Sunday, December 22, 2024

ਦੇਸ਼ ਪਰਤਿਆ ਵਿਸ਼ਵ ਪੰਜਾਬੀ ਅਮਨ ਕਾਨਫਰੰਸ `ਚ ਹਿੱਸਾ ਲੈਣ ਲਾਹੌਰ ਗਿਆ ਵਫਦ

ਨਨਕਾਣਾ ਸਾਹਿਬ ਦੇ ਦਰਸ਼ਨ ਵੱਡਾ ਸੁਭਾਗ ਮੰਨਿਆ
ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਵਿਸ਼ਵ ਪੰਜਾਬੀ ਕਾਂਗਰਸ ਦੇ ਸੱਦੇੇ `ਤੇ ਲਾਹੌਰ `ਚ ਪਹਿਲੀ ਤੋਂ ਤਿੰਨ ਫਰਵਰੀ ਤੀਕ ਜਨਾਬ ਫਖਰ ਜਮਾਂ ਦੀ  PUNJ0502201917ਪ੍ਰਧਾਨਗੀ ਹੇਠ ਕਰਵਾਈ ਗਈ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਦੇ  ਡੈਲੀਗੇਟ ਵਾਪਸ ਪਰਤ ਆਏ ਹਨ।
ਅੱਜ ਦੁਪਹਿਰੇ ਵਾਘਾ-ਅਟਾਰੀ ਸਰਹੱਦ ਰਾਹੀਂ ਪੈਦਲ ਪਰਤੇ ਵਫਦ ਦੇ ਆਗੂਆਂ ਡਾ. ਦੀਪਕ ਮਨਮੋਹਨ ਸਿੰਘ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਤਿੰਨੇ ਦਿਨ ਵਫਦ ਦੇ ਮੈਂਬਰਾਂ ਤੇ ਪਾਕਿਸਤਾਨ ਦੇ ਸਿਰਕੱਢ ਲੇਖਕਾਂ, ਬੁੱਧੀਜੀਵੀਆਂ ਤੇ ਕਲਾਕਾਰਾਂ ਨੇ ਕਾਨਫਰੰਸ ਵਿਚ ਹਿੱਸਾ ਲਿਆ। ਵਫਦ ਦੇ ਮੈਂਬਰ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਸਾਡਾ ਸਭ ਦਾ ਵੀਜ਼ਾ ਭਾਵੇਂ ਲਾਹੌਰ ਤੀਕ ਸੀਮਤ ਸੀ, ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਦਰਿਆ ਦਿੱਲੀ ਕਾਰਨ ਸਾਰੇ ਡੈਲੀਗੇਟਾਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਵਾਨਗੀ ਮਿਲ ਗਈ।ਵਫਦ ਦੇ ਹਿੰਦੂ, ਸਿੱਖ ਤੇ ਮੁਸਲਮਾਨ ਮੈਂਬਰਾਂ ਨੇ ਨਨਕਾਣਾ ਸਾਹਿਬ ਪੁੱਜ ਕੇ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਦੇ ਦਰਸ਼ਨ ਕੀਤੇ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।
ਵਫਦ ਵਿੱਚ ਸ਼ਾਮਲ ਪੰਜਾਬੀ ਕਵੀਆਂ ਡਾ. ਵਨੀਤਾ ਨਵੀਂ ਦਿੱਲੀ, ਦਰਸ਼ਨ ਬੁੱਟਰ (ਨਾਭਾ) ਡਾ. ਰਤਨ ਸਿੰਘ ਢਿੱਲੋਂ (ਅੰਬਾਲਾ), ਗੁਰਭਜਨ ਗਿੱਲ (ਲੁਧਿਆਣਾ), ਮਨਜਿੰਦਰ ਧਨੋਆ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਕਾਵਿ ਸ਼ਰਧਾਂਜਲੀ ਭੇਂਟ ਕੀਤੀ।ਉਸ ਜੰਡ ਥੱਲੇ ਨਨਕਾਣਾ ਸਾਹਿਬ ਵਿਖੇ 1921 ਵਿੱਚ ਫਰਵਰੀ ਮਹੀਨੇ ਅੰਗਰੇਜ਼ ਪਿੱਠੂ ਮਹੰਤ ਨਰੈਣ ਤੇ ਉਸ ਦੇ ਗੁੰਡਿਆਂ ਵਲੋਂ ਬੰਨ ਕੇ ਸਾੜੇ ਗਏ ਸੂਰਮੇ ਸ਼ਹੀਦਾਂ ਭਾਈ ਲਛਮਣ ਸਿੰਘ ਧਾਰੋਵਾਲੀ (ਗੁਰਦਾਸਪੁਰ) ਅਤੇ ਭਾਈ ਦਲੀਪ ਸਿੰਘ ਚੀਮਾ ਸਾਹੋਵਾਲ (ਸਿਆਲਕੋਟ) ਨੂੰ ਚੇਤੇ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਗੁਰਦੁਆਰਾ ਸੁਧਾਰ ਤੇ ਅਜ਼ਾਦੀ ਲਹਿਰ ਦਾ ਆਦਿ ਬਿੰਦੂ ਇਹੀ ਜੰਡ ਹੈ, ਜਿਸ ਨੇ ਨਨਕਾਣਾ ਸਾਹਿਬ ਮੋਰਚੇ ਤੋਂ ਬਾਅਦ ਸਿੱਖ ਗੁਰੂ ਘਰ ਜਾਗ੍ਰਤੀ ਤੇ ਅਜ਼ਾਦੀ ਲਹਿਰ ਦਾ ਆਰੰਭ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਵੀ ਇਸੇ ਜੰਡ ਹੇਠ ਹੋਈ ਕੁਰਬਾਨੀ ਵਿੱਚੋਂ ਹੋਈ ਹੈ।ਨਨਕਾਣਾ ਸਾਹਿਬ ਦੀ ਗੋਲਕ ਤੇ ਬਾਕੀ ਅਸਾਸਿਆਂ ਦੀ ਬਦੌਲਤ ਹੀ ਅੱਜ ਪੰਜਾਬ ਵਿੱਚ ਗੁਰੂ ਨਾਨਕ ਇੰਜਨੀਅਰਿੰਗ ਕਾਲਿਜ ਲੁਧਿਆਣਾ ਤੇ ਨਨਕਾਣਾ ਸਾਹਿਬ ਪਬਲਿਕ ਸਕੂਲਾਂ ਦਾ ਜਾਲ ਵਿਛਿਆ ਹੈ।
ਉਹਨਾਂ ਦੱਸਿਆ ਕਿ ਗੰਗਾ ਸਾਗਰ ਦੀ ਬਖਸ਼ਿਸ਼ ਪ੍ਰਾਪਤ ਪਰਿਵਾਰ ਰਾਏ ਕੱਲਾ ਦੇ ਵੰਸ਼ਜ ਰਾਏ ਅਜ਼ੀਜ਼ ਉਲਾ ਖਾਨ ਦੀਆਂ ਕੋਸ਼ਿਸ਼ਾਂ ਸਦਕਾ ਹੀ ਵਫਦ ਦੇ ਮੈਂਬਰਾਂ ਨੂੰ ਪੂਰਾ ਪਰੋਟੋਕੋਲ ਦਿੱਤਾ ਗਿਆ ਅਤੇ ਨਨਕਾਣਾ ਸਾਹਿਬ ਜਿਲਾ ਪ੍ਰਸ਼ਾਸਨ ਵਲੋਂ ਸੁਆਗਤ ਕੀਤਾ ਗਿਆ।ਵਿਸ਼਼ਵ ਪੰਜਾਬੀ ਕਾਂਗਰਸ ਦੇ ਚੇਅਰਮੈਨ ਜਨਾਬ ਫਖਰ ਜਮਾਂ ਤੇ ਪ੍ਰਬੰਧਕ ਐਜ਼ਾਜ਼ ਚੌਧਰੀ ਨੇ ਪੈਰ ਪੈਰ ਤੇ ਸਹਿਯੋਗ ਤੇ ਅਗਵਾਈ ਦਿੱਤੀ।
ਡਿਪਟੀ ਕਮਿਨਰ ਨਨਕਾਣਾ ਸਾਹਿਬ ਜਨਾਬ ਰਾਜਾ ਮਨਸੂਰ ਅਹਿਮਦ ਨੇ ਦੱਸਿਆ ਕਿ ਨਨਕਾਣਾ ਸਾਹਿਬ ਸ਼ਹਿਰ ਤੇ ਜਿਲੇ ਦੇ ਸਰਬਪੱਖੀ ਵਿਕਾਸ ਲਈ 550 ਸਾਲਾ ਸਮਾਗਮਾਂ ਤੋਂ ਪਹਿਲਾਂ-ਪਹਿਲਾਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕਰਨ ਲਈ ਹਾਲ ਦੀ ਘੜੀ 51 ਏਕੜ ਜ਼ਮੀਨ ਦਾ ਪ੍ਰਬੰਧ ਕਰ ਲਿਆ ਹੈ।ਪਰ ਹੋਰ ਵੱਡੇ ਰਕਬੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਇਸੇ ਤਰਾਂ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਜਨਮ ਸਥਾਨ ਤੀਕ ਵਿਸ਼ੇਸ਼਼ ਸੁਰੰਗ-ਮਾਰਗ ਬਣਾਇਆ ਜਾ ਰਿਹਾ ਹੈ ਤਾਂ ਜੋ ਆਵਾਜਾਈ ਆਸਾਨ ਰਹੇ। ਉਹਨਾਂ ਕਿਹਾ ਕਿ ਸਿੱਖ ਸੰਗਤਾਂ ਨੂੰ ਨਵੰਬਰ ਮਹੀਨੇ ਤੋਂ ਪਹਿਲਾਂ-ਪਹਿਲਾਂ ਇਸ ਤੋਂ ਇਲਾਵਾ ਹੋਰ ਅਨੇਕਾਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਦੁਪਹਿਰ ਦਾ ਪ੍ਰੀਤੀ ਭੋਜ ਤੇ ਹਰ ਤਰਾਂ ਦੀ ਸਹੂਲਤ ਦੇਣ ਲਈ ਵਫਦ ਵੱਲੋਂ ਪ੍ਰੋ. ਗੁਰਭਜਨ ਗਿੱਲ ਤੇ ਡਾ. ਵਨੀਤਾ ਨੇ ਜਿਲਾ ਪ੍ਰਸ਼ਾਸਨ ਦਾ ਧੰਨਵਾਦ  ਕੀਤਾ।ਹਾਫਿਜ ਨਜ਼ੀਬ ਏ.ਡੀ.ਸੀ ਨਨਕਾਣਾ ਸਾਹਿਬ ਤੇ ਹੈੱਡ ਗ੍ਰੰਥੀ ਦਯਾ ਸਿੰਘ ਨੇ ਵਫਦ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ।
ਵਫਦ ਵਿਚ ਡਾ. ਦੀਪਕ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਸਿਰਕੱਢ ਐਡਵੋਕੇਟ ਅਮਰਪਾਲ ਸਿੰਘ ਰੰਧਾਵਾ (ਅੰਮ੍ਰਿਤਸਰ), ਡਾ. ਸ.ਸ ਸੰਘਾ, ਕਮਲ ਗਿੱਲ ,ਪ੍ਰਿੰਸੀਪਲ ਦਸਮੇਸ਼ ਕਾਲਜ ਬਾਦਲ (ਮੁਕਤਸਰ), ਡਾ. ਸ਼ਿੰਦਰਪਾਲ ਸਿੰਘ (ਚੰਡੀਗੜ) ਮਿਸਜ ਸ਼ਿੰਦਰਪਾਲ, ਡਾ: ਜਸਵਿੰਦਰ ਕੌਰ ਮਾਂਗਟ, ਡਾ. ਗੁਰਦੀਪ ਕੌਰ (ਦਿੱਲੀ), ਡਾ. ਗੁਰਦੀਪ ਕੌਰ (ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ), ਡਾ. ਖਾਲਿਦ (ਕਰੋੜੀ ਮੱਲ ਕਾਲਜ ਦਿੱਲੀ), ਉਰਦੂ ਲੇਖਕ ਨੰਦ ਕਿਸ਼ੋਰ ਵਿਕਰਮ (ਦਿੱਲੀ) ਤੋਂ ਇਲਾਵਾ ਸਿਰਕੱਢ ਸ਼ਖਸੀਅਤਾਂ ਸ਼ਾਮਲ ਸਨ।
ਵਿਸ਼ਵ ਅਮਨ ਤੇ ਦੱਖਣੀ ਏਸ਼ੀਆ ਅਮਨ ਦੇ ਹਵਾਲੇ ਨਾਲ 13 ਮਤੇ ਕਾਨਫਰੰਸ ਵਿੱਚ ਪਾਸ ਕੀਤੇ ਗਏ, ਜਿਨਾਂ ਵਿਚੋਂ ਭਵਿੱਖ ਦੇ ਚੰਗੇ ਨਕਸ਼ ਉਸਰਨ ਦੀ ਆਸ ਉਮੀਦ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply