ਅੰਮ੍ਰਿਤਸਰ, 24 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਪਹਿਲਾ ਨੈਸ਼ਨਲ ਇਨੋਵੈਸ਼ਨ ਐਂਡ ਐਪਲੀਕੈਸ਼ਨ ਆਫ਼ ਮੈਥਮੈਟਿਕਸ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ’ਚ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਅੰਮ੍ਰਿਤਸਰ ਦੇ ਐਡੀਸ਼ਨਲ ਕਮਿਸ਼ਨਰ ਮੈਡਮ ਕੋਮਲ ਮਿੱਤਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀ ਆਪਣੀ ਜ਼ਿੰਦਗੀ ’ਚ ਜੋ ਵੀ ਬਣਨਾ ਚਾਹੁੰਦੇ ਹਾਂ ਇਸ ਗੱਲ ਨੂੰ ਧਿਆਨ ’ਚ ਰੱਖ ਨੇ ਮਿਹਨਤ ਕਰਨੀ ਚਾਹੀਦੀ ਹੈ।
ਸੈਮੀਨਾਰ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਮੁੱਖੀ ਡਾ. ਪਰਮਿੰਦਰ ਸਿੰਘ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਅਜਿਹੇ ਸੈਮੀਨਾਰ ਬੱਚਿਆਂ ਲਈ ਬਹੁਤ ਹੀ ਲਾਭਦਾਇਕ ਸਿੱਧ ਹੁੰਦੇ ਹਨ। ਅਜਿਹੇ ਸੈਮੀਨਾਰ ’ਚ ਬੱਚਿਆਂ ਨੂੰ ਵਰਤਮਾਨ ਸਮੇਂ ਦੌਰਾਨ ਹੋ ਰਹੀਆਂ ਖੋਜਾਂ ਬਾਰੇ ਜਾਣਕਾਰੀ ਮਿਲਦੀ ਹੈ।ਸੈਮੀਨਾਰ ’ਚ ਰਿਸੋਰਸ ਪਰਸਨ ਡਾ. ਅਸ਼ੀਸ਼ ਅਰੋੜਾ ਮੁੱਖੀ ਗਣਿਤ ਵਿਭਾਗ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਡਾ. ਗਗਨਦੀਪ ਸਿੰਘ ਅਸਿਸਟੈਂਟ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਗਣਿਤ ਦੀਆਂ ਬਰੀਕੀਆਂ ਬਾਰੇ ਬੱਚਿਆਂ ਨੂੰ ਜਾਣੂੰ ਕਰਵਾਇਆ।
ਪ੍ਰੋ: ਸੁਖਮੀਨ ਬੇਦੀ ਡੀਨ ਅਕੈਡਮਿਕ ਨੇ ਗਣਿਤ ਦੇ ਰੋਜ਼ਾਨਾ ਜ਼ਿੰਦਗੀ ’ਚ ਵਰਤੋਂ ਬਾਰੇ ਦੱਸਿਆ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਅੰਤ ’ਚ ਮੈਡਮ ਰਜਿੰਦਰ ਪਾਲ ਕੌਰ ਮੁੱਖੀ ਗਣਿਤ ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਡੀਨ ਸਇੰਸਸ ਡਾ. ਐਮ.ਐਸ ਬਤਰਾ, ਡੀਨ ਕਾਮਰਸ ਡਾ. ਜੇ.ਐਸ ਅਰੋੜਾ ਅਤੇ ਗਣਿਤ ਵਿਭਾਗ ਦੇ ਸਮੂਹ ਸਟਾਫ਼ ਮੈੰਬਰ ਮੌਜੂਦ ਸਨ।