Friday, November 22, 2024

ਅਣਗੌਲਿਆ ਪਵਿੱਤਰ ਸ਼ਹਿਰ ਸ੍ਰੀ ਮੁਕਤਸਰ ਸਾਹਿਬ..?

     Sri Mukatsar Sahib    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਸਰਜਮੀਂ ਹੈ, ਖਿਦਰਾਣੇ ਦੀ ਢਾਬ ਤੋਂ ਬਣਿਆਂ ਮੁਕਤਸਰ ਤੇ ਫਿਰ ਬਣਿਆ ਸ੍ਰੀ ਮੁਕਤਸਰ ਸਾਹਿਬ।ਜੇਕਰ ਇਸ ਪਵਿੱਤਰ ਸ਼ਹਿਰ ਨੂੰ ਪੰਜਾਬ ਦੇ ਸਿਆਸਤ ਦਾ ਧੁਰਾ ਵੀ ਕਹਿ ਲਿਆ, ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੈ।ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਹੋਰਾਂ ਦਾ ਜੱਦੀ ਪੁਸ਼ਤੀ ਜ਼ਿਲ੍ਹਾ ਇਹੀ ਹੈ, ਤੇ ਉਨ੍ਹਾਂ ਨੂੰ ਸੁੱਖ ਨਾਲ ਪੰਜ ਵਾਰ ਮੁੱਖ ਮੰਤਰੀ ਬਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਹਰਚਰਨ ਸਿੰਘ ਬਰਾੜ ਸਰਾਏ ਨਾਗਾ ਜਿਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਨੂੰ ਜ਼ਿਲ੍ਹਾ ਬਨਾਉਣ ਦਾ ਸਿਹਰਾ ਜਾਂਦਾ ਹੈ, ਉਹ ਵੀ ਇਸੇ ਜ਼ਿਲ੍ਹੇ ਨਾਲ ਸਬੰਧਿਤ ਸਨ ਤੇ ਅਜੋਕੇ ਸਮੇਂ ਵਿੱਚ ਵੀ ਇਸੇ ਪਰਿਵਾਰ ਦੇ ਵਿਚੋਂ ਉਨ੍ਹਾਂ ਦੀ ਸਤਿਕਾਰਤ ਨੂੰਹ ਬੀਬੀ ਕਰਨ ਬਰਾੜ ਇਥੋਂ ਸ੍ਰੀ ਮੁਕਤਸਰ ਸਾਹਿਬ ਦੀ ਨੁਮਾਇੰਦਗੀ ਕਰਦੇ ਨੇ।ਜੇਕਰ ਪੁਰਾਣੇ ਸਮਿਆਂ `ਤੇ ਝਾਤੀ ਮਾਰੀਏ ਤਾਂ ਆਪਾਂ ਇਸ ਪਵਿੱਤਰ ਸ਼ਹਿਰ ਦੀ ਤ੍ਰਾਸਦੀ ਹੀ ਕਹਾਂਗੇ ਕਿ ਇਥੋਂ ਦੀ ਨੁਮਾਇੰਦਗੀ ਹਮੇਸ਼ਾਂ ਵਿਰੋਧੀ ਧਿਰ ਦੇ ਹਿੱਸੇ ਹੀ ਆਉਂਦੀ ਰਹੀ ਹੈ।ਜੇਕਰ ਉਸੇ ਪਾਰਟੀ ਦਾ ਵਿਧਾਇਕ ਹੋਵੇ, ਜਿਹੜੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੇ ਤਾਂ ਲੋਕਾਂ ਦੇ ਕੰਮ ਆਸਾਨੀ ਨਾਲ ਹੋਣ ਦੇ ਨਾਲ ਨਾਲ ਇਲਾਕੇ ਨੂੰ ਬਹੁਤ ਫਾਇਦਾ ਭਾਵ ਸਰਕਾਰ ਵਲੋਂ ਚੰਗੀਆਂ ਸਹੂਲਤਾਂ ਮੁਹੱਈਆ ਹੁੰਦੀਆਂ ਰਹਿੰਦੀਆਂ ਨੇ, ਜਿਨ੍ਹਾਂ ਦਾ ਆਪਾਂ ਸਭਨਾਂ ਨੂੰ ਭਲੀ ਭਾਂਤ ਪਤਾ ਹੈ।ਪਰ ਇਹ ਹਾਲੇ ਤੱਕ ਮੁਕਤਸਰੀਆਂ ਲਈ ਦੂਰ ਦੀ ਗੱਲ ਹੈ। ਇਸ ਕਰਕੇ ਹੀ ਇਹ ਪਵਿੱਤਰ ਸ਼ਹਿਰ ਅਣਗੌਲਿਆ ਤੇ ਅਣਗਿਣਤ ਸਮੱਸਿਆਵਾਂ ਨਾਲ ਸਦਾ ਹੀ ਜੂਝਦਾ ਰਹਿੰਦਾ ਹੈ, ਪਤਾ ਨਹੀਂ ਹਾਲੇ ਕਿੰਨਾ ਸਮਾਂ ਐਸੇ ਹਾਲਾਤ ਰਹਿੰਦੇ ਨੇ, ਇਹ ਗੱਲਾਂ ਸਮੇਂ ਦੇ ਗਰਭ ਵਿੱਚ ਹਨ।ਇਸ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਬਹੁਤ ਸਾਰੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਬਹੁਤ ਹੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਸੁਧਾਰਿਆ ਜਾ ਸਕੇ, ਪਰ ਹਾਲੇ ਤੱਕ ਇਸ ਦੇ ਸਾਰਥਿਕ ਨਤੀਜੇ ਸਾਹਮਣੇ ਤਾਂ ਕੀ ਆਉਣੇ ਸਨ ਸਗੋਂ ਪਿੱਛੇ ਜਿਹੇ ਇਸ ਪਵਿੱਤਰ ਨਗਰੀ ਨੂੰ ਗੰਦੇ ਸ਼ਹਿਰ ਦਾ ਦਰਜਾ ਵੀ ਮਿਲ ਚੁੱਕਾ ਹੈ।ਜਿਸ ਤੋਂ ਪ੍ਰਭਾਵਿਤ ਹੋ ਕੇ ਕਾਫੀ ਸਾਰੀਆਂ ਸਮਾਜ ਭਲਾਈ ਜਥੇਬੰਦੀਆਂ ਨੇ ਆਪੋ-ਆਪਣੇ ਢੰਗ ਤਰੀਕੇ ਵਰਤ ਕੇ ਸਰਕਾਰਾਂ ਰਾਹੀਂ ਵੀ ਕੋਸ਼ਿਸ਼ ਕੀਤੀ ਕਿ ਇਹ ਗੰਦੇ ਸ਼ਹਿਰ ਵਾਲਾ ਦਾਗ ਲਾਹਿਆ ਜਾਵੇ, ਪਰ ਬਹੂਤੀ ਕਾਮਯਾਬੀ ਨਹੀਂ ਮਿਲੀ।ਬਹੁਤ ਚੰਗੇ-ਚੰਗੇ ਅਫ਼ਸਰ ਵੀ ਆਏ ਜਿਨ੍ਹਾਂ ਨੇ ਪੂਰਨ ਸਮਰਥਨ ਦਾ ਭਰੋਸਾ ਵੀ ਦਿੱਤਾ, ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ ਹੈ, ਜੇਕਰ ਕੋਈ ਇੱਕ ਦੋ ਸਮੱਸਿਆਵਾਂ ਹੋਣ ਤਾਂ ਉਨ੍ਹਾਂ ਦਾ ਹੱਲ ਸੰਭਵ ਹੋ ਵੀ ਸਕਦੈ, ਪਰ ਇਸ ਸ਼ਹਿਰ ਦੀਆਂ ਜੇਕਰ ਸਮੱਸਿਆਵਾਂ ਗਿਨਣ ਲੱਗ ਪਈਏ ਤਾਂ ਅਣਗਿਣਤ ਨੇ।
         ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਸਮੱਸਿਆਵਾਂ ਦਾ ਹੱਲ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕਦੇ ਵੀ ਨਹੀਂ ਹੋ ਸਕਦਾ, ਜੇਕਰ ਲੋਕ ਸੱਚੇ ਦਿਲੋਂ ਸਮਾਜ ਭਲਾਈ ਜਥੇਬੰਦੀਆਂ ਦੇ ਨਾਲ ਸਹਿਯੋਗ ਕਰਨ ਤਾਂ ਹਰ ਇਕ ਮਸਲੇ ਦਾ ਹੱਲ ਨਿਕਲ ਸਕਦਾ ਹੈ।ਪਲਾਸਟਿਕ ਦੇ ਲਿਫਾਫਿਆਂ `ਤੇ ਰੋਕ ਲਗਾਉਣ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਹਰ ਗਲੀ ਮੁਹੱਲੇ ਵਿੱਚ ਸੀਵਰੇਜ ਬੰਦ ਹੋਣ ਦਾ ਕਾਰਨ ਹੀ ਪਲਾਸਟਿਕ ਦੇ ਲਿਫਾਫੇ ਹੀ ਹਨ।ਪਰ ਸਮੇਂ ਦੀਆਂ ਸਰਕਾਰਾਂ, ਸਮੇਂ ਦੇ ਅਫਸਰ, ਜੇਕਰ ਥੋੜ੍ਹੀ ਸਖਤੀ ਕਰਨ ਤਾਂ ਹੀ ਮਸਲੇ ਹੱਲ ਹੋ ਸਕਦੇ ਨੇ।ਜਿਥੋਂ ਤੱਕ ਸਿਆਸੀ ਲੀਡਰਾਂ ਦਾ ਸਬੰਧ ਹੈ, ਉਹ ਸਿਰਫ ਤੇ ਸਿਰਫ ਵੋਟਾਂ ਬਟੋਰਨ ਲਈ ਹੀ ਦਿਖਾਈ ਦਿੰਦੇ ਹਨ, ਉਸ ਤੋਂ ਬਾਅਦ ਉਹ ਛੂ ਮੰਤਰ ਹੋ ਜਾਂਦੇ ਨੇ ਤੇ ਚੰਡੀਗੜ੍ਹ ਤੋਂ ਉਰ੍ਹਾਂ ਕਿਸੇ ਨੂੰ ਵੀ ਕਦੇ ਮਿਲਦੇ ਤੱਕ ਨਹੀਂ।ਇਹ ਸਾਰੀਆਂ ਗੱਲਾਂ ਆਪਣੇ ਨਾਲ ਵਾਪਰਦੀਆਂ ਨੇ ਬੇਸ਼ੱਕ ਕੋਈ ਕਹਿ ਕੇ ਸੁਣਾਵੇ ਜਾ ਨਾ ਉਹ ਗੱਲ ਵੱਖਰੀ ਹੈ।ਅੱਜ ਤੱਕ ਸਰਕਾਰਾਂ ਹੀ ਆਪਣੇ ਚੋਣ ਮੈਨੀਫੈਸਟੋ ਦਿੰਦੀਆਂ ਆਈਆਂ ਹਨ, ਜੋ ਆਪਾਂ ਸਭਨਾਂ ਨੂੰ ਪਤਾ ਹੈ।ਬੇਸ਼ੱਕ ਹਰ ਸ਼ਹਿਰ ਵਿੱਚ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਹੁੰਦੀਆਂ ਨੇ, ਪਰ ਸ੍ਰੀ ਮੁਕਤਸਰ ਸਾਹਿਬ ਦੀ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ (ਮੁਕਤਸਰ ਵਿਕਾਸ ਮਿਸ਼ਨ) ਨੇ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 19 ਨੁਕਾਤੀ ਨਿਵੇਕਲੇ ਢੰਗ ਦਾ `ਚੋਣ ਮੈਨੀਫੈਸਟੋ` ਦੇ ਕੇ ਵਿਲੱਖਣ ਪਹਿਲਕਦਮੀ ਕੀਤੀ ਹੈ ਤੇ ਸਮੇਂ ਦੇ ਸਿਆਸੀ ਲੀਡਰਾਂ ਨੂੰ ਪਹਿਲਾਂ ਸਾਡੀ ਮੰਨੋਂ, ਫਿਰ ਵੋਟਾਂ ਮੰਗੋ ਕਹਿ ਕੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਪਹਿਲ ਦੇ ਆਧਾਰ `ਤੇ ਇਨ੍ਹਾਂ ਚੋਣਾਂ ਮੈਨੀਫੈਸਟੋ ਵਿਚ ਦਿੱਤੀਆਂ ਘਾਟਾਂ ਨੂੰ ਪੂਰਾ ਕਰਵਾਉਣਾ ਇਨਸਾਨੀਅਤ ਦੇ ਨਾਤੇ ਹਰ ਉਸ ਸਿਆਸੀ ਆਗੂਆਂ ਦਾ ਫਰਜ਼ ਬਣਦਾ ਹੈ, ਜੋਂ ਅੱਜ ਪੱਲਾ ਅੱਡ ਕੇ ਵੋਟਾਂ ਦੀ ਭੀਖ ਮੰਗਣ ਆਉਣਗੇ, ਤੇ ਲੋਕਾਂ/ਵੋਟਰਾਂ ਨੂੰ ਵੀ ਇਸ ਚੋਣ ਮੈਨੀਫੈਸਟੋ ਤੇ ਪੂਰਨ ਤੌਰ `ਤੇ ਗੌਰ ਕਰਨਾ ਚਾਹੀਦਾ ਹੈ।
                 ਜੇਕਰ ਕਹਿ ਲਿਆ ਜਾਵੇ ਕਿ ਇਸ ਪਵਿੱਤਰ ਸ਼ਹਿਰ ਵਿੱਚ ਕੋਈ ਵੀ ਜ਼ਿਲ੍ਹੇ ਵਾਲੀ ਗੱਲ ਜਾਂ ਸਹੂਲਤ ਨਹੀਂ ਹੈ ਤਾਂ ਕੋਈ ਅਤਿਕਥਨੀ ਵੀ ਨਹੀਂ ਹੋਵੇਗੀ।ਘਾਟਾਂ ਵੱਲ ਵੀ ਜੇਕਰ ਚਲਾਵੀਂ ਜਿਹੀ ਨਜ਼ਰ ਮਾਰੀਏ ਤਾਂ ਵਾਟਰ ਸਪਲਾਈ, ਸੀਵਰੇਜ, ਅੰਤਾਂ ਦੇ ਬੇਤਹਾਸ਼ਾ ਅਵਾਰਾ ਪਸ਼ੂਆਂ ਦੀ ਭਰਮਾਰ, ਪਾਰਕਾਂ ਦੀ ਹਾਲਤ ਤਰਸਯੋਗ, ਕੂੜੇ ਕੱਚਰੇ ਦੇ ਡੰਪਾਂ ਦਾ ਨਾ ਹੋਣਾ, ਨਜਾਇਜ਼ ਕਬਜ਼ਿਆਂ ਦੀ ਭਰਮਾਰ, ਬਹੁਤ ਸਾਰੀਆਂ ਸੜਕਾਂ ਦੀ ਹਾਲਤ ਤਰਸਯੋਗ, ਪੱਤਰਕਾਰ ਭਾਈਚਾਰੇ ਲਈ ਕੋਈ ਬਿਲਡਿੰਗ ਨਾ ਹੋਣਾ, ਟ੍ਰੈਫਿਕ ਦੀ ਤ੍ਰਾਸਦੀ, ਬੱਸ ਅੱਡੇ ਦੀ ਦੁਰਦਸ਼ਾ, ਗਲਤ ਥਾਵਾਂ `ਤੇ ਪਾਰਕਿੰਗ, ਸਮੁੱਚੇ ਸ਼ਹਿਰ ਦੀਆਂ ਸਟਰੀਟ ਲਾਈਟਾਂ, ਪ੍ਰਾਈਵੇਟ ਸਕੂਲਾਂ ਵਲੋਂ ਲੁੱਟ-ਖਸੁੱਟ, ਗੁਰੂ ਗੋਬਿੰਦ ਸਿੰਘ ਪਾਰਕ ਨੂੰ ਖੋਲ੍ਹਣ ਤੇ ਬੰਦ ਕਰਨ ਦਾ ਸਮਾਂ, ਸ਼ਹਿਰ ਦੀਆਂ ਐਨ.ਜੀ.ਓ ਦੀਆਂ ਵਹੀਕਲਾ ਦੀ ਫਰੀ ਪਾਰਕਿੰਗ `ਤੇ ਹੋਰ ਵੀ ਅਨੇਕਾਂ ਸਮੱਸਿਆਵਾਂ ਹਨ, ਇਸ ਜ਼ਿਲ੍ਹੇ ਬਣੇਂ ਪਵਿੱਤਰ ਸ਼ਹਿਰ ਦੀਆਂ, ਜਿਨ੍ਹਾਂ ਵੱਲ ਉਚੇਚਾ ਧਿਆਨ ਦੇਣ ਦੀ ਅਤਿਅੰਤ ਲੋੜ ਹੈ।ਐਨੀਆਂ ਘਾਟਾਂ ਵਾਲੇ ਪਵਿੱਤਰ ਸ਼ਹਿਰ ਨੂੰ ਜ਼ਿਲ੍ਹਾ ਬਨਣ ਦਾ ਸੁਭਾਗ ਬੇਸ਼ੱਕ ਪ੍ਰਾਪਤ ਹੋ ਗਿਆ ਹੈ, ਪਰ ਪਵਿੱਤਰ ਮਾਘੀ ਮੇਲੇ `ਤੇ ਲੱਖਾਂ ਦੇ ਹਿਸਾਬ ਨਾਲ ਆਉਣ ਵਾਲੀਆਂ ਸੰਗਤਾਂ ਦੇ ਮੂੰਹੋਂ ਘਟੀਆ ਸ਼ਬਦਾਵਲੀ ਸੁਨਣਾ ਪ੍ਰਸ਼ਾਸਨ ਤੇ ਸ਼ਹਿਰ ਵਾਸੀਆਂ ਲਈ ਬਹੁਤ ਦੁੱਖਦਾਈ ਗੱਲਾਂ ਨੇ ਜਿਨ੍ਹਾਂ ਦਾ ਤੁਰੰਤ ਪ੍ਰਸ਼ਾਸਨ ਤੇ ਇਥੋਂ ਦੇ ਸਿਆਸੀ ਨੁਮਾਇੰਿਆਂ ਨੂੰ ਹੱਲ ਕਰਨਾ ਬਣਦਾ ਹੈ।ਇਹੀ ਸਭ ਮੰਗਾਂ ਮੁਕਤਸਰ ਵਿਕਾਸ ਮਿਸ਼ਨ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਜਾਰੀ ਕੀਤੀਆਂ ਨੇ, ਜੋ ਕਿ ਆਉਣ ਵਾਲੇ ਸਮੇਂ ਲਈ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ। ਇਸ ਚੋਣ ਮੈਨੀਫੈਸਟੋ ਵਿੱਚ ਪਵਿੱਤਰ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੀਆਂ ਮੁੱਖ ਮੰਗਾਂ ਜਿਹੜੀਆਂ-ਜਿਹੜੀਆਂ ਆਮ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਦਾ ਹੀ ਬਾਖੂਬੀ ਜ਼ਿਕਰ ਕੀਤਾ ਗਿਆ ਹੈ।
               ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਪੁਰਜ਼ੋਰ ਅਪੀਲ ਹੈ ਕਿ ਇਸ ਮੈਨੀਫੈਸਟੋ `ਤੇ ਗੌਰ ਜਰੂਰ ਕੀਤਾ ਜਾਵੇ।
Jasveer Shrma Dadahoor 94176-22046

 

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ -94176 22046

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply