ਨਵੀਂ ਦਿੱਲੀ, 9 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਹੰਗਾਮੀ ਮੀਟਿੰਗ ਵਿੱਚ ਜੰਮੂ ਕਸ਼ਮੀਰ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਮਨੁੱਖੀ ਆਧਾਰ ਤੇ ਮਦਦ ਪਹੁੰਚਾਉਣ ਵਾਸਤੇ ਜੰਗੀ ਪੱਧਰ ਤੇ ਕਾਰਜ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਉਤਰਾਖੰਡ ਕੁਦਰਤੀ ਕਰੋਪੀ ਵਿੱਚ ਦਿੱਲੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਗਏ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਇਸ ਮੀਟਿੰਗ ਵਿੱਚ ਸ੍ਰੀਨਗਰ ਵਿਚ ਦਿੱਲੀ ਕਮੇਟੀ ਦਾ ਬੇਸ ਕੈਂਪ ਅੱਜ ਹੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਇਸ ਮੀਟਿੰਗ ਵਿੱਚ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਜਾਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਹਰਜਿੰਦਰ ਸਿੰਘ, ਜਸਬੀਰ ਸਿੰਘ ਜੱਸੀ, ਰਵੇਲ ਸਿੰਘ, ਜਤਿੰਦਰਪਾਲ ਸਿੰਘ ਗੋਲਡੀ, ਮਨਮੋਹਨ ਸਿੰਘ, ਮਨਜੀਤ ਸਿੰਘ ਅੋਲਖ ਅਤੇ ਅਕਾਲੀ ਆਗੂ ਵਿਕਰਮ ਸਿੰਘ ਮੋਜੂਦ ਸਨ।
ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਕਸ਼ਮੀਰ ਵਿੱਚ ਆਏ ਹੜ੍ਹਾਂ ਨੂੰ ਪ੍ਰਧਾਨਮੰਤਰੀ ਵੱਲੋਂ ਰਾਸ਼ਟਰੀ ਆਪਦਾ ਘੋਸ਼ਿਤ ਕਰਨ ਕਰਕੇ ਭਾਰਤੀ ਫੋਜ ਅਤੇ ਐਨ.ਡੀ.ਆਰ.ਐਸ. ਵੱਲੋਂ ਚਲਾਏ ਜਾ ਰਹੇ ਬਚਾਉ ਅਭਿਆਨ ਵਿੱਚ ਦਿੱਲੀ ਕਮੇਟੀ ਨੂੰ ਉਤਰਾਖੰਡ ਕਰੋਪੀ ਦੀ ਤਰਜ ਤੇ ਭਾਗ ਲੈਣ ਦਾ ਸੱਦਾ ਦਿੱਤਾ ਗਿਆ ਸੀ। ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੋਰ ਤੇ ਇਹਨਾਂ ਰਾਹਤ ਕਾਰਜਾਂ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ ਹੈ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਵੱਲੋਂ ਹਰ ਪ੍ਰਕਾਰ ਦੀ ਮਦਦ ਹੜ੍ਹ ਪੀੜ੍ਹਤਾਂ ਨੂੰ ਦੇਣ ਦਾ ਐਲਾਨ ਕਰਦੇ ਹੋਏ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਰਸਦ, ਮਾਇਆ, ਕੰਬਲ ਅਤੇ ਦਵਾਈਆਂ ਇਕੱਠੀਆਂ ਕਰਨ ਵਾਸਤੇ ਵਿਸ਼ੇਸ਼ ਕਾਊਂਟਰ ਖੋਲ੍ਹਣ ਦੀ ਵੀ ਜਾਣਕਾਰੀ ਦਿੱਤੀ।
ਲੱਗਭੱਗ 25 ਹਜ਼ਾਰ ਵਿਅਕਤੀਆਂ ਲਈ ਕੱਚੀ ਅਤੇ ਪੱਕੀ ਰਸਦ ਜਿਸ ਵਿੱਚ 25 ਹਜ਼ਾਰ ਪਰਾਠੇ, 50 ਕੁਵਿੰਟਲ ਆਟਾ, 30 ਕੁਵਿੰਟਲ ਦਾਲ, 1000 ਪਾਣੀ ਦੀ ਪੇਟੀ, 10 ਕੁਵਿੰਟਲ ਚਾਵਲ, 500 ਟੀਨ ਰਿਫਾਇੰਡ, 500 ਟੀਨ ਆਚਾਰ ਅਤੇ ਚਾਦਰਾਂ ਤੇ ਕੰਬਲ ਆਦਿ ਲੈਕੇ ਵਿਸ਼ੇਸ਼ ਜਹਾਜ਼ ਰਾਹੀਂ ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ ਦੀ ਅਗਵਾਈ ਹੇਠ ਇੱਕ ਵਫਦ ਨੂੰ ਰਵਾਨਾ ਕੀਤਾ ਗਿਆ। ਸ੍ਰੀਨਗਰ ਗਏ ਇਸ ਵਫਦ ਵਿੱਚ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਸਮਰਦੀਪ ਸਿੰਘ ਸੰਨੀ ਅਤੇ ਪਰਮਜੀਤ ਸਿੰਘ ਚੰਢੋਕ ਸ਼ਾਮਿਲ ਸਨ।
Check Also
ਖ਼ਾਲਸਾ ਕਾਲਜ ਵਿਖੇ ‘ਪੰਜਾਬ ਦਾ ਭਵਿੱਖ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ ਪੰਜਾਬ ਕਲਾ …