`ਗੁਰੂ ਨਾਨਕ ਸੋਸ਼ਿਓ-ਪੋਲੀਟੀਕਲ ਫਿਲਾਸਫੀ ਅਤੇ ਸਮਕਾਲੀ ਸੰਦਰਭ` ਵਿਸ਼ੇ `ਤੇ ਤਿੰਨ ਰੋਜ਼ਾ ਸੈਮੀਨਾਰ ਸ਼ੁਰੂ
ਅੰਮ੍ਰਿਤਸਰ, 14 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੂਰਬ ਨੂੰ ਸਮਰਪਿਤ ਤਿੰਨ ਰੋਜਾ ਕੌਮੀ ਸੈਮੀਨਰ ਨੂੰ ਸੰਬੋਧਨ ਕਰਦਿਆ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਬਲਕਾਰ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਜਿਹੀ ਮਿਡਲ ਸ੍ਰੇਣੀ ਪੈਦਾ ਕਰਨੇ ਚਾਹੁੰਦੇ ਸਨ, ਜਿਹੜੀ ਸੁੱਮਚੀ ਮਾਨਵਤਾ ਨੂੰ ਆਪਣੇ ਵਿੱਚ ਸਮਾ ਸਕੇ।ਪਰ ਅੱਜ ਦੀ ਮਿਡਲ ਸ੍ਰੇਣੀ ਇਸ ਜਿੰਮੇਵਾਰੀ ਤੋ ਭੱਜ ਕੇ ਵਿਚੋਲਗੀ `ਤੇ ਉਤਰੀ ਹੋਈ ਹੈ।ਜਿਸ ਦੇ ਨਾਲ ਸਮਾਜਿਕ ਧਾਰਮਿਕ ਰਾਜਨੀਤਕ ਵਿਗਾੜ ਪੈਦਾ ਹੋ ਰਿਹੇ ਹਨ।ਉਹ ਅੱਜ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਆਈ.ਸੀ.ਪੀ.ਆਰ ਦੇ ਸਹਿਯੋਗ ਨਾਲ `ਗੁਰੂ ਨਾਨਕ ਸੋਸ਼ਿਓ-ਪੋਲੀਟੀਕਲ ਫਿਲਾਸਫੀ ਅਤੇ ਸਮਕਾਲੀ ਸੰਦਰਭ` ਵਿਸ਼ੇ `ਤੇ ਤਿੰਨ ਰੋਜ਼ਾ ਸੈਮੀਨਾਰ ਦੀ ਆਰੰਭਤਾ ਮੋਕੇ ਬਤੌਰ ਮੁੱਖ ਮਹਿਮਾਨ ਇਥੇ ਪੁੱਜੇ ਸਨ।ਉਨਾਂ ਨੇ ਕਿਹਾ ਕਿ ਜਿੰਨ੍ਹਾ ਚਿਰ ਅਸੀ ਸਿੱਖ ਸਿਧਾਂਤਾਂ ਨੂੰ ਇਕ ਲਕੀਰੀ ਇਤਿਹਾਸਕਤਾ (1469-1708) ਤੋਂ ਬਾਹਰ ਆ ਕੇ ਨਹੀਂ ਸਮਝਦੇ, ਉਨਾ ਚਿਰ ਤੱਕ ਅਸੀਂ ਗੁਰਬਾਣੀ ਸਿਧਾਂਤਾਂ ਨੂੰ ਨਹੀਂ ਸਮਝ ਸਕਦੇ।ਉਨ੍ਹਾ ਕਿਹਾ ਸਮਕਾਲੀ ਸਮੇਂ ਦੀ ਪਹਿਰੇਦਾਰੀ ਮੱਧ ਸ਼੍ਰੇਣੀ ਕਰਦੀ ਹੈ ਅਤੇ ਗੁਰੂ ਨਾਨਕ ਸਾਹਿਬ ਵੱਲੋ ਵੀ ਮੱਧ ਸ਼੍ਰੈਣੀ ਨੂੰ ਹੀ ਕੇਂਦਰ ਵਿਚ ਰੱਖਿਆਂ ਗਿਆ ਹੈ।ਉਨਾਂ ਕਿਹਾ ਕਿ ਜਦੋ ਜਦੋ ਵੀ ਮੱਧ ਸ਼੍ਰੇਣੀ ਕਮਜ਼ੋਰ ਹੋਈ ਹੈ ਤਾਂ ਇਸ ਦਾ ਖਮਿਆਜਾ ਸਮੁੱਚੀ ਮਨੁੱਖਤਾ ਨੂੰ ਹੀ ਵਿਸ਼ਵ ਵਿਆਪੀ ਪੱਧਰ ਤੇ ਭੁਗਤਣਾ ਪਿਆ ਹੈ।ਉਨ੍ਹਾਂ ਕਿਹਾ ਕਿ ਅੱਜ ਦੀ ਮਿਡਲ ਸ੍ਰੇਣੀ ਦੀਆਂ ਲੋੜਾਂ, ਵੰਗਾਰਾਂ ਅਤੇ ਸੱਮਸਿਆਵਾਂ ਦਾ ਹੱਲ ਵੀ ਗੁਰੂ ਨਾਨਕ ਦੇਵ ਜੀ ਵੱਲੋ ਅਪਣੇ ਫਿਲਾਸਫੀ ਰਾਹੀਂ ਦਿੱਤਾ ਹੈ।ਮਿਡਲ ਕਲਾਸ ਦਾ ਧਰਮ ਹੈ ਕਿ ਉਹ ਸੁਮੱਚੀ ਮਾਨਵਤਾ ਦੇ ਲਈ ਅੱਗੇ ਆਵੇ ਨਾ ਕਿ ਨਿੱਜੀ ਸਵਾਰਥ ਭਰਪੂਰ ਜ਼ਿੰਦਗੀ ਜਿਊਣ ਦੇ ਦਲਦਲ ਵਿਚ ਫਸੇ। ਉਨਾਂ ਵਰਤਮਾਨ ਸਮੇਂ ਵਾਪਰੀਆਂ ਵੱਖ-ਵੱਖ ਘਟਨਾਵਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਅਮਲੀ ਜੀਵਨ ਨਾਲ ਜੋੜਨ ਦੀ ਜਿੰਮੇਵਾਰੀ ਜਿਸ ਵਰਗ ਦੀ ਬਣਦੀ ਹੈ ਨੇ ਨਾ ਨਭਾਈ ਤਾਂ ਸੱਚ ਜਿੰਦਗੀ ਦਾ ਹਿੱਸਾ ਨਹੀ ਬਣ ਸਕਦਾ।ਚੇਤੰਨ ਹੁੰਦਿਆਂ ਚੁੱਪ ਰਹਿਣਾ ਪਾਪ ਹੈ।ਇਸ ਤੋਂ ਸਮਾਜ ਨੂੰ ਕਿਵੇਂ ਬਚਾਉਣਾ ਹੈ `ਤੇ ਵੀ ਧਿਆਨ ਦੇਣ ਦੀ ਲੋੜ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਨੇੇ ਸੱਭਿਆਚਾਰ ਅਤੇ ਧਰਮ ਨੂੰ ਇਕੱਠੇ ਤੋਰਿਆ।ਧਰਮ, ਅਧਿਆਤਮਕਤਾ ਅਤੇ ਸੱਭਿਆਚਾਰ ਦੇ ਵਿਚਕਾਰ ਇੱਕ ਪੁਲ ਦੀ ਭੂਮਿਕਾ ਨਿਭਾਉਂਦਾ ਹੈ।ਇਸੇ ਤਰ੍ਹਾਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਵਿਚਕਾਰ ਸਿੱਖੀ ਇਕ ਵਹਿਣ ਹੈ ਜਿਹੜਾ ਬਾਕੀ ਸਾਰੇ ਵਹਿਣਾਂ ਨੂੰ ਆਪਣੇ ਨਾਲ ਲੈ ਕੇ ਸ਼ਬਦ ਗੁਰੂ ਵਿਚ ਸਮਾਉਂਦਾ ਹੈ।ਗੁਰਬਾਣੀ ਭਾਸ਼ਾ ਤੇ ਜੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਵਤਾਰ, ਗੁਰੂ ਅਤੇ ਪੈਗੰਬਰ ਇੱਕ ਨਹੀਂ ਹਨ ਸਾਨੂੰ ਇਹਨਾਂ ਦੀ ਪਰਿਭਾਸ਼ਾ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ।ਉਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਮੂਲ ਰੂਪ ਵਿਚ ਅਧਿਆਤਮਵਾਦੀ ਹਨ ਨਾ ਕਿ ਫਲਸਾਵਾਦੀ।ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ ਅਧਿਆਤਮਕਤਾ ਰਾਹੀ ਸਮਝਣ ਤੇ ਜੋਰ ਦਿੱਤਾ।
ਇਸ ਤੋ ਪਹਿਲਾਂ ਤਿੰਨ ਰੋਜਾਂ ਰਾਸ਼ਟਰੀ ਸੈਮੀਨਰ ਵਿਚ ਪੁੱਜੇ ਉਚ ਕੋਟੀ ਦੇ ਵਿਦਵਾਨਾਂ, ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ, ਉੱਚ ਅਧਿਕਾਰੀਆਂ ਅਤੇ ਖੋਜਾਰਥੀਆਂ ਦਾ ਸਵਾਗਤ ਕਰਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਅਮਰਜੀਤ ਸਿੰਘ ਨੇ ਕੇਂਦਰ ਦੀਆਂ ਗਤੀਵਿਧੀਆਂ ਅਤੇ ਸੈਮੀਨਾਰ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਗੁਰਬਾਣੀ ਦੇ ਹਵਾਲੇ ਨਾਲ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ, ਮਾਨਵੀ ਕਦਰਾਂ-ਕੀਮਤਾਂ ਅਤੇ ਗੁਰਮੁਖ ਦੇ ਜੀਵਨ ਬਾਰੇ ਚਾਨਣਾ ਪਾਇਆ।ਉਦਘਾਟਨੀ ਸ਼ਬਦ ਕੇਂਦਰ ਦੇ ਫਾਊਂਡਰ ਡਾਇਰੈਕਟਰ ਪ੍ਰੋ. ਬਲਵੰਤ ਸਿੰਘ ਢਿੱਲੋਂ ਦੁਆਰਾ ਪੇਸ਼ ਕੀਤੇ ਗਏ। ਉਨ੍ਹਾਂ ਗੁਰਬਾਣੀ ਦੇ ਹਵਾਲੇ ਨਾਲ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਬਾਰੇ ਅਕਾਦਮਿਕਤਾ ਵਿਚ ਪਾਏ ਗਏ ਭੁਲੇਖਿਆਂ ਨੂੰ ਦੂਰ ਕਰਨ ਲਈ ਤਰਕ ਭਰਪੂਰ ਵਿਚਾਰ ਪੇਸ਼ ਕੀਤੇ।ਉਨ੍ਹਾਂ ਗੁਰੂ ਸਾਹਿਬ ਦੇ ਧਾਰਮਿਕ ਅਨੁਭਵ ਦੀ ਸਾਰਥਿਕਤਾ ਨੂੰ ਸਮਕਾਲੀ ਸਮੇਂ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਦਰਭ ਵਿਚ ਸਮਝਣ ਸਮਝਾਉਣ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਸਿਧਾਂਤਾਂ ਦੁਆਰਾ ਆਦਰਸ਼ਕ ਜੀਵਨ ਜੀਊਣ ਦਾ ਮਾਡਲ ਦਿੱਤਾ ਜਿਹੜਾ ਕਿ ਸਮਕਾਲੀਨ ਧਰਮਾਂ ਤੋਂ ਨਿਵੇਕਲਾ ਤੇ ਵਿਸ਼ਵ-ਵਿਆਪੀ ਹੈ ਸੈਮੀਨਰ ਵਿਚ ਕੁੰਜੀਵਤ ਭਾਸ਼ਣ ਦਿੰਦਿਆ ਡਾ. ਐਨ ਮੁਥੂਮੋਹਨ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਵਿਲੱਖਣ ਪ੍ਰਤੀਕਾਂ ਤੇ ਸਿਧਾਂਤਾਂ ਨੂੰ ਸੂਤਰਬੱਧ ਕਰਕੇ ਗੁਰਬਾਣੀ ਭਾਸ਼ਾ ਦੀ ਨੇੜਤਾ ਵਿਚ ਪਰਿਭਾਸ਼ਿਤ ਕੀਤਾ। ਉਨ੍ਹਾ ਕਿਹਾ ਕਿ ਗੁਰੂ ਨਾਨਕ ਬਾਣੀ ਵਿਚ ਪੇਸ਼ ਕੀਤੇ ਗਏ ਸਿਧਾਂਤ ਆਪਣੀ ਨਵੇਕਲੀ, ਸਾਰਥਿਕ ਤੇ ਵਿਸ਼ਵ-ਵਿਆਪੀ ਹੋਂਦ ਕਾਰਨ ਸਮਕਾਲੀ ਗਿਆਨ ਪਰੰਪਰਾਵਾਂ ਤੋਂ ਵੱਖਰੀ ਹੋਂਦ ਵੀ ਰੱਖਦੇ ਹਨ ਜਿਵੇਂ ਕਿ ਸੇਵਾ, ਸਚਿਆਰ, ੴ , ਸੱਚਾ ਪਾਤਸ਼ਾਹ, ਗੁਰਬਾਣੀ ਰਾਗਬੱਧਤਾ ਆਦਿ।ਉਨ੍ਹਾ ਕਿਹਾ ਕਿ ਸੇਵਾ ਦਾ ਭਾਵ ਆਰਥਿਕ ਚੇਤਨਾ ਹੈ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਕ ਕੌਂਸਲ ਦੇ ਡੀਨ ਡਾ. ਟੀ. ਐੱਸ. ਬੈਨੀਪਾਲ ਨੇ ਸੈਮੀਨਰ ਦੇ ਦੌਂਰਾਨ ਪ੍ਰਧਾਨਗੀ ਭਾਸਣ ਦਿਦਿਆ ਕਿਹਾ ਕਿ ਸਾਨੂੰ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਂਵਾਂ ਨੂੰ ਅਮਲ ਵਿਚ ਲਿਆ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ।ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦਾ ਅਲਟੀਮੇਟ ਆਧਾਰ ਸਮਾਜਿਕ ਸੁਧਾਰ ਕਰਨਾ ਸੀ।ਅਕਾਦਮਿਕ ਉਪਰਾਲਿਆਂ ਰਾਹੀਂ ਸਾਡਾ ਮਕਸਦ ਆਮ ਲੋਕਾਂ ਤੱਕ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਪਹੁੰਚਾਉਣਾ ਹੈ।ਉਹਨਾਂ ਦੱਸਿਆ ਕਿ ਤਿੰਨ ਦਿਨਾਂ ਸੈਮੀਨਰ ਦੇ ਦੋਰਾਨ ਇਕ ਦਰਜਨ ਤੋ ਵੱਧ ਪੇਪਰ ਪੜ੍ਹੇ ਜਾਣੇ ਹਨ ਅਤੇ ਛੇ ਅਕਾਦਿਮਕ ਸੈਸਨ ਚੱਲਣੇ ਹਨ।ਉਹਨਾਂ ਨੇ ਕਿਹਾ ਕਿ ਇਸ ਸੈਮੀਨਰ ਰਾਹੀ ਗੁਰੂ ਸਾਹਿਬ ਦੇ ਉਪਦੇਸ਼ ਆਮ ਲੋਕਾਂ ਤੱਕ ਪੁੰਹਚਣ ਦਾ ਉਪਰਾਲਾ ਕੀਤਾ ਜਾਵੇਗਾ।ਬਾਅਦ ਦੁਪਹਿਰ ਸ਼ੁਰੂ ਅਕਾਦਮਿਕ ਸੈਸ਼ਨ ਵਿਚ ਵੀ ਪੇਪਰ ਪੜ੍ਹੇ ਗਏ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …