Tuesday, December 24, 2024

ਪੰਜਾਬੀ ਅਤੇ ਪੰਜਾਬੀਅਤ ਦੇ ਹਸਤਾਖਰ ਸਨ ਪ੍ਰੋ. ਪ੍ਰੀਤਮ ਸਿੰਘ

ਪ੍ਰੋ. ਪ੍ਰੀਤਮ ਸਿੰਘ ਦੀ ਸਪੁੱਤਰੀ ਡਾ. ਹਰਸ਼ਿੰਦਰ ਕੌਰ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ 25 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਅੱਜ ਇਥੇ ਸਾਹਿਤ ਅਕਾਦਮੀ ਨਵੀਂ ਦਿੱਲੀ ਅਤੇ ਨਾਦ ਪ੍ਰਗਾਸੁ ਵੱਲੋਂ ਸਾਂਝੇ ਤੌਰ ‘ਤੇ ਪ੍ਰੋ. PUNJ2602201915ਪ੍ਰੀਤਮ ਸਿੰਘ ਦੀ ਜਨਮ ਸ਼ਤਾਬਦੀ ਮਨਾਉਂਦੇ ਹੋਏ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ‘ਪ੍ਰੋ. ਪ੍ਰੀਤਮ ਸਿੰਘ : ਸਾਹਿਤ ਅਤੇ ਚਿੰਤਨ-ਦ੍ਰਿਸ਼ਟੀ’ ਦੇ ਸਿਰਲੇਖ ਤਹਿਤ ਖ਼ਾਲਸਾ ਕਾਲਜ ਫਾਰ ਵਿਮਨ ਅੰਮ੍ਰਿਤਸਰ ਵਿਖੇ ਅਯੋਜਿਤ ਕੀਤਾ ਗਿਆ।ਜਿਸ ਵਿਚ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਤੋਂ ਆਏ ਵਿਦਵਾਨ ਨੇ ਪ੍ਰੋ. ਪ੍ਰੀਤਮ ਸਿੰਘ ਦੀ ਚਿੰਤਨ ਦ੍ਰਿਸ਼ਟੀ ਅਤੇ ਵਿਚਾਰਧਾਰਾ ਬਾਬਤ ਆਪਣੇ ਵਿਚਾਰ ਪੇਸ਼ ਕੀਤੇ। ਜ਼ਿਕਰਯੋਗ ਹੈ ਕਿ ਸਾਹਿਤ ਅਕਾਦਮੀ ਵੱਲੋਂ ਵਿਭਿੰਨ ਭਾਰਤੀ ਭਾਸ਼ਾਵਾਂ ਦੇ ਪ੍ਰਮੁੱਖ ਲੇਖਕਾਂ ਨੂੰ ਸਮਰਪਿਤ ਸੈਮੀਨਾਰ ਅਤੇ ਕਾਨਫਰੰਸਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਅੱਜ ਦਾ ਇਹ ਸੈਮੀਨਾਰ ਵੀ ਇਸੇ ਹੀ ਲੜੀ ਦਾ ਹਿੱਸਾ ਸੀ।
       ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੌਰਾਨ ਕੁੰਜੀਵਤ ਭਾਸ਼ਣ ਪੜ੍ਹਦਿਆਂ ਡਾ. ਧਰਮ ਸਿੰਘ, ਸਾਬਕਾ ਪ੍ਰੋਫੈ. ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੋ. ਪ੍ਰੀਤਮ ਸਿੰਘ ਦੀ ਸਮੁੱਚੀ ਰਚਨਾਵਲੀ ਨੂੰ ਵੱਖ ਵੱਖ ਭਾਗਾਂ ਵਿਚ ਵੰਡਦਿਆਂ ਉਨ੍ਹਾਂ ਬਾਬਤ ਵਿਵਰਣਾਤਮਕ ਵਿਚਾਰ ਪੇਸ਼ ਕੀਤੇ।ਇਸ ਸੈਸ਼ਨ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ ਡਾ. ਹਰਸ਼ਿੰਦਰ ਕੌਰ ਸਪੁੱਤਰੀ ਪ੍ਰੋ. ਪ੍ਰੀਤਮ ਸਿੰਘ ਨੇ ਸਾਹਿਤ ਅਕਾਦਮੀ ਅਤੇ ਨਾਦ ਪ੍ਰਗਾਸੁ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਆਪਣੇ ਪਿਤਾ ਨਾਲ ਸਬੰਧਤ ਕਈ ਜੀਵਨ ਵੇਰਵੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਦੌਰਾਨ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼, ਧਰਮਸ਼ਾਲਾ ਦੇ ਚਾਂਸਲਰ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਪ੍ਰੋ. ਪ੍ਰੀਤਮ ਸਿੰਘ ਪੰਜਾਬੀ ਤੋਂ ਇਲਾਵਾ ਭਾਰਤੀ ਸਾਹਿਤ ਅਤੇ ਭਾਸ਼ਾਵਾਂ ਦੇ ਵੀ ਜਾਣਕਾਰ ਖੋਜੀ ਸਨ। ਹਿੰਦੀ ਜਗਤ ਦੀਆਂ ਪ੍ਰਸਿੱਧ ਸਾਹਿਤਕ ਸਖਸ਼ੀਅਤਾਂ ਉਨ੍ਹਾਂ ਦਾ ਸਤਿਕਾਰ ਕਰਦੀਆਂ ਸਨ। ਇਸ ਉਦਘਾਟਨੀ ਸੈਸ਼ਨ ਦੇ ਅੰਤ ਵਿਚ ਧੰਨਵਾਦੀ ਮਤਾ ਡਾ. ਮਨਪ੍ਰੀਤ ਕੌਰ ਪ੍ਰਿੰਸੀਪਲ ਖ਼ਾਲਸਾ ਕਾਲਜ ਫਾਰ ਵੁਮੈਨ ਨੇ ਪੇਸ਼ ਕੀਤਾ।
 PUNJ2602201914      ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ਦੌਰਾਨ ਪ੍ਰਧਾਨਗੀ ਭਾਸ਼ਣ ਦਿੰਦਿਆਂ ਸਾਹਿਤ ਅਕਾਦਮੀ ਦੀ ਜਨਰਲ ਬਾਡੀ ਮੈਂਬਰ ਡਾ. ਦੀਪਕ ਮਨਮੋਹਨ ਸਿੰਘ ਨੇ ਸੈਮੀਨਾਰ ਦੀ ਸਫਲਤਾ ਉਪਰ ਵਧਾਈ ਦਿੱਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਦਰਿਆ ਨੇ ਕਿਹਾ ਕਿ ਪ੍ਰੋ. ਪ੍ਰੀਤਮ ਸਿੰਘ ਪੰਜਾਬੀਅਤ ਦੀ ਸਾਂਝੀ ਰਹਿਤਲ ਅਤੇ ਬਾਲ ਸਾਹਿਤ ਦੇ ਮਾਪਦੰਡ ਨਿਰਧਾਰਤ ਕਰਨ ਵਾਲੇ ਵਿਦਵਾਨ ਸਨ। ਇਸ ਸੈਸ਼ਨ ਦੌਰਾਨ ਪੰਜ ਖੋਜ ਪੇਪਰ ਪੇਸ਼ ਕੀਤੇ ਗਏ। ‘ਪ੍ਰੋ. ਪ੍ਰੀਤਮ ਸਿੰਘ ਦਾ ਸਿਰਜਣਾਤਮਿਕ ਅਤੇ ਚਿੰਤਨੀ ਬਿੰਬ: ਪ੍ਰਵੇਸ਼, ਪ੍ਰਤਿਮਾਨ ਅਤੇ ਪ੍ਰਾਪਤੀ’ ਖੋਜ ਪੱਤਰ ਵਿਚ ਸੁਰਿੰਦਰ ਸਿੰਘ ਨੇ ਕਿਹਾ ਕਿ ਪ੍ਰੋ. ਪ੍ਰੀਤਮ ਸਿੰਘ ਵਿੱਚੋਂ ਇੱਕ ਦਿਆਨਤਦਾਰ, ਪ੍ਰਤਿਬੱਧ ਅਤੇ ਅਨੁਸ਼ਾਸ਼ਿਤ ਸਰੂਪ ਦੇ ਦੀਦਾਰ ਹੁੰਦੇ ਹਨ।ਇਸ ਸ਼ਖਸੀ-ਬਿੰਬ ਵਿੱਚ ਪਰੰਪਰਾ ਦੀਆਂ ਗਿਆਨ-ਧਰਾਵਾਂ ਦੇ ਮਰਕਜ਼ੀਕਰਨ ਅਤੇ ਪੁਨਰ-ਸੁਰਜੀਤੀ ਦਾ ਪ੍ਰਮਾਣਿਕ ਫਿਕਰ ਵੀ ਹੈ ਅਤੇ ਚਿੰਤਨੀ-ਭਾਸ਼ਾ ਤੇ ਖੋਜ-ਜੁਗਤਾਂ ਦੀ ਤਲਾਸ਼ ਦੀ ਚੇਤਨਾ ਵੀ ਹੈ ਪਰੰਤੂ ਇਸ ਦੀ ਗਿਆਨ-ਸ਼ਾਸਤਰੀ ਬੁਨਿਆਦ ਵਿੱਚ ਕਾਰਜਸ਼ੀਲ ਵਿਚਾਰ-ਮਾਡਲ ਦਾ ਇਕਹਿਰਾਪਨ ਇਸ ਚਿੰਤਨੀ ਉੱਦਮ ਦੀ ਸੀਮਾ ਦਾ ਨਿਰਧਾਰਨ ਵੀ ਨਾਲ ਹੀ ਕਰਵਾਉਂਦਾ ਨਜ਼ਰ ਆਉਂਦਾ ਹੈ।‘ਪ੍ਰੋ. ਪ੍ਰੀਤਮ ਸਿੰਘ: ਸਿਰਜਣਾਤਮਿਕ ਅਨੁਭਵ ਤੇ ਵਿਚਾਰਧਾਰਾ’ ਪੇਪਰ ਵਿਚ ਡਾ. ਰੁਪਿੰਦਰਜੀਤ ਕੌਰ (ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਆਦਮਪੁਰ) ਨੇ ਕਿਹਾ ਕਿ ਪੋ੍ਰ. ਪ੍ਰੀਤਮ ਸਿੰਘ ਬੌਧਿਕਤਾ, ਤਰਕ ਅਤੇ ਵਿਗਿਆਨ ਅਧਾਰਿਤ ਵਿਸ਼ਲੇਸ਼ਣ ਨੂੰ ਮੁੱਖ ਰੱਖਕੇ, ਆਪਣੀਆਂ ਗਿਆਨ ਪਰੰਪਰਾਵਾਂ ਨੂੰ ਕਾਲਕ੍ਰਮਤਾ  ਦੀ ਇਤਿਹਾਸਕ ਦਿਸ਼ਾ ਵਿਚ ਵਿਸ਼ਲੇਸ਼ਿਤ ਕਰਦੇ ਹਨ।ਉਹ ਤੱਥਾਂ ਦੀ ਕਾਲ-ਕ੍ਰਮਤਾ ਅਧੀਨ ਪੁਰਾਤਨ ਗ੍ਰੰਥਾਂ ਦੀ ਖੋਜ ਕਰਦਾ ਹੈ।ਉਸ ਦੀ ਬੌਧਿਕਤਾ ਪੱਛਮੀ ਫਲਸਫੇ ਰਾਹੀਂ ਉੱਸਰੇ ਅਕਾਦਮਿਕ  ਮਾਡਲ ਵਿਚ, ਇਸ ਫਲਸਫੇ ਨਾਲ ਸੰਵਾਦੀ ਦਿਸ਼ਾ ਨਹੀਂ ਅਪਨਾਉਂਦੀ ਬਲਕਿ ਇਸਦੇ ਬਸਤੀਕ੍ਰਿਤ ਮਾਹੌਲ ਵਿਚ ਪਏ ਚਿੰਤਨ-ਮਾਡਲ ਦੁਆਰਾ ਪੰਜਾਬੀ ਗਿਆਨ ਪਰੰਪਰਾਵਾਂ ਅਤੇ ਸਭਿਆਚਾਰ ਦਾ ਅਧਿਐਨ ਕਰਦੀ ਹੈ। ਆਪਣੀ ਜੀਵਨੀ ਦੇ ਸਮੁੱਚੇ ਵੇਰਵੇ ਨੂੰ ਲੇਖਕ ਮਾਨਵਵਾਦੀ ਨਜ਼ਰੀਏ, ਜਿਸ ਵਿਚ ਮਨੁੱਖ ਦੇ ਗੁਣ, ਔਗੁਣ, ਕਮਜ਼ੋਰੀਆਂ ਅਤੇ ਅਨੁਸ਼ਾਸਨ ਵਿਚੋਂ ਨਿਕਲੀ ਜੀਵਨ ਵਿਹਾਰਕਤਾ ਨੂੰ ਪੇਸ਼ ਕਰਦਾ ਹੈ। ‘ਪ੍ਰੋ. ਪ੍ਰੀਤਮ ਸਿੰਘ: ਸੰਪਾਦਨ-ਕਲਾ ਅਧਿਅਨ’ ਖੋਜ ਪੱਤਰ ਪੇਸ਼ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਚਰਨਜੀਤ ਸਿੰਘ ਨੇ ਕਿਹਾ ਕਿ ਪ੍ਰੋ. ਪ੍ਰੀਤਮ ਸਿੰਘ ਆਪਣੀਆਂ ਸੰਪਾਦਤ ਹੱਥ ਲਿਖਤਾਂ ਵਿਚ ਦਰਪੇਸ਼ ਮਸਲਿਆਂ ਨੂੰ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਵੇਖਣ ਦੀ ਬਜਾਇ ਸੰਪਾਦਨ ਕਲਾ ਦੇ ਬਾਹਰੀ ਨਿਯਮਾਂ ਅਤੇ ਵਿਹਾਰ ਦੇ ਅਨੁਸਾਰ ਪੜਚੋਲਦਾ ਹੈ। ‘ਪੰਜਾਬੀਅਤ: ਸੰਕਲਪ ਤੇ ਸਰੂਪ (ਪ੍ਰੋ. ਪ੍ਰੀਤਮ ਸਿੰਘ ਦੀਆਂ ਲਿਖਤਾਂ ਦੇ ਪ੍ਰਸੰਗ ਵਿੱਚ)’ ਖੋਜ ਪੇਪਰ ਵਿਚ ਡਾ. ਦਵਿੰਦਰ ਸਿੰਘ (ਖ਼ਾਲਸਾ ਕਾਲਜ, ਪਟਿਆਲਾ) ਨੇ ਕਿਹਾ ਕਿ ਪ੍ਰੋ. ਪ੍ਰੀਤਮ ਸਿੰਘ ਨੇ ਪੰਜਾਬੀਅਤ ਪ੍ਰਤੀ ਆਪਣੇ ਵਿਚਾਰ ਤਾਂ ਜ਼ਰੂਰ ਪੇਸ਼ ਕੀਤੇ ਪਰ ਆਪਣਾ ਕਾਰਜ ਖੇਤਰ ਪੰਜਾਬੀ ਭਾਸ਼ਾ ਦੀ ਸਮਕਾਲੀ ਸਥਿਤੀ ਉਪਰ ਵਧੇਰੇ ਕੇਂਦਰਿਤ ਕੀਤਾ ਅਤੇ ਉਸ ਦੁਆਰਾ ਪੰਜਾਬੀਅਤ ਦੇ ਸੰਕਲਪ ਪ੍ਰਤੀ ਅਪਣਾਈ ਪਹੁੰਚ ਮੂਲ ਰੂਪ ਨਾਲ ਉਪ ਭਾਵਕ ਪੱਧਰ ਤਕ ਸੀਮਤ ਰਹਿ ਜਾਂਦੀ ਹੈ। ‘ਪ੍ਰੋ. ਪ੍ਰੀਤਮ ਸਿੰਘ ਰਚਿਤ ਬਾਲ ਸਾਹਿਤ: ਇਕ ਅਧਿਅਨ’ ਵਿਚ ਗੁਰਜੰਟ ਸਿੰਘ (ਖ਼ਾਲਸਾ ਕਾਲਜ, ਅੰਮ੍ਰਿਤਸਰ) ਨੇ ਕਿਹਾ ਕਿ ਪੰਜਾਬੀ ਵਿਚ ਲਿਖਿਆ ਜਾ ਰਿਹਾ ਬਾਲ ਸਾਹਿਤ ਪੰਜਾਬੀ ਸਾਹਿਤ ਦੀ ਵਿਚਾਰਧਾਰਕ ਵੰਡ ਨੂੰ ਧਾਰਨ ਕਰ ਚੁੱਕਾ ਹੈ। ਇਸ ਲਈ ਇਹ ਵਿਸ਼ਵ ਵਿਚ ਲ਼ਿਖੇ ਜਾ ਰਹੇ ਬਾਲ ਸਾਹਿਤ ਦੀ ਤੁਲਨਾਂ ਵਿਚ ਕੋਈ ਵਿਸ਼ੇਸ਼ ਪ੍ਰਾਪਤੀ ਨਹੀਂ ਕਰ ਰਿਹਾ।   
       ਦੂਜੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਤੋਂ ਸਾਬਕਾ ਪ੍ਰੋਫੈ. ਡਾ. ਹਰਚੰਦ ਸਿੰਘ ਬੇਦੀ ਨੇ ਕਿਹਾ ਕਿ ਵੱਖ-ਵੱਖ ਯੂਨੀਵਰਸਿਟੀਆਂ ਦੁਆਰਾ ਅਤੇ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਹੋਇਆ ਪ੍ਰੋ. ਪ੍ਰੀਤਮ ਸਿੰਘ ਬਾਬਤ ਅਧਿਐਨ ਉਸਦੇ ਯੋਗਦਾਨ ਨੂੰ ਇਕਹਿਰੇ ਮਾਪਦੰਡਾਂ ਰਾਹੀਂ ਪ੍ਰਸਤੁਤ ਕਰਦਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਪ੍ਰੀਤਮ ਸਿੰਘ ਨੇ ਦੂਰ ਦ੍ਰਿਸ਼ਟਤਾ ਰਾਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਚੇਰੀ ਵਿਦਿਆ ਲਈ ਫਾਰਸੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾਵਾਂ ਨੂੰ ਵੀ ਸ਼ਾਮਿਲ ਕਰਵਾਇਆ। ਇਸ ਸੈਸ਼ਨ ਦੌਰਾਨ ਵੀ ਪੰਜ ਖੋਜ ਪਰਚੇ ਪੇਸ਼ ਕੀਤੇ ਗਏ ਜਿਨ੍ਹਾਂ ਵਿਚ ‘ਪ੍ਰੋ. ਪ੍ਰੀਤਮ ਸਿੰਘ ਦੀ ਗੁਰਮਤਿ ਅਧਿਅਨ ਦ੍ਰਿਸ਼ਟੀ’ ਖੋਜ ਪੱਤਰ ਵਿਚ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਪੋ੍ਰ. ਪ੍ਰੀਤਮ ਸਿੰਘ ਇੱਥੋਂ ਦੇ ਸਥਾਨਕ ਬੌਧਿਕ ਅਭਿਆਸ ਦੀ ਦਿਸ਼ਾ ਨੂੰ ਨਿਰਧਾਰਿਤ ਕਰਨਯੋਗ ਸਖ਼ਸ਼ੀਅਤਾਂ ਵਿਚੋਂ ਇੱਕ ਹੈ। ਉਸਦੀ ਚੇਤਨਾ ਸੈਕੂਲਰ ਦ੍ਰਿਸ਼ਟੀ ਦੇ ਪ੍ਰਭਾਵ ਅਧੀਨ ਪ੍ਰੰਪਰਾ ਤੇ ਅਧੁਨਿਕਤਾ ਦੇ ਸਮਤੋਲ ਉਸਾਰਨ ਦੀ ਤਲਬ ਰੱਖਦੀ ਸੀ ਅਤੇ ਗੁਰੂ ਇਤਿਹਾਸ ਜਾਂ ਬਾਣੀ ਦਾ ਵਿਸ਼ਲੇਸ਼ਣ ਕਰਨ ਵੇਲੇ ਵੀ ਉਸਦੀਆਂ ਰਚਨਾਵਾਂ ਵਿੱਚ ਤੱਥਾਂ/ਘਟਨਾਵਾਂ ਦੇ ਅਧਿਆਤਮਕ ਜਾਂ ਦਾਰਸ਼ਨਿਕ ਗਿਆਨ ਸਿਰਜਣਾ ਦੀ ਬਜਾਇ ਸਮਾਜਿਕ-ਰਾਜਨੀਤਿਕ ਅਰਥਾਂ ਦੀ ਭਾਵਨਾ ਵਧੇਰੇ ਪ੍ਰਬਲ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖੀ ਦੀਆਂ ਗਿਆਨਮੁਖੀ ਸਰੰਚਨਾਵਾਂ ਸੰਬੰਧੀ ਮਤ ਉਸ ਦੁਆਰਾ ਆਪਣੀ ਸਾਧੀ ਹੋਈ ਦਾਰਸ਼ਨਿਕ ਸਥਿਤੀ ਵਿਚੋਂ ਪੈਦਾ ਨਹੀਂ ਹੋਇਆ ਬਲਕਿ ਸੈਕੁਲਰ ਵਿਹਾਰ ਦੀ ਉਦਾਰਵਾਦੀ ਵਿਭਿੰਨਤਾ ਪ੍ਰਤੀ ਡੂੰਘੀ ਰੁਚੀ ਅਤੇ ਵਿਕਸਿਤ ਹੋ ਰਹੇ ਤਤਕਾਲੀ ਖੁੱਲੇ ਮਾਹੌਲ ਵਿੱਚੋਂ ਉਪਜਿਆ ਹੈ। ‘ਪ੍ਰੋ. ਪ੍ਰੀਤਮ ਸਿੰਘ: ਸੂਫ਼ੀ ਕਾਵਿ ਚਿੰਤਨ’ ਖੋਜ ਪੇਪਰ ਵਿਚ ਮਨਿੰਦਰ ਸਿੰਘ (ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ) ਨੇ ਕਿਹਾ ਕਿ ਪ੍ਰੋ. ਪ੍ਰੀਤਮ ਸਿੰਘ ਦੀਆਂ ਲਿਖਤਾਂ ਨੂੰੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਇਹ ਪੰਜਾਬੀ ਸੂਫ਼ੀ ਕਾਵਿ ਚਿੰਤਨ ਦੇ ਦਾਇਰੇ ਵਿੱਚ ਮੁੱਢਲੇ ਪੜਾਅ ਦਾ ਜੀਵਣੀਮੂਲਕ ਚਿੰਤਨ ਹੈ। ਜੋ ਬਾਵਾ ਬੁੱਧ ਸਿੰਘ ਅਤੇ ਮੌਲਾ ਬਖ਼ਸ਼ ਕੁਸ਼ਤਾ ਨਾਲ ਸਮਾਨਤਾ ਰੱਖਦਾ ਹੈ। ਸੂਫ਼ੀਆਂ ਦੇ ਕਾਵਿ ਦਾ ਵਿਸ਼ਲੇਸ਼ਣ ਅਤੇ ਉਹਨਾ ਦੇ ਗਿਆਨ ਸ਼ਾਸਤਰੀ ਮੰਡਲ ਦੀ ਮੌਲਿਕਤਾ ਸੰਬੰਧੀ ਜਾਣ-ਪਛਾਣ ਆਪਦੇ ਕਾਰਜ ਦਾ ਹਿੱਸਾ ਨਹੀਂ ਬਣਦੀ। ਆਪਦਾ ਮੁੱਢਲਾ ਝੁਕਾ ਫ਼ਾਰਸੀ ਤਜ਼ਕਰਿਆਂ ਤੋਂ ਪ੍ਰਭਾਵਿਤ ਰਹਿਣ ਕਾਰਣ ਜੀਵਨ ਬਿਓਰਿਆਂ ਵੱਲ ਵਧੇਰੇ ਰਹਿੰਦਾ ਹੈ। ‘ਅਨੁਵਾਦ: ਚਿੰਤਨ, ਪ੍ਰੰਪਰਾ ਅਤੇ ਮਹੱਤਵ (ਪ੍ਰੋ. ਪ੍ਰੀਤਮ ਸਿੰਘ ਦੁਆਰਾ ਕੀਤੇ ਅਨੁਵਾਦਾਂ ਦੇ ਸੰਦਰਭ ਵਿਚ)’ ਖੋਜ ਪੇਪਰ ਵਿਚ   ਡਾ. ਜਸਵਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਕਿਹਾ ਕਿ ਪ੍ਰੋ. ਪ੍ਰੀਤਮ ਸਿੰਘ ਦੀ ਅਨੁਵਾਦ ਕਲਾ ਦੀ ਵਿਸ਼ੇਸ਼ਤਾ ਭਾਸ਼ਾਈ ਵਿਭਿੰਨਤਾ  ਰਾਹੀਂ ਪਛਾਣੀ ਜਾ ਸਕਦੀ ਹੈ। ਇਕ ਨਾਵਲ ਨੂੰ ਛੱਡ ਕੇ ਉਨ੍ਹਾਂ ਦਾ ਬਾਕੀ ਅਨੁਵਾਦ ਕਾਰਜ ਅਧੂਰਾ ਅਤੇ ਚੋਣਵਾਂ ਹੈ ਇਸ ਤੋਂ ਇਲਾਵਾ ਇਸ ਵਿਚ ਵਿਅਕਤੀਗਤ ਭਾਵਨਾ ਦਾ ਦਖਲ ਵੀ ਵਿਖਾਈ ਦਿੰਦਾ ਹੈ। ‘ਪ੍ਰੋ. ਪ੍ਰੀਤਮ ਸਿੰਘ ਦਾ ਸਾਹਿਤ ਚਿੰਤਨ’ ਖੋਜ ਪੇਪਰ ਵਿਚ ਡਾ. ਸਰਬਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਿਰਜਣਕਾਲ ਦੌਰਾਨ ਚੱਲ ਰਹੀਆਂ ਵਿਚਾਰਧਾਰਾਵਾਂ ਦੇ ਪ੍ਰਭਾਵ ਉਨ੍ਹਾਂ ਦੀ ਚਿੰਤਨ ਦ੍ਰਿਸ਼ਟੀ ਰਾਹੀਂ ਦੇਖੇ ਜਾ ਸਕਦੇ ਹਨ। ਪ੍ਰ੍ਰੋ. ਪੀਤਮ ਸਿੰਘ ਦਾ ਸਾਹਿਤ ਚਿੰਤਨ ਆਦਰਸ਼ਵਾਦੀ ਹੈ ਜਦੋਂਕਿ ਵਰਤੀ ਗਈ ਭਾਸ਼ਾ ਉਪਦੇਸ਼ਾਤਮਕ ਸੁਰ ਧਾਰਨ ਕਰਦੀ ਹੈ ਅਤੇ ਹਰ ਤਰ੍ਹਾਂ ਦੇ ਸਾਹਿਤ ਸਿਧਾਂਤ ਤੋਂ ਮੁਕਤ ਨਜ਼ਰ ਆਉਂਦੀ ਹੈ।ਅੰਤਲੇ ਪੇਪਰ ‘ਪ੍ਰੋ. ਪ੍ਰੀਤਮ ਸਿੰਘ ਦਾ ਭਾਸ਼ਾਈ ਚਿੰਤਨ: ਵਿਆਖਿਆਮਈ ਪ੍ਰਸੰਗ’ ਵਿਚ ਡਾ. ਅਮਰਜੀਤ ਸਿੰਘ (ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ) ਨੇ ਕਿਹਾ ਕਿ ਪੰਜਾਬੀਅਤ ਦੇ ਮੁੱਦਈ ਪ੍ਰੋ. ਪ੍ਰੀਤਮ ਸਿੰਘ ਨੇ ਪੰਜਾਬੀਅਤ ਦੀ ਸਾਂਝੀ ਚੇਤਨਾ ਦੀ ਤਸਵੀਰ ਉਲੀਕਦਿਆਂ ਪੰਜਾਬੀਆਂ ਨੂੰ ਆਪਣੇ ਭਾਸ਼ਾਈ ਵਿਰਸੇ ਦੇ ਦਰਸ਼ਨ ਕਰਵਾਏ। ਉਨ੍ਹਾਂ ਦੀ ਹਰ ਲਿਖਤ ਵਿੱਚੋਂ ਕਲਾਤਮਿਕਤਾ ਤੇ ਪਰਪੱਕਤਾ ਝਲਕਦੀ ਹੈ।
        ਪੰਜਾਬੀ ਐਡਵਾਈਜ਼ਰੀ ਬੋਰਡ (ਸਾਹਿਤ ਅਕਾਦਮੀ, ਨਵੀਂ ਦਿੱਲੀ) ਦੇ ਮੈਂਬਰ ਪ੍ਰੋ. ਜਗਦੀਸ਼ ਸਿੰਘ ਨੇ ਧੰਨਵਾਦੀ ਮਤਾ ਪੇਸ਼ ਕਰਦਿਆਂ ਕਿਹਾ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਦਾ ਮੁੱਖ ਉਦੇਸ਼ ਗੰਭੀਰ ਨੌਜੁਆਨਾਂ ਨੂੰ ਮੰਚ ਪ੍ਰਦਾਨ ਕਰਕੇ ਉਨਾਂ੍ਹ ਦੇ ਮੌਲਿਕ ਗੁਣਾਂ ਨੂੰ ਉਚਿਤ ਮਾਹੌਲ ਪ੍ਰਦਾਨ ਕਰਨਾ ਹੁੰਦਾ ਹੈ ਜਿਸ ਨਾਲ ਉਹ ਮਨੁੱਖਤਾ ਦੀਆਂ ਭਵਿੱਖਮੁਖੀ ਜ਼ਿੰਮੇਵਾਰੀਆਂ ਪ੍ਰਤੀ ਆਪਣੀ ਭੂਮਿਕਾ ਨੂੰ ਠੀਕ ਦ੍ਰਿਸ਼ਟੀਕੋਣ ਤੋਂ ਪਛਾਣ ਸਕਣ। ਅੱਜ ਦਾ ਇਹ ਸੈਮੀਨਾਰ ਇਸ ਦਿਸ਼ਾ ਵੱਲ ਪੁੱਟਿਆ ਗਿਆ ਇਕ ਕਦਮ ਹੈ।
       ਅੱਜ ਦੇ ਸੈਮੀਨਾਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਦਿੱਲੀ ਯੂਨੀਵਰਸਿਟੀ, ਦਿੱਲੀ, ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ, ਖਾਲਸਾ ਕਾਲਜ ਅੰਮ੍ਰਿਤਸਰ, ਖਾਲਸਾ ਕਾਲਜ ਪਟਿਆਲਾ ਅਤੇ ਹੋਰ ਵਿਦਿਅਕ ਸੰਸਥਾਵਾਂ ਤੋਂ ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।  

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply