ਜੈਂਡਰ ਬਰਾਬਰੀ ਨੂੰ ਵਿਹਾਰ ’ਚ ਢਾਲਣ ਦੀ ਜਰੂਰਤ – ਡਾ. ਮਹਿਲ ਸਿੰਘ
ਅੰਮ੍ਰਿਤਸਰ, 24 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਲੜਕੇ ਅਤੇ ਲੜਕੀ ਦੇ ਭੇਦਭਾਵ ਤੋਂ ਉਪਰ ਉੱਠ ਕੇ ਸਮਾਨਤਾ ਦੇ ਉਦੇਸ਼ ਨਾਲ ਬਣਾਏੇ ਜੈਂਡਰ ਚੈਂਪੀਅਨਜ਼ ਕਲੱਬ ਵੱਲੋਂ ‘ਲਿੰਗ ਸਮਾਨਤਾ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਇਸ ਭਾਸ਼ਣ ਸਮਾਗਮ ’ਚ ਡਾ. ਸਵਿਤਾ ਸ਼ਰਮਾ, ਮੈਡੀਕਲ ਅਫਸਰ, ਸਰਕਾਰੀ ਮੈਡੀਕਲ ਕਾਲਜ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਇਸ ਯੁੱਗ ’ਚ ਸਾਨੂੰ ਆਪਣੀ ਪਿਛਾਹ-ਖਿਚੂ ਸੋਚ ਨੂੰ ਬਦਲ ਕੇ ਸਮੇਂ ਦੇ ਹਾਣੀ ਬਣਨਾ ਪਵੇਗਾ।ਉਨ੍ਹਾਂ ਕਿਹਾ ਕਿ ਪੁਰਸ਼ ਅਤੇ ਇਸਤਰੀ ਦੇ ਭੇਦ ਵਾਲੀ ਪੱਖਪਾਤੀ ਦ੍ਰਿਸ਼ਟੀ ਨੂੰ ਬਦਲ ਕੇ ਜੈਂਡਰ ਬਰਾਬਰੀ ਨੂੰ ਅਪਨਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਹਮੇਸ਼ਾਂ ਯੁੱਗ ਪਲਟਾਊ ਕੰਮ ਕੀਤੇ ਹਨ ਜਿਸ ਕਰਕੇ ਵਿਦਿਆਰਥੀਆਂ ਨੂੰ ਲਿੰਗ ਸਮਾਨਤਾ ਲਈ ਲਈ ਭਰਪੂਰ ਉਪਰਾਲੇ ਕਰਨੇ ਚਾਹੀਦੇ ਹਨ।
ਡਾ. ਸ਼ਰਮਾ ਨੇ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਜੈਂਡਰ, ਸਰੀਰਿਕ ਜਾਂ ਆਰਥਿਕ ਹੀਣਤਾ ਨੂੰ ਤਿਆਗ ਕੇ ਆਪਣੇ ਸੁਪਨੇ ਪੂਰੇ ਕਰਨ ਲਈ ਇਕਾਗਰਤਾ ਨਾਲ ਜੁੱਟ ਜਾਣਾ ਚਾਹੀਦਾ ਹੈ ਕਿਉਂਕਿ ਬੁਲੰਦ ਇਰਾਦਿਆਂ ਅੱਗੇ ਕੋਈ ਮਜਬੂਰੀ ਠਹਿਰ ਨਹੀਂ ਸਕਦੀ।ਉਨ੍ਹਾਂ ਕਿਹਾ ਕਿ ਲੜਕੇ ਦੇ ਪੜ੍ਹਨ ਨਾਲ ਸਿਰਫ ਇਕ ਵਿਅਕਤੀ ਪੜ੍ਹਦਾ ਹੈ ਪਰ ਲੜਕੀ ਦੇ ਪੜ੍ਹਨ ਨਾਲ ਪੂਰਾ ਪਰਿਵਾਰ ਪੜ੍ਹਿਆ-ਲਿਖਿਆ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਰਾਤਨ ਸਮੇਂ ’ਚ ਜਦੋਂ ਇਸਤਰੀ ਦਾ ਬੋਲਬਾਲਾ ਸੀ ਉਦੋਂ ਭਾਰਤ ਸੋਨੇ ਦੀ ਚਿੜੀ ਅਖਵਾਉਂਦਾ ਸੀ, ਪਰ ਜਿਉੁਂ-ਜਿਉਂ ਔਰਤ ਹਾਸ਼ੀਏ ’ਤੇ ਜਾਂਦੀ ਗਈ ਭਾਰਤ ਨੇ ਇਹ ਮੁਕਾਮ ਗੁਆ ਲਿਆ। ਉਨ੍ਹਾਂ ਕਿਹਾ ਕਿ ਇਸਤਰੀ ਦੂਜਿਆਂ ਵੱਲ ਝਾਕਣ ਦੀ ਬਜਾਏ ਸਵੈ-ਨਿਰਭਰ ਹੋ ਕੇ ਹੀ ਸਸ਼ਕਤ ਹੋ ਸਕਦੀ ਹੈ।ਸਮਾਜ ’ਚ ਬਰਾਬਰੀ ਦਾ ਮੁਕਾਮ ਹਾਸਲ ਕਰਨ ਲਈ ਔਰਤ ਨੂੰ ਮਰਦ ਨਾਲੋਂ ਵਧੇਰੇ ਗਿਆਨਵਾਨ ਹੋਣਾ ਪਵੇਗਾ।
ਇਸ ਮੌਕੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜੈਂਡਰ ਚੈਂਪੀਅਨਜ਼ ਕਲੱਬ ਦੇ ਉਪਰਾਲਿਆਂ ਦੀ ਸਰਾਹਨਾ ਕਰਦਿਆਂ ਜੈਂਡਰ ਬਰਾਬਰੀ ਨੂੰ ਵਿਹਾਰ ’ਚ ਢਾਲਣ ਦੀ ਜਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲੜਕੀਆਂ-ਲੜਕਿਆਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਹਨ, ਸਗੋਂ ਔਰਤਾਂ ਵੱਡੀਆਂ ਜਿੰਮੇਵਾਰੀਆਂ ਨੂੰ ਨਿਭਾਉਂਦਿਆਂ ਵਧੇਰੇ ਇਮਾਨਦਾਰ ਸਾਬਤ ਹੋਈਆਂ ਹਨ। ਜੈਡਰ ਚੈਂਪੀਅਨ ਕਲੱਬ ਦੇ ਨੋਡਲ ਅਫਸਰ ਡਾ. ਸਵਰਾਜ ਕੌਰ ਨੇ ਮੁੱਖ ਮਹਿਮਾਨ ਨਾਲ ਜਾਣ-ਪਣਾਣ ਕਰਵਾਉਦਿਆਂ ਕਿਹਾ ਕਿ ਸਮਾਜ ਨੂੰ ਇਸਤਰੀ ਅਤੇ ਪੁਰਸ਼ ਪ੍ਰਤੀ ਪੱਖਪਾਤੀ ਸੋਚ ਨੂੰ ਬਦਲਣਾ ਪਵੇਗਾ।ਜੈਂਡਰ ਚੈਂਪੀਅਨ ਕਲੱਬ ਦੇ ਨੋਡਲ ਅਫਸਰ ਡਾ. ਪਰਮਿੰਦਰ ਸਿੰਘ ਨੇ ਆਖਿਆ ਕਿ ਲਿੰਗ ਸਮਾਨਤਾ ਲਈ ਸਾਨੂੰ ਅਚੇਤ ਮਨ ’ਚ ਬੱਝੀਆਂ ਗੰੰਢਾਂ ਖੋਲ੍ਹਣੀਆਂ ਪੈਣਗੀਆਂ। ਇਸ ਮੌਕੇ ਸ਼ਰੀਆ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।
ਡਾ. ਮਹਿਲ ਸਿੰਘ ਅਤੇ ਡਾ. ਜੇ. ਐੱਸ ਅਰੋੜਾ ਨੇ ਮੁੱਖ ਮਹਿਮਾਨ ਨੂੰ ਯਾਦਗਾਰ ਵਜੋਂ ਕਾਲਜ ਤਸਵੀਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਦਵਿੰਦਰ ਕੌਰ, ਪ੍ਰੋ. ਅਵਤਾਰ ਸਿੰਘ, ਪ੍ਰੋ. ਸਵਿਤਾ, ਪ੍ਰੋ. ਨਵਜੋਤ ਕੌਰ, ਪ੍ਰੋ. ਭੁਪਿੰਦਰ ਸਿੰਘ, ਪ੍ਰੋ. ਹੀਰਾ ਸਿੰਘ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਮਿੰਨੀ ਸਲਵਾਨ, ਪ੍ਰੋ ਗੁਰਸ਼ਿੰਦਰ ਕੌਰ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਬੇਵੀ ਸ਼ਰਮਾ, ਪ੍ਰੋ. ਆਰਤੀ ਤੋਂ ਇਲਾਵਾ ਕਲੱਬ ਦੇ ਮੈਂਬਰ ਵੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …