Sunday, December 22, 2024

ਬਸੰਤ ਪੰਚਮੀ

           Patangbaziਭਾਰਤ ਰੁੱਤਾਂ ਤਿਉਹਾਰਾਂ ਦਾ ਦੇਸ਼ ਹੈ, ਕਹਿੰਦੇ ਹਨ ਕਿ ਭਾਰਤ ਵਿੱਚ 6 ਰੁੱਤਾਂ ਆਉਂਦੀਆਂ ਹਨ।ਪਰ ਬਸੰਤ ਰੁੱਤ ਨੂੰ ਸਭ ਤੋਂ ਵਧੀਆ ਰੁੱਤ ਕਿਹਾ ਜਾਂਦਾ ਹੈ, ਜੋ ਪੱਤਝੜ ਜਾਣ ਤੋਂ ਬਾਅਦ ਆਉਂਦੀ ਹੈ।ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ।ਇਸ ਰੁੱਤ ਦੇ ਆਉਣ ਨਾਲ ਚਾਰੇ ਪਾਸੇ ਫੁੱਲ ਖਿੜਣ ਨਾਲ ਬਹਾਰ ਹੀ ਬਹਾਰ ਹੁੰਦੀ ਹੈ। ਫਸਲਾਂ ਦੇ ਪੌਦੇ ਖਿੜ-ਖੜਾਉਣ ਲੱਗ ਜਾਂਦੇ ਹਨ ਅਤੇ ਪੰਛੀ ਇਸ ਬਸੰਤ ਰੁੱਤ ਵਿੱਚ ਝੂਮ ਝੂਮ ਕੇ ਗੀਤ ਗਾ ਰਹੇ ਹੁੰਦੇ ਹਨ।ਆਮ ਤੌਰ `ਤੇ ਇਸ ਰੁੱਤ ਵਿਚ ਨਾ ਗਰਮੀ ਹੁੰਦੀ ਹੈ ਅਤੇ ਨਾ ਹੀ ਸਰਦੀ।ਬਸੰਤ ਰੁੱਤ ਤੋਂ ਬਾਅਦ ਠੰਡ ਘੱਟਣੀ ਸ਼ੁਰੂ ਹੋ ਜਾਂਦੀ ਹੈ।ਇਸ ਲਈ ਇਹ ਕਹਾਵਤ ਵੀ ਆਮ ਕਹਾਵਤ ਹੈ ਕਿ ‘ਆਈ ਬਸੰਤ ਪਾਲਾ ਉਡੰਤ’।ਬਸੰਤ ਪੰਚਮੀ ਪੂਰੇ ਭਾਰਤ ਵਰਸ਼ ਵਿੱਚ ਮਨਾਈ ਜਾਂਦੀ ਹੈ।ਖਾਸ ਕਰਕੇ ਸ਼ਹਿਰ ਪਟਿਆਲਾ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਉੱਚ ਪੱਧਰ ’ਤੇ ਮਨਾਇਆ ਜਾਂਦਾ ਹੈ।
ਬਸੰਤ ਪੰਚਮੀ ਵਾਲੇ ਦਿਨ ਬੱਚੇ ਅਤੇ ਨੌਜਵਾਨਾਂ ਵਲੋਂ ਪਤੰਗ ਉਡਾ ਕੇ ਮਨੋਰੰਜ਼ਨ ਕੀਤਾ ਜਾਂਦਾ ਹੈ ਅਤੇ  ਅਸਮਾਨ ਰੰਗ ਬਰੰਗੇ ਪਤੰਗਾਂ ਨਾਲ ਭਰ ਜਾਂਦਾ ਹੈ।ਬੱਚੇ ਅਤੇ ਨੌਜਵਾਨ ਇੱਕ ਦੂਜੇ ਦੀ ਪਤੰਗ ਕੱਟ ਕੇ ਖੁਸ਼ੀ ਮਹਿਸੂਸ ਕਰਕੇ ‘ਆਈ ਬੋ’ ਦੇ ਨਾਅਰੇ ਲਗਾਉਂਦੇ ਹਨ।ਨੌਜਵਾਨ ਘਰਾਂ ਦੀਆਂ ਛੱਤਾਂ, ਪਾਰਕਾਂ ਭਾਵ ਸਾਝੀਆਂ ਥਾਵਾਂ ’ਤੇ ਡੀ.ਜੇ ਸਪੀਕਰ ਲਾ ਕੇ ਆਮ ਮਨੋਰੰਜ਼ਨ ਕਰਦੇ ਵੇਖੇ ਜਾਂਦੇ ਹਨ।
ਪਹਿਲਾਂ-ਪਹਿਲ ਲੋਕ ਕੱਚੇ ਧਾਗੇ ਦੀਆਂ ਰੀਲਾਂ ਵਾਲੇ ਧਾਗਿਆਂ ਨਾਲ ਪਤੰਗ ਉਡਾਉਂਦੇ ਸਨ, ਫਿਰ ਹੌਲੀ ਹੌਲੀ ਧਾਗੇ ਨੂੰ ਕੱਚ ਅਤੇ ਰੰਗ ਲਗਾ ਕੇ ਮਜਬੂਤ ਅਤੇ ਆਕਰਸ਼ਕ ਬਣਾਇਆ ਜਾਣ ਲੱਗਾ।ਇਸ ਨੂੰ ਮਾਂਝਾ ਡੋਰ ਕਿਹਾ ਜਾਣ ਲੱਗਾ।ਫਿਰ ਬਾਜ਼ਾਰ ਵਿਚ ਬਰੇਲੀ ਡੋਰ ਨੇ ਆਪਣੀ ਧਾਕ ਜਮਾਈ, ਜੋ ਕਿ ਮਜ਼ਬੂਤ ਅਤੇ ਮਹਿੰਗੀ ਵੀ ਪੈਂਦੀ ਸੀ।ਬਰੇਲੀ ਤੋਂ ਬਾਅਦ ਪਾਂਡਾ ਡੋਰ ਹੋਂਦ ਵਿਚ ਆਉਣ ਤੋਂ ਪਲਾਸਟਕਿ ਡੋਰ ਚਾਈਨਾ ਡੋਰ ਨੇ ਪਕੜ ਮਜ਼ਬੂਤ ਕੀਤੀ।ਜੋ ਕਿ ਆਮ ਤੌਰ ‘ਤੇ ਹੱਥ ਨਾਲ ਨਹੀਂ ਟੁੱਟਦੀ।ਬਾਕੀ ਡੋਰ ਦੀ ਤਰਾਂ ਜੋ ਪਾਣੀ ਵਿਚ ਗਿੱਲੀ ਹੋਣ ਦੇ ਬਾਵਜੂਦ ਛੇਤੀ ਖਰਾਬ ਨਹੀਂ ਹੁੰਦੀ, ਇਹ ਡੋਰ ਸਰੀਰ ਦੇ ਕਿਸੇ ਵਿਚ ਅੰਗ ’ਤੇ ਲੱਗ ਜਾਵੇ ਭਾਵ ਕਿ ਫਿਰ ਜਾਵੇ ਤਾਂ ਕੱਟ ਲੱਗ ਜਾਂਦਾ ਹੈ, ਜੋ ਜਾਨਲੇਵਾ ਸਾਬਤ ਹੋ ਰਹੀ।ਇਸ ਡੋਰ ਕਾਰਨ ਆਏ ਦਿਨ ਬਹੁਤ ਸਾਰੇ ਪਸ਼ੂ-ਪੰਛੀ ਅਤੇ ਮਨੁੱਖ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।ਇਸ ਡੋਰ ਪ੍ਰਤੀ ਸਮਾਜ ਸੇਵੀ ਸੰਸਥਾਵਾਂ ਵਲੋਂ ਸਰਕਾਰ ਕੋਲੋਂ ਪਾਬੰਦੀ ਦੀ ਮੰਗ ਕਾਰਨ ਹੀ ਸਰਕਾਰ ਨੇ ਇਸ ਡੋਰ ਉਪਰ ਪਾਬੰਦੀ ਲਾਈ ਹੋਈ ਹੈ, ਪਰ ਫਿਰ ਵੀ ਇਹ ਡੋਰ ਬਾਜ਼ਾਰ ਵਿਚ ਲਾਲਚੀ ਦੁਕਾਨਦਾਰਾਂ ਵਲੋਂ ਧੜਲੇ ਨਾਲ ਵੇਚੀ ਜਾ ਰਹੀ ਹੈ।ਪੁਲਿਸ ਵਲੋਂ ਕਈ ਦੁਕਾਨਦਾਰਾਂ ਤੋਂ ਇਹ ਡੋਰ ਬਰਾਮਦ ਕੀਤੀ ਗਈ ਹੈ।ਕਈਆਂ ’ਤੇ ਮੁਕੱਦਮੇ ਦਰਜ਼ ਕਰਕੇ ਉਨਾਂ ਦੇ ਚਲਾਨ ਕੀਤੇ ਗਏ ਹਨ, ਪ੍ਰੰਤੂ ਫਿਰ ਵੀ ਇਸ `ਤੇ ਕਾਬੂ ਨਹੀ ਪਾਇਆ ਜਾ ਰਿਹਾ।
ਸੋ ਸਾਨੂੰ ਸਾਰਿਆਂ ਨੂੰ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਰਕਾਰ ਅਤੇ ਸਮਾਜ ਦੀ ਮਦਦ ਕਰਨ ਚਾਹੀਦੀ ਹੈ।ਤਾਂਕਿ ਚਾਈਨਾ ਡੋਰ ਨਾਲ ਹੋਣ ਵਾਲੇ ਹਾਦਸਿਆਂ ਤੋਂ ਬਚਾਓ ਕੀਤਾ ਜਾ ਸਕੇ।ਜਾਨ ਲੇਵਾ ਡੋਰ ਨੂੰ ਨਾ ਵੇਚਿਆ ਅਤੇ ਨਾ ਹੀ ਖਰੀਦਿਆ ਜਾਵੇ।ਚਾਇਨਾ ਡੋਰ `ਚ ਕਈ ਵਾਰੀ ਬਿਜਲੀ ਦਾ ਕਰੰਟ ਆਉਣ ਕਾਰਨ ਬੱਚੇ ਝੁਲਸ ਵੀ ਜਾਂਦੇ ਹਨ।ਇਕੋ ਤਰ੍ਹਾਂ ਦੀ ਡੋਰ ਹੋਣ ਦੇ ਬਾਵਜ਼ੂਦ ਵੀ ਇੱਕ ਪਤੰਗ ਦੂਜੇ ਪਤੰਗ ਨਾਲ ਕੱਟੀ ਜਾਂਦੀ ਹੈ, ਅਜਿਹਾ ਰਗੜ ਅਤੇ ਤਣਾਅ ਦੇ ਵਿਗਿਆਨ ਸਿਧਾਂਤ ਕਾਰਨ ਹੁੰਦਾ ਹੈ।।  
ਸਮਾਂ ਬੀਤਣ ਦੇ ਨਾਲ-ਨਾਲ ਹੋਰਨਾਂ ਤਿਉਹਾਰਾਂ ਦੀ ਤਰ੍ਹਾਂ ਬਸੰਤ `ਤੇ ਵੀ ਆਧੁਨਕਿਤਾ ਦਾ ਪ੍ਰਭਾਵ ਪਿਆ ਹੈ।।ਅਜਕੱਲ੍ਹ ਇਹ ਤਿਉਹਾਰ ਜਾਨਲੇਵਾ ਅਤੇ ਸ਼ੋਰ-ਸ਼ਰਾਬੇ ਵਾਲਾ ਬਣਦਾ ਜਾ ਰਹਾ ਹੈ।ਤਿਉਹਾਰ ਖੁਸ਼ੀਆਂ ਮਨਾਉਣ ਲਈ ਹੁੰਦੇ ਹਨ।ਚਾਹੀਦਾ ਤਾਂ ਇਹ ਹੈ ਕਿ ਤਿਓਹਾਰਾਂ `ਚ `ਖੁਸ਼ੀ ਮਨਾਈਏ ਅਤੇ ਖੁਸ਼ੀਆਂ ਵੰਡੀਏ’।‘ਚਾਈਨਾ ਡੋਰ ਦੀ ਵਰਤੋਂ ਬੰਦ ਕਰੀਏ’।‘ਬਸੰਤ ਪੰਚਮੀ ਨੂੰ ‘ਆਵਾਜ਼ ਦੇ ਪ੍ਰਦੂਸ਼ਣ ਤੋਂ ਮੁਕਤ ਕਰੀਏ।’ ਜੇਕਰ ਸਪੀਕਰ ਚਲਾਉੇਣੇ ਵੀ ਹਨ ਤਾਂ ਹੋਲੀ ਆਵਾਜ ਵਿੱਚ ਚਲਾਈਏ।ਪਤੰਗ ਲੁੱਟਣ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਨਾ ਪਾਈਏ।
ਛੋਟੇ ਬੱਚਿਆਂ ਅਤੇ ਭੈਣ-ਭਰਾਵਾਂ ਦਾ ਖਾਸ ਧਿਆਨ ਰੱਖੀਏ, ਕਿਉਂਕਿ ਪਤੰਗ ਉਡਾਉਂਦੇ ਜਾਂ ਲੁੱਟਦੇ ਕੋਠੇ ਤੋਂ ਡਿੱਗਣ ਜਾਂ ਸੜਕ ’ਤੇ ਕਿਸੇ ਵਾਹਨ ਵਿੱਚ ਵੱਜਣ ਦੀਆਂ ਘਟਨਾਵਾਂ ਆਏ ਸਾਲ ਵਾਪਰਦੀਆਂ ਹੀ ਰਹਿੰਦੀਆਂ ਹਨ।
Avtar Kainth

 

ਅਵਤਾਰ ਸਿੰਘ ਕੈਂਥ,
ਬਠਿੰਡਾ।
ਮੋ- 93562-00120

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply