ ਜੋ ਕਿ ਪੁਲਿਸ ਪਾਰਟੀ ਸਮੇਤ ਗਸ਼ਤ ‘ਤੇ ਸਨ ਨੇ ਬੱਸ ਅੱਡਾ ਕਟਾਰ ਸਿੰਘ ਵਾਲਾ ‘ਤੋਂ ਇੱਕ ਅਲਟੋ ਕਾਰ ਨੰ. ਡੀ ਐਲ 3 ਏ ਸੀ ਡੀ-7836 ‘ਚ ਸਵਾਰ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਊਧਮ ਸਿੰਘ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇਨ ਤਰੁਣ ਕੁਮਾਰ ਉਰਫ ਸੁਮੀ ਵਾਸੀ ਉੱਤਮ ਨਗਰ ਦਿੱਲੀ ਤੋਂ ਲੈ ਕੇ ਆਇਆ ਹੈ ਅਤੇ ਉਹ ਨਸ਼ਾ ਕਰਨ ਦਾ ਆਦੀ ਹੈ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਨੇ ਮੰਨਿਆ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਤਰੁਣ ਕੁਮਾਰ ਪਾਸੋਂ ਹੈਰੋਇਨ ਲਿਆ ਚੁੱਕਾ ਹੈ ਅਤੇ ਉਹ ਇਹ ਹੈਰੋਇਨ ਕਿਸੇ ਪੀਟਰ ਉਰਫ ਜੈਰੀ ਨਾਮ ਦੇ ਨਾਈਜੀਰਿਅਨ ਵਾਸੀ ਉਤਮ ਨਗਰ ਦੇ ਵਿਅਕਤੀ ਤੋਂ ਲਿਆ ਕੇ ਦਿੰਦਾ ਹੈ, ਜਿਸ ਤਹਿਤ ਤਿੰਨਾਂ ਦੋਸ਼ੀਆਂ ‘ਤੇ ਮੁਕੱਦਮਾ ਦਰਜ਼ ਕਰਕੇ ਤਰੁਣ ਕੁਮਾਰ ਉਰਫ ਸੁਮੀ ਨੂੰ ਇੰਦਰਾ ਪਾਰਕ ਦਿੱਲੀ ਤੋਂ ਕਾਬੂ ਕਰਕੇ, ਉਸ ਦੀ ਨਿਸ਼ਾਨਦੇਹੀ ‘ਤੇ ਪੀਟਰ ਉਰਫ ਜੈਰੀ ਨੂੰ ਮੋਹਨ ਗਾਰਡਨ ਨਵੀਂ ਦਿੱਲੀ ਤੋਂ ਕਾਬੂ ਕੀਤਾ ਗਿਆ, ਜਿਸ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਪੁੱਛਗਿੱਛ ਦੌਰਾਨ ਪੀਟਰ ਨੇ ਦੱਸਿਆ ਕਿ ਉਹ ਨਾਈਜੀਰਿਆ ਦਾ ਰਹਿਣ ਵਾਲਾ ਹੈ ਅਤੇ ਕੱਪੜੇ ਦਾ ਵਪਾਰ ਕਰਨ ਲਈ ਦਿੱਲੀ ਆਇਆ ਸੀ ਅਤੇ 2 ਮਹੀਨੇ ਪਹਿਲਾਂ ਉਸ ਦੀ ਮੁਲਾਕਾਤ ਓਨੀਕਵੇਰੀਆ ਵਾਸੀ ਨਾਈਜੀਰਿਆ ਨਾਲ ਹੋਈ ਜੋ ਕਿ ਹੈਰੋਇਨ ਸਪਲਾਈ ਕਰਦਾ ਸੀ ਅਤੇ ਉਸ ਨੂੰ ਉਹ 800 ਰੁਪਏ ਗ੍ਰਾਮ ਦੇ ਹਿਸਾਬ ਨਾਲ ਹੈਰੋਇਨ ਦਿੰਦਾ ਸੀ, ਜਿਸ ਨੂੰ ਉਹ 900 ਜਾਂ 1000 ਰੁਪਏ ਦੇ ਹਿਸਾਬ ਨਾਲ ਉਸ ਦੇ ਦੱਸੇ ਗ੍ਰਾਹਕ ਨੂੰ ਵੇਚਦਾ ਸੀ। ਸਵਰਨ ਸਿੰਘ ਖੰਨਾਂ ਨੇ ਦੱਸਿਆ ਕਿ ਤਰੁਣ ਕੁਮਾਰ ਜਿਸ ‘ਤੇ ਕਿ ਪਹਿਲਾਂ ਵੀ ਬਠਿੰਡਾ ਅਤੇ ਮਾਨਸਾ ਵਿਖੇ ਹੈਰੋਇਨ ਦੇ ਪਰਚੇ ਦਰਜ਼ ਹਨ, ਜਿਸ ‘ਚ ਇਹ ਜਮਾਨਤ ‘ਤੇ ਹੈ।ਬਠਿੰਡਾ ਜੇਲ੍ਹ ‘ਚ ਰਹਿਣ ਦੌਰਾਨ ਉਸ ਦੀ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲਿਆਂ ਨਾਲ ਜਾਣ ਪਹਿਚਾਣ ਹੋਈ ਸੀ ਅਤੇ ਉਹ ਇਹ ਕਾਰੋਬਾਰ ਕਰਨ ਲੱਗ ਗਿਆ।ਪੀਟਰ ਉਸ ਨੂੰ 1500-2000 ਰੁਪਏ ਗ੍ਰਾਮ ਦੇ ਹਿਸਾਬ ਨਾਲ ਵੇਚਦਾ ਸੀ ਅਤੇ ਅੱਜ ਵੀ ਉਸ ਨੇ 50 ਗ੍ਰਾਮ ਹੈਰੋਇਨ ਗੁਰਪ੍ਰੀਤ ਉਰਫ ਗੋਪੀ ਨੂੰ ਦੁਆਈ, ਜਿਸ ਦੌਰਾਨ ਉਹ ਬੱਸ ਅੱਡਾ ਕਟਾਰ ਸਿੰਘ ਵਾਲਾ ਤੋਂ ਕਾਬੂ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ 2 ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ੇ ਨਾਲ ਜੁੜੇ ਹੋਰ ਵਿਅਕਤੀਆਂ ਦਾ ਵੀ ਪਤਾ ਲੱਗ ਸਕਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …