ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ
ਸਮਰਾਲਾ, 8 ਦਸੰਬਰ (ਪੰਜਾਬ ਪੋਸਟ- ਕੰਗ) – ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਇਕਾਈ ਕੋਹਾੜਾ (ਜ਼ੋਨ ਲੁਧਿਆਣਾ) ਵੱਲੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਪਿਛਲੇ ਸਮੇਂ ਦੌਰਾਨ ਲਈ ਗਈ ਬੱਚਿਆਂ ਦੀ ਚੇਤਨਾ ਪਰਖ ਪ੍ਰੀਖਿਆ ਵਿੱਚ ਭਾਗ ਲੈਣ ਵਾਲ਼ੇ 40 ਦੇ ਕਰੀਬ ਬੱਚਿਆਂ ਨੂੰ ਸਰਟੀਫ਼ਿਕੇਟ ਵੰਡੇ ਗਏ।ਮੈਰਿਟ ਵਿੱਚ ਵੀ ਆਈਆਂ ਸਕੂਲ ਦੀਆਂ 4 ਬੱਚੀਆਂ ਨੂੰ ਕਿਤਾਬਾਂ ਦੇ ਸੈਟ, ਤਰਕਸ਼ੀਲ ਮੈਗਜ਼ੀਨ ਅਤੇ ਮੈਰਿਟ ਸਰਟੀਫ਼ਿਕੇਟ ਦੇ ਕੇ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਤਰਕਸ਼ੀਲ ਇਕਾਈ ਕੋਹਾੜਾ ਦੇ ਆਗੂ ਦੀਪ ਦਿਲਬਰ ਨੇ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਵਿਗਿਆਨ ਦਾ ਯੁੱਗ ਚੱਲ ਰਿਹਾ ਹੈ ਸਾਨੂੰ ਪਿਛਾਂਹਖਿੱਚੂ ਕਦਰਾਂ ਕੀਮਤਾਂ ਛੱਡ ਕੇ ਸਮੇਂ ਦੇ ਹਾਣੀ ਬਣਨਾ ਚਾਹੀਦਾ ਹੈ ਨਾ ਕਿ ਅੰਧ ਵਿਸ਼ਵਾਸ਼ਾਂ ਵਿੱਚ ਫਸ ਕੇ ਆਪਣਾ ਕੀਮਤੀ ਸਮਾਂ ਅਤੇ ਪੈਸਾ ਬਰਬਾਦ ਕਰਨਾ ਚਾਹੀਦਾ ਹੈ।ਉਨਾਂ ਨੇ ਬੱਚਿਆਂ ਨੂੰ ਹਰ ਕਿਸਮ ਦੇ ਵਹਿਮ ਭਰਮ ਤੋਂ ਬਚਣ ਦਾ ਸੁਨੇਹਾ ਦਿੱਤਾ ਅਤੇ ਹਰ ਗੱਲ ਨੂੰ ਤਰਕ ਦੀ ਕਸਵੱਟੀ ’ਤੇ ਪਰਖਣ ਲਈ ਕਿਹਾ।
ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰਧਾਨ ਰਿਟਾ: ਲੈਕਚਰਾਰ ਵਿਜੇ ਕੁਮਾਰ ਸ਼ਰਮਾ ਨੇ ਵੀ ਬੱਚਿਆਂ ਨੂੰ ਸੰਬੋਧਨ ਕੀਤਾ।ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ (ਸਟੇਟ ਐਵਾਰਡੀ) ਨੇ ਤਰਕਸ਼ੀਲ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪਹੁੰਚੇ ਹੋਏ ਨੁਮਾਇੰਦਿਆਂ ਦਾ ਧੰਨਵਾਦ ਕੀਤਾ।ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਲੈਕਚਰਾਰ ਡਾ. ਸੁਖਪਾਲ ਕੌਰ ਨੇ ਕੀਤਾ।
ਤਰਕਸ਼ੀਲ ਸੁਸਾਇਟੀ ਵੱਲੋਂ ਬੱਚਿਆਂ ਲਈ ਵਿਗਿਆਨਕ ਅਤੇ ਤਰਕਸ਼ੀਲ ਸਾਹਿਤ ਦੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਤੋਂ ਬੱਚਿਆਂ ਅਤੇ ਅਧਿਆਪਕਾਂ ਨੇ ਵੱਡੀ ਮਾਤਰਾ ਵਿੱਚ ਕਿਤਾਬਾਂ ਖਰੀਦੀਆਂ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …