Wednesday, December 25, 2024

ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵੇਗੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ – ਜਾਖੜ

ਜੇ ਸੱਚੇ ਹਨ ਤਾਂ ਰਿਪੋਰਟ ਤੋਂ ਘਬਰਾਏ ਕਿਉਂ ਫਿਰਦੇ ਨੇ ਅਕਾਲੀ – ਰੰਧਾਵਾ
ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਮੇਲੇ ਮੌਕੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕ PPN2608201803ਜਸਬੀਰ ਸਿੰਘ ਡਿੰਪਾ ਤੇ ਮੌਜੂਦਾ ਵਿਧਾਇਕ ਸੰਤੋਖ ਸਿੰਘ ਭਲਾਈਪੁਰਾ ਦੀ ਅਗਵਾਈ ਹੇਠ ਕਰਵਾਈ ਗਈ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦੇ ਕਾਂਗਰਸ ਪ੍ਰਧਾਨ ਸੁੁਨੀਲ ਜਾਖੜ ਨੇ ਕਿਹਾ ਕਿ ਫਖਰ ਏ ਕੌਮ ਤੇ ਪੰਥ ਦੇ ਰਾਖੇ, ਜੋ 50 ਸਾਲ ਤੋਂ ਧਰਮ ਦੇ ਨਾਮ ’ਤੇ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾਉਂਦੇ ਰਹੇ, ਹੁਣ ਜਸਿਟਸ ਰਣਜੀਤ ਸਿੰਘ ਦੀ ਗੁਰੂ ਸਾਹਿਬ ਦੀ ਬੇਅਦਬੀ ਮਾਮਲੇ ’ਤੇ ਆਈ ਰਿਪੋਰਟ ਨੂੰ ਲੈ ਕੇ ਘਬਰਾਏ ਫਿਰਦੇ ਹਨ, ਕਿਉਂਕਿ ਪਤਾ ਹੈ ਕਿ ਰਿਪੋਰਟ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ।ਉਨਾਂ ਕਿਹਾ ਕਿ 17 ਮਹੀਨਿਆਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਚਾਈ ਸਾਹਮਣੇ ਲਿਆ ਦਿੱਤੀ ਹੈ ਅਤੇ ਕੱਲ ਇਸ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨਾ ਹੈ, ਜਿਸ ਦੇ ਨਿਕਲਣ ਵਾਲੇ ਨਤੀਜਿਆਂ ਤੋਂ ਘਬਰਾ ਕੇ ਅਕਾਲੀ ਦਲ ਪੰਜਾਬ ਦੀ ਥਾਂ ਹਰਿਆਣਾ, ਰਾਜਸਥਾਨ ਤੇ ਉਤਰ ਪ੍ਰਦੇਸ਼ ਵਿਚ ਚੋਣਾਂ ਲੜਨ ਦਾ ਮਨ ਬਣਾ ਰਿਹਾ ਹੈ, ਪਰ ਅਜਿਹੇ ਗੁਰੂ ਦੀ ਬੇਅਦਬੀ ਕਰਨ ਵਾਲੇ ਲੋਕਾਂ ਦੇ ਪੈਰ ਉਥੇ ਵੀ ਪੰਜਾਬੀਆਂ ਨੇ ਲੱਗਣ ਨਹੀਂ ਦੇਣੇ।ਜਾਖੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਹੱਥ ਵਿਚ ਨਾ ਲੈਣ, ਬਲਕਿ ਇੰਨਾਂ ਨੂੰ ਪ੍ਰਮਾਤਮਾ ਵੱਲੋਂ ਹੀ ਸਜ਼ਾ ਮਿਲ ਜਾਣੀ ਹੈ ਤੇ ਬਹਿਬਲ ਕਾਂਡ ਦੇ ਜਨਰਲ ਡਾਇਰ ਲੋਕਾਂ ਦੇ ਸਾਹਮਣੇ ਆ ਜਾਣੇ ਹਨ।ਜਾਖੜ ਨੇ ਕਿਹਾ ਕਿ ਬਾਦਲ ਸਰਕਾਰ ਨੇ ਨਾ ਬੇਅਦਬੀ ਕਾਂਡ ਵਾਲੇ ਫੜੇ, ਨਾ ਗੁਰੂ ਦੇ ਲੰਗਰ ’ਤੇ ਲਗਾਈ ਜੀ.ਐਸ.ਟੀ ਮੁੱਦੇ ’ਤੇ ਨਰਿੰਦਰ ਮੋਦੀ ਨੂੰ ਕੁੱਝ ਬੋਲੇ ਅਤੇ ਕੇਂਦਰ ਵਿਚ ਇਕ ਵਜ਼ਾਰਤ ਖਾਤਰ ਸਾਰਾ ਪੰਜਾਬ ਤੇ ਧਰਮ ਵੇਚ ਦਿੱਤਾ। ਉਨਾਂ ਨਰਿੰਦਰ ਮੋਦੀ ਸਰਕਾਰ ’ਤੇ ਵਰਦੇ ਕਿਹਾ ਕਿ ਕੇਂਦਰ ਸਰਕਾਰ ਨੇ ਕੇਵਲ ਤੇ ਕੇਵਲ ਧਨਾਡਾਂ ਦੀ ਮਦਦ ਕੀਤੀ ਹੈ ਅਤੇ ਉਨਾਂ ਨੂੰ ਲੱਖਾਂ ਤੇ ਕਰੋੜਾਂ ਰੁਪਏ ਦੇ ਲਾਭ ਦਿੱਤੇ ਹਨ, ਪਰ ਬੇਰੋਜ਼ਗਾਰਾਂ ਨੂੰ ਪਕੌੜੇ ਤਲਣ ਦੇ ਫਾਰਮੁੱਲੇ ਤੋਂ ਵੱਧ ਕੁੱਝ ਨਹੀਂ ਮਿਲਿਆ।ਜਾਖੜ ਨੇ ਰਈਆ ਤੋਂ ਖਡੂਰ ਸਾਹਿਬ ਨੂੰ ਜਾਂਦੀ ਸੜਕ ਨੂੰ ਚਾਰ ਮਾਰਗੀ ਕਰਨ ਦਾ ਭਰੋਸਾ ਵੀ ਦਿਵਾਇਆ।
                ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਤੀ ਨੂੰ ਨਤਮਸਤਕ ਹੁੰਦੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ’ਤੇ ਉਸ ਵੇਲੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਬਰਾਬਰ ਦੇ ਜ਼ਿੰਮੇਵਾਰ ਹਨ ਅਤੇ ਦੋਵਾਂ ’ਤੇ ਇਸ ਮਾਮਲੇ ਵਿਚ ਕੇਸ ਚੱਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਨਸ਼ਿਆਂ, ਰੇਤ ਤੇ ਸ਼ਰਾਬ ਦੇ ਸੌਦਾਗਰ ਮੇਰੇ ਵਿਰੁੱਧ ਲਗਾਤਾਰ ਦੋਸ਼ ਲਗਾ ਰਹੇ ਹਨ, ਪਰ ਜੇ ਹਿੰਮਤ ਹੈ ਤਾਂ ਮੇਰੇ ਖਿਲਾਫ ਹਾਈਕੋਰਟ ਵਿਚ ਕੇਸ ਕਰਨ ਅਤੇ ਮੈਂ ਸਾਰੇ ਸਬੂਤ ਉਥੇ ਪੇਸ਼ ਕਰ ਦਿਆਂਗਾ।ਉਨਾਂ ਕਿਹਾ ਕਿ ਇਸ ਤਿਕੜੀ ਦਾ ਹਾਲ ਵੀ ਸਿਰਸੇ ਵਾਲੇ ਸਾਧ ਵਾਲਾ ਹੋਣਾ ਹੈ।ਉਨਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਰੱਦ ਕਰਨ ਦੇ ਦਿੱਤੇ ਬਿਆਨ ’ਤੇ ਬੋਲਦੇ ਕਿਹਾ ਕਿ ਗੁਰੂ ਘਰ ਬੈਠ ਕੇ ਇਨਾਂ ਲੋਕਾਂ ਨੂੰ ਸੱਚਾਈ ਦਾ ਸਾਥ ਦੇਣਾ ਚਾਹੀਦਾ ਹੈ।ਉਨਾਂ ਨਾਗੋਕੇ ਵਿਖੇ ਵੇਰਕਾ ਚਿਲਿੰਗ ਸੈਂਟਰ ਲਈ ਇਕ ਕਰੋੜ ਰੁਪਏ, ਸਹਿਕਾਰੀ ਬੈਂਕ ਦੀ ਸ਼ਾਖਾ ਤੇ ਬਾਬਾ ਬਕਾਲਾ ਦੇ ਵਿਕਾਸ ਲਈ ਆਪਣੇ ਕੋਟੇ ਵਿਚੋਂ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
       ਤਕਨੀਕੀ ਸਿੱਖਿਆ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ਵਿਚ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦੇ ਕਿਹਾ ਕਿ ਅਕਾਲੀ ਦਲ ਧਰਮ ਦੇ ਨਾਂ ’ਤੇ ਰਾਜਨੀਤੀ ਕਰ ਰਿਹਾ ਹੈ ਅਤੇ ਹੁਣ ਸਪੱਸ਼ਟ ਹੋ ਗਿਆ ਹੈ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਵੀ ਅਕਾਲੀ ਹੀ ਨਿਕਲੇ ਹਨ, ਜਿੰਨਾ ਰਾਜ ਦੇ ਲਾਲਚ ਵਿਚ ਅਜਿਹਾ ਕੁਕਰਮ ਕੀਤਾ, ਜੋ ਕਿ ਬਖਸ਼ਣਯੋਗ ਨਹੀਂ।ਉਨਾਂ ਬਾਬਾ ਬਕਾਲਾ ਹਲਕੇ ਵਿਚ ਚੱਲਦੀਆਂ ਦੋ ਆਈ.ਟੀ.ਆਈ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ।
     ਜਸਬੀਰ ਸਿੰਘ ਡਿੰਪਾ ਨੇ ਆਏ ਹੋਏ ਨੇਤਾਵਾਂ ਦਾ ਸਵਾਗਤ ਕਰਦੇ ਕਿਹਾ ਕਿ ਅਕਾਲੀਆਂ ਨੂੰ ਸੱਤਾਹੀਣ ’ਤੇ ਪੰਥ ਖਤਰੇ ਵਿਚ ਅਤੇ 84 ਦੇ ਦੰਗੇ ਯਾਦ ਆ ਜਾਂਦੇ ਹਨ।ਉਨਾਂ ਕਿਹਾ ਕਿ ਇੰਨਾਂ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਦੋਸ਼ ਲਗਾਉਣੇ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੈ।ਉਨਾਂ ਦੋਸ਼ ਲਗਾਇਆ ਕਿ ਅਕਾਲੀ ਦਲ ਗੁਰੂ ਦੀ ਗੋਲਕ ਨਾਲ ਰਾਜਨੀਤੀ ਕਰ ਰਿਹਾ ਹੈ ਅਤੇ ਅੱਜ ਵੀ ਰੈਲੀ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬੱਸਾਂ ਲੋਕਾਂ ਵਾਸਤੇ ਵਰਤੀਆਂ ਜਾ ਰਹੀਆਂ ਹਨ।ਵਿਧਾਇਕ ਸੰਤੋਖ ਸਿੰਘ ਭਲਾਈਪੁਰਾ ਨੇ ਵੀ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ’ਤੇ ਧੰਨਵਾਦ ਕਰਦੇ ਭਰੋਸਾ ਦਿੱਤਾ ਕਿ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ।
       ਰੈਲੀ ਵਿਚ ਹੋਰਨਾਂ ਤੋਂ ਇਲਾਵਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਵਿਧਾਇਕ ਤਰਸੇਮ ਸਿੰਘ ਡੀ.ਸੀ, ਵਿਧਾਇਕ ਧਰਮਵੀਰ ਅਗਨੀਹੋਤਰੀ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਵਿਧਾਇਕ ਅਨੂਪ ਸਿੰਘ ਭੁੱਲਰ, ਮਾਤਾ ਸੁਖਵਿੰਦਰ ਕੌਰ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਗੁਰਤੇਜ ਸਿੰਘ ਭੁੱਲਰ, ਸ਼ਵਿੰਦਰ ਸਿੰਘ ਕੱਥੂਨੰਗਲ, ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਡਾ. ਭਾਰਦਵਾਜ ਅਤੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply