Friday, October 18, 2024

ਕੈਂਸਰ ਦੀ ਜਾਂਚ ਅਤੇ ਜਾਗਰੂਕਤਾ ਸਬੰਧੀ ਇਕ ਰੋਜਾ ਮੈਡੀਕਲ ਕੈਂਪ 28 ਸਤੰਬਰ ਨੂੰ – ਬਰਾੜ

PPN09091402
ਫਾਜਿਲਕਾ, 9 ਸਿਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਸਰਹਦੀ ਜਿਲ੍ਹਾ ਫਾਜਿਲਕਾ ਦੇ ਵਸਨੀਕਾਂ ਨੂੰ ਕੈਂਸਰ ਦੀ ਬੀਮਾਰੀ ਪ੍ਰਤੀ ਜਾਗਰੂਕ ਕਰਨ ਅਤੇ ਕੈਂਸਰ ਰੋਗ ਦੀ ਮੁੱਢਲੀ ਸਟੇਜ ਤੇ ਪਹਿਚਾਣ ਕਰਨ ਦੇ ਮਨੋਰਥ ਨਾਲ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਜਿਲ੍ਹਾ ਪ੍ਰਸ਼ਾਸਨ, ਰੈਡ ਕਰਾਸ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੈਂਸਰ ਰੋਗ ਦੀ ਜਾਂਚ ਅਤੇ ਜਾਗਰੂਕਤਾ ਸੰਬਧੀ ਇਕ ਰੋਜਾ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ।ਇਸ ਸਬੰਧੀ ਰੈਡ ਕਰਾਸ ਸ਼ਾਖਾ, ਸਮਾਜ ਸੇਵੀ ਸੰਸਥਾਵਾਂ, ਸਿਹਤ ਵਿਭਾਗ ਅਤੇ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਮੌਕੇ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦੱਸਿਆ ਕਿ ਮਿਤੀ 28 ਸਤੰਬਰ 2014 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਿਵਲ ਹਸਪਤਾਲ ਫਾਜਿਲਕਾ ਵਿਖੇ ਇਸ ਕੈਂਪ ਦਾ ਆਯੋਜਨ ਕੀਤਾ ਜਾਵੇਗਾ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸਾਰੇ ਪ੍ਰਬੰਧ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਔਰਤਾਂ ਅਤੇ ਮਰਦਾਂ ਦੇ ਸਰੀਰਕ ਕੈਂਸਰ ਦੀ ਜਾਂਚ, ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ (ਮੈਮੋਗ੍ਰਾਫੀ) ਟੈਸਟ, ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੇ ਜਾਂਚ ਲਈ ਟੈਸਟ, ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਲਈ ਸਹੀ ਸਲਾਹ, ਔਰਤਾਂ ਅਤੇ ਮਰਦਾਂ ਦਾ ਸ਼ੁਗਰ, ਬਲੱਡ ਪ੍ਰੈਸ਼ਰ, ਈ.ਸੀ.ਜੀ. ਟੈਸਟ ਆਦਿ ਮੁਫ਼ਤ ਕੀਤੇ ਜਾਣਗੇ । ਉਨ੍ਹਾਂ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੀ ਮੁੱਢਲੇ ਪੜਾਅ ਤੇ ਪਹਿਚਾਣ ਲਈ ਇਸ ਕੈਂਪ ਵਿਚ ਸ਼ਿਰਕਤ ਕਰਨ ।
ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਇਸ ਇਕ ਰੋਜਾ ਕੈਂਸਰ ਮੈਡੀਕਲ ਜਾਂਚ ਸਬੰਧੀ ਕੈਂਪ ਵਿਚ 500 ਤੋਂ ਵੱਧ ਮਰੀਜ਼ਾਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ ਅਤੇ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਕੈਂਸਰ ਦੇ ਪਹਿਚਾਣ ਵਾਲੇ ਮਰੀਜ਼ਾਂ ਦਾ ਇਲਾਜ ਅਤੇ ਮਾਰਗ ਦਰਸ਼ਨ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਨੇਕ ਕੰਮ ਵਿਚ ਭਾਈ ਘਨ੍ਹੱਈਆ ਸੇਵਾ ਸੁਸਾਇਟੀ ਫਾਜਿਲਕਾ, ਰੈਡ ਕਰਾਸ ਸ਼ਾਖਾ, ਸਿਹਤ ਵਿਭਾਗ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸ. ਕੁਲਵੰਤ ਸਿੰਘ ਧਾਲੀਵਾਲ (ਯੂ.ਕੇ) ਵੀ ਇਸ ਕੈਂਪ ਵਿਚ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਨਗੇ । ਇਸ ਮੌਕੇ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਦੇ ਸ਼੍ਰੀ ਧਰਮਿੰਦਰ ਢਿੱਲੋ, ਸ਼੍ਰੀ ਸੁਭਾਸ਼ ਅਰੋੜਾ ਸਕੱਤਰ ਰੈਡ ਕਰਾਸ, ਸ.ਦਵਿੰਦਰ ਸਿੰਘ ਪ੍ਰਧਾਨ, ਭਾਈ ਘਨ੍ਹੱਈਆ ਸੇਵਾ ਸੁਸਾਇਟੀ, ਸ਼੍ਰੀ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ ਆਦਿ ਵੀ ਹਾਜਰ ਸਨ ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply