‘ਸਿਰੋਪਾ’ ਪੜ੍ਹਨ ਤੇ ਸੁਣਨ ਨੂੰ ਸਿਰਫ ਤਿੰਨ ਅੱਖਰਾਂ ਦਾ ਹੀ ਸ਼ਬਦ ਹੈ, ਪਰ ਇਸ ਦੀ ਮਹਾਨਤਾ ਬਹੁਤ ਉਚੀ ਤੇ ਸੁੱਚੀ ਹੈ।ਸਿੱਖ ਧਰਮ ਵਿਚ ਸਿਰੋਪੇ ਦਾ ਖਾਸ ਸਥਾਨ ਹੈ।ਸਿਰੋਪਾ ਗੁਰੂ ਘਰ ਦੀ ਮਹਾਨ ਬਖਸ਼ਿਸ਼ ਹੈ।ਪੁਰਾਤਨ ਸਮੇਂ ਤੋਂ ਹੀ ਸਿਰੋਪਾ ਸਾਡੇ ਨਾਲ ਚੱਲਿਆ ਆ ਰਿਹਾ ਹੈ।ਗੁਰੂ ਕਾਲ ਸਮੇਂ ਦੌਰਾਨ ਜੰਗਾਂ-ਯੁੱਧਾਂ ਨੂੰ ਚੜ੍ਹਨ ਸਮੇਂ ਅਗਵਾਈ ਕਰ ਰਹੇ ਜੱਥੇਦਾਰ ਨੂੰ ਸਿਰੋਪਾ ਭੇਂਟ ਕੀਤਾ ਜਾਂਦਾ ਸੀ ਤਾਂ ਕਿ ਉਸ ਦਾ ਹੌਂਸਲਾ ਬੁਲੰਦ ਤੇ ਚੜ੍ਹਦੀ ਕਲਾ ’ਚ ਰਹੇ ਅਤੇ ਜਾ ਰਹੇ ਕੰਮ ਨੂੰ ਸੰਪੂਰਨ ਕਰਕੇ ਪਰਤੇ।ਜਿੱਤਾਂ ਪ੍ਰਾਪਤ ਕਰਨ ਜਾਂ ਚੰਗਾ ਕੰਮ ਕਰਨ ਸਮੇਂ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਛੱਡ ਗਲ਼ ਵਿਚ ਸਿਰੋਪਾ ਪਾ ਕੇ ਸਨਮਾਨ ਕੀਤਾ ਜਾਂਦਾ ਸੀ।ਕਈ ਇਤਿਹਾਸਕ ਚਿੱਤਰਾਂ ਵਿਚ ਸਿਰੋਪੇ ਦੀ ਮਹਾਨਤਾ ਨੂੰ ਅੱਜ ਵੀ ਵੇਖਿਆ ਜਾ ਸਕਦਾ ਹੈ।
ਪਰ ਪਿਛਲੇ ਕੁੱਝ ਸਮੇਂ ਤੋਂ ਇਸ ਸਿਰੋਪੇ ਦੀ ਦੁਰਦਸ਼ਾ ਤੇ ਦੁਰਵਰਤੋਂ ਹੋ ਰਹੀ ਹੈ।ਇਸ ਦੀ ਦੁਰਵਰਤੋਂ ਕੋਈ ਹੋਰ ਨਹੀਂ, ਸਗੋਂ ਸਾਡੇ ਜਾਣੇ-ਅਣਜਨੇ ਰਾਜਨੀਤਿਕ, ਧਾਰਮਿਕ ਆਗੂ ਤੇ ਬਾਬੇ ਆਦਿ ਹੀ ਕਰ ਰਹੇ ਹਨ।ਵੇਖ ਕੇ ਮਨ ਦੁਖੀ ਹੁੰਦਾ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਨੂੰ ਅਸੀਂ ਕਿਹੜੇ ਪਾਸੇ ਤੋਰ ਲਿਆ ਹੈ।
ਸਾਡੇ ਧਾਰਮਿਕ ਆਗੂ, ਜਥੇਦਾਰ ਤੇ ਬਾਬੇ ਵੀ ਰੱਜ ਕੇ ਸਿਰੋਪੇ ਦੀ ਤੌਹੀਨ ਕਰਦੇ ਹਨ।ਇੱਕ ਪਿੰਡ ਵਿਚ ਬਾਬੇ ਦੇ ਦੀਵਾਨ ਚੱਲ ਰਹੇ ਸਨ ਤੇ ਤੀਜੇ ਦਿਨ ਸਮਾਪਤੀ ਸਮੇਂ ਉਥੇ ਵੀ ਸਿਰੋਪੇ ਵੰਡੇ ਜਾ ਰਹੇ ਸਨ।ਠੀਕ ਹੈ ਗ੍ਰੰਥੀ ਸਿੰਘਾਂ ਜਾਂ ਹੋਰ ਚੰਗੇ ਪ੍ਰਬੰਧਕਾਂ ਨੂੰ ਸਿਰੋਪੇ ਦਾ ਮਾਣ ਦੇਣਾ ਚਾਹੀਦਾ ਹੈ।ਪਰ ਉਥੇ ਇਸ ਤਰ੍ਹਾਂ ਸੀ, ਸਭ ਤੋਂ ਪਹਿਲਾਂ ਪੰਦਰਾਂ-ਵੀਹ ਲੰਗਰ ਵਾਲੀਆਂ ਬੀਬੀਆਂ ਨੂੰ, ਦੁੱਧ ਇਕੱਠਾ ਕਰਨ ਵਾਲੇ ਬੱਚਿਆਂ ਨੂੰ ਜਿਨ੍ਹਾਂ ’ਚ ਬਹੁਤੇ ਘੋਨ-ਮੋਨ ਸਨ ਤੇ ਰੁਮਾਲ ਬੰਨ੍ਹੇ ਹੋਏ ਸਨ, ਟੈਂਟ ਵਾਲਿਆਂ ਨੂੰ, ਸਾਉਂਡ ਵਾਲਿਆਂ ਨੂੰ, ਜੋੜੇ ਘਰ ਵਾਲਿਆਂ ਨੂੰ, ਜਲੇਬੀਆਂ ਬਣਾਉਣ ਵਾਲੇ ਹਲਵਾਈਆਂ ਨੂੰ, ਨੇੜੇ ਦੇ ਪਿੰਡਾਂ ’ਚੋਂ ਸੰਗਤ ਲੈ ਕੇ ਆਉਣ ਵਾਲੇ ਟਰਾਲੀਆਂ ਵਾਲਿਆਂ ਨੂੰ ਸਿਰੋਪੇ ਧੜਾਧੜ ਦਿੱਤੇ ਜਾ ਰਹੇ ਸਨ। ਜਦੋਂ ਟਰਾਲੀ ਵਾਲਿਆਂ ਦਾ ਨਾਮ ਸਿਰੋਪੇ ਲਈ ਬੋਲਿਆ ਤਾਂ ਕਈ ਵੀਰ ਆ ਗਏ ਇਕ ਜਲਦੀ ਪਿੱਛੇ ਨੂੰ ਮੁੜ ਗਿਆ, ਬਾਅਦ ’ਚ ਪਤਾ ਲੱਗਾ ਕਿ ਉਹ ਜਰਦੇ ਦੀ ਪੁੜੀ ਸੁੱਟਣ ਗਿਆ ਸੀ।ਪਰ ਉਸ ਨੂੰ ਵੀ ਸਿਰੋਪਾ…….।
ਇਕ ਧਾਰਮਿਕ ਸਥਾਨ `ਤੇ ਦੀਵਾਨ ਹਾਲ ਦੀ ਸੇਵਾ ਹੋ ਰਹੀ ਸੀ।ਪਿੰਡ ਦੇ ਦੋ ਐਨ.ਆਰ.ਆਈ ਵੀਰਾਂ ਨੇ ਵੀਹ-ਵੀਹ ਹਜ਼ਾਰ ਰੁਪੈ ਦੀ ਸੇਵਾ ਕੀਤੀ ਸੀ।ਉਨ੍ਹਾਂ ਨੂੰ ਸਮਾਗਮ ਦੌਰਾਨ ਸਿਰੋਪਾ ਦਿੱਤਾ ਗਿਆ।ਸਟੇਜ `ਤੇ ਆਏ ਦੋਹਾਂ ਦੀ ਤਾਜ਼ੀ ਸ਼ੇਵ ਕੀਤੀ ਹੋਈ, ਰੜੇ ਮੂੰਹ, ਸਿਰ ਤੇ ਖੰਡੇ ਵਾਲੇ ਰੁਮਾਲ, ਜਥੇਦਾਰ ਜੀ ਨੇ ਗੱਜ ਕੇ ਜੈਕਾਰਾ ਛੱਡ ਦੋਹਾਂ ਦੇ ਗਲ਼ਾਂ ’ਚ ਸਿਰੋਪੇ ਪਾ ਦਿੱਤੇ।ਦਾੜ੍ਹੀ ਕੇਸ ਰੱਖਣ ਦੀ ਹਦਾਇਤ ਨਹੀਂ ਕੀਤੀ।ਪਰ ਅਗਲੀ ਵਾਰ ਹੋਰ ਮਾਇਆ ਦੇਣ ਦੀ ਗੱਲ ਜਰੂਰ ਕੀਤੀ।
ਸਭ ਤੋਂ ਵੱਡਾ ਦੁੱਖ ਇਹ ਸਭ ਕੁੱਝ ਵੱਡੇ ਮਹਾਨ ਤੀਰਥ ਸਮਝੇ ਜਾਂਦੇ ਗੁਰੂ ਘਰਾਂ ਵਿਚ ਵੇਖ ਕੇ ਹੁੰਦਾ ਹੈ।ਜਦੋਂ 100 ਰੁਪੈ ਜਾਂ ਇਸ ਤੋਂ ਵੱਧ ਮੱਥਾ ਟੇਕਣ ਵਾਲੇ ਨੂੰ ਸਪੈਸ਼ਲ ਸਿਰੋਪਾ ਦਿੱਤਾ ਜਾਂਦਾ ਹੈ।ਘੱਟ ਪੈਸੇ ਦਾ ਮੱਥਾ ਟੇਕਣ ਵਾਲਾ ਗੁਰੂ ਘਰ ਜਾ ਕੇ ਤੱਕਦਾ ਹੀ ਰਹਿ ਜਾਂਦਾ ਹੈ ਕਿ ਮੈਂ ਕੀ ਗੁਨਾਹ ਕੀਤਾ ਹੈ ਤੇ ਇਨ੍ਹਾਂ ਨੇ ਕੀ ਪੁੰਨ ਕੀਤਾ ਹੈ? ਦੋਹਾਂ ਵਿਚੋਂ ਖੜਿਆਂ ਨੂੰ ਇਕ ਨੂੰ ਸਿਰੋਪਾ ਤੇ ਦੂਜੇ ਨੂੰ ‘‘ਚੱਲ ਬਈ ਛੇਤੀ ਮੱਥਾ ਟੇਕ’’ ਇਥੇ ਇਹ ਗੱਲ ਤਾਂ ਬਿਲਕੁੱਲ ਵੀ ਨਹੀਂ ਹੋਣੀ ਜਿਥੇ-ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ।ਦਾ ਫੁਰਮਾਨ ਹੈ।
ਜਦੋਂ ਕਦੇ ਵੀ ਸਿਰੋਪਾ ਪ੍ਰਾਪਤ ਕਰਦੇ ਹਾਂ ਤਾਂ ਜੈਕਾਰਾ ਛੱਡ ਕੇ ਗਲ਼ ਵਿਚ ਸਤਿਕਾਰ ਨਾਲ ਪਾਉਂਦੇ ਹਾਂ।ਇਸ ਦੀ ਉਚਤਾ ਤੇ ਸ਼ੁਧਤਾ ਨੂੰ ਕਾਇਮ ਰੱਖਣ ਲਈ ਸਿਰਫ਼ ਸਿਰ `ਤੇ ਹੀ ਸਜਾ ਸਕਦੇ ਹਾਂ।ਪਰ ਕਈ ਵਾਰ ਵੇਖਦੇ ਹਾਂ ਕਿ ਇਸ ਤੋਂ ਘਰਾਂ ਜਾਂ ਕਾਰਾਂ-ਮੋਟਰ ਸਇਕਲਾਂ ਦੀ ਸਫ਼ਾਈ ਦਾ ਕੰਮ ਲਿਆ ਜਾਂਦਾ ਹੈ।ਨਹਾਉਣ ਸਮੇਂ ਖਾਸ ਕਰਕੇ ਤੀਰਥ ਸਥਾਨਾਂ `ਤੇ ਇਸ ਨੂੰ ਤੇੜ ਲਾ ਕੇ ਲੋਕੀਂ ਨਹਾਉਂਦੇ ਵੇਖੇ ਜਾਂਦੇ ਹਨ।ਬਹੁਤ ਘੱਟ ਸੱਜਣ ਹਨ, ਜੋ ਇਸ ਨੂੰ ਗੁਰੂ ਦੀ ਮੋਹਰ ਸਮਝਦੇ ਹਨ।ਬਹੁਤਿਆਂ ਲਈ ਇਹ ਕੋਈ ਮਾਇਨਾ ਨਹੀਂ ਰੱਖਦਾ। ਅਜਕਲ੍ਹ ਪੰਜਾਬ ਦੇ ਪਿੰਡਾਂ ਦੀ ਜਿਆਦਾ ਜਵਾਨੀ ਘੋਨ-ਮੋਨ ਹੋਈ ਫਿਰਦੀ ਹੈ।ਉਨ੍ਹਾਂ ਦੇ ਗਲ਼ਾਂ ਜਾਂ ਮੋਢਿਆਂ `ਤੇ ਨੀਲੇ-ਪੀਲੇ ਪਟਕੇ ਆਮ ਹੀ ਵੇਖੇ ਜਾ ਸਕਦੇ ਹਨ।ਜਦੋਂ ਸਾਡੇ ਕੇਸ-ਦਾੜ੍ਹੀ ਤਾਂ ਹੈ ਹੀ ਨਹੀਂ ਫਿਰ ਪੀਲੇ ਪਟਕੇ ਦਾ ਕੀ ਕੰਮ?
ਸਿਰੋਪੇ ਦੀ ਦੁਰਵਰਤੋਂ ਲਈ ਸਾਡੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਵੱਡੇ ਤੋਂ ਲੈ ਕੇ ਛੋਟੇ ਆਗੂ ਜਿੰਮੇਵਾਰ ਹਨ, ਜਿਨ੍ਹਾਂ ਨੇ ਅੱਜ ਸਿਰੋਪੇ ਨੂੰ ਮਹਿਜ਼ ਦੋ-ਢਾਈ ਮੀਟਰ ਤੇ ਸੰਤਰੀ ਰੰਗ ਦਾ ਕੱਪੜਾ ਹੀ ਸਮਝ ਰੱਖਿਆ ਹੈ।ਚੋਣਾਂ ਸਮੇਂ ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਲੋਕਾਂ ਨੂੰ ਸਭ ਤੋਂ ਪਹਿਲਾਂ ਸਿਰੋਪਾ ਦੇ ਕੇ ਹੀ ਨਿਵਾਜ਼ਿਆ ਜਾਂਦਾ ਹੈ, ਜਿਵੇਂ ਪਤਾ ਨਹੀਂ ਉਹ ਕਿੰਨਾ ਕੁ ਵੱਡਾ ਕੰਮ ਕਰਕੇ ਆਏ ਹੋਣ।ਇਸ ਸਮੇਂ ਕਿਸੇ ਵੀ ਵੱਡੇ ਆਗੂ ਨੂੰ ਸਿਰੋਪੇ ਫੜਾ ਦਿੱਤੇ ਜਾਂਦੇ ਹਨ ਤੇ ਉਹ ਧੜਾਧੜ ਪਾਰਟੀ ’ਚ ਸ਼ਾਮਿਲ ਹੋਏ ਲੋਕਾਂ ਦੇ ਗਲ਼ਾਂ ਵਿਚ ਥੋਕ ਦੇ ਭਾਅ ਸਿਰੋਪੇ ਪਾਈ ਜਾ ਰਿਹਾ ਹੁੰਦਾ ਹੈ।ਇਹ ਵੀ ਦੇਖਿਆ ਜਾਂਦਾ ਕਿ ਉਹ ਸਿਰੋਂ ਮੋਨਾ ਤੇ ਦਾੜ੍ਹੀ ਕੱਟ ਹੈ, ਬਸ ਉਸ ਨੇ ਤਾਂ ਪਾਰਟੀ ਜੁਆਇਨ ਕੀਤੀ ਹੈ।ਦੂਜੇ ਦਿਨ ਉਹ ਫੋਟੋ ਅਖਬਾਰਾਂ ’ਚ ਫਿੱਟ ਹੋ ਜਾਂਦੀ ਹੈ, ਇਸ ਦੀਆਂ ਅਣਗਿਣਤ ਹੀ ਉਦਾਹਰਨਾਂ ਹਨ।ਮੈਂ ਕਿਸੇ ਇਕ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਸਭ ਇਕ ਦੂਜੇ ਤੋਂ ਅੱਗੇ ਹਨ।
ਅੰਤ ਵਿਚ ਮੇਰੀ ਧਾਰਮਿਕ ਜਥੇਦਾਰਾਂ, ਪੈਰੋਕਾਰਾਂ, ਬਾਬਿਆਂ ਤੇ ਹੋਰ ਨਾਮ ਲੇਵਾ ਸੰਗਤ ਨੂੰ ਬੇਨਤੀ ਹੈ ਕਿ ਸਿਰੋਪੇ ਦੀ ਮਹਾਨ ਵਡਿਆਈ ਨੂੰ ਕਾਇਮ ਰੱਖੋ, ਧਾਰਮਿਕ ਤੌਰ `ਤੇ ਹੀ ਸਿਰੋਪੇ ਦੀ ਜਾਇਜ਼ ਵਰਤੋਂ ਲਈ ਸੂਚਨਾ ਜਾਰੀ ਕਰੋ। ਖਾਸ ਕਰ ਰਾਜਨੀਤਕ ਪਾਰਟੀਆਂ ਨੂੰ ਵਰਜਿਆ ਜਾਵੇ।
ਮੈਂ ਰਾਜਨੀਤਕ ਪਾਰਟੀਆਂ ਨੂੰ ਵੀ ਕਹਾਂਗਾ ਕਿ ਉਹ ਆਪਣੇ ਲਈ ਕਾਲਾ, ਹਰਾ, ਗਰੇਅ, ਅਸਮਾਨੀ, ਜਾਮਣੀ, ਲਾਲ ਜਾਂ ਹੋਰ ਰੰਗ ਵਰਤ ਲਓ, ਜਿਸ ਉਪਰ ਪਾਰਟੀ ਦਾ ਨਿਸ਼ਾਨ ਛਪਿਆ ਹੋਵੇ।ਪਰ ਸਿਰੋਪੇ ਨੂੰ ਸਿਰੋਪਾ ਹੀ ਰਹਿਣ ਦਿੳ ਤਾਂ ਕਿ ਗੁਰੂ ਦੀ ਬਖਸ਼ਿਸ਼ ਦੀ ਮਾਣ ਮਰਿਆਦਾ ਕਾਇਮ ਰੱਖੀ ਜਾ ਸਕੇ।
ਬਲਬੀਰ ਸਿੰਘ ਬੱਬੀ
ਪਿੰਡ ਤੇ ਡਾਕ – ਤੱਖਰਾਂ (ਲੁਧਿਆਣਾ)
ਮੋਬਾ- 92175-92531