ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਢਾਡੀ ਤੇ ਕਵੀਸ਼ਰੀ ਦੇ ਮੁਕਾਬਲੇ ਕਰਵਾਏ ਗਏ। ਦੋ ਦਿਨ ਚੱਲੇ ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ ਦਿਨ 17 ਢਾਡੀ ਜਥਿਆਂ, ਜਦਕਿ ਦੂਸਰੇ ਦਿਨ 40 ਕਵੀਸ਼ਰੀ ਜਥਿਆਂ ਨੇ ਢਾਡੀ ਤੇ ਕਵੀਸ਼ਰੀ ਕਲਾ ਦੇ ਜੌਹਰ ਵਿਖਾਏ।
ਢਾਡੀ ਮੁਕਾਬਲਿਆਂ ਵਿੱਚੋਂ ਭਾਈ ਲਖਬੀਰ ਸਿੰਘ ਕੋਟ ਨੇ ਪਹਿਲਾ, ਗਿਆਨੀ ਖੜਕ ਸਿੰਘ ਪਠਾਨਕੋਟ ਨੇ ਦੂਸਰਾ, ਭਾਈ ਪੂਰਨ ਸਿੰਘ ਅਰਸ਼ੀ ਨੇ ਤੀਸਰਾ ਤੇ ਭਾਈ ਜਰਨੈਲ ਸਿੰਘ ਖੇੜਾ ਦੇ ਜਥੇ ਨੇ ਚੌਥਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਕਵੀਸ਼ਰੀ ਦੇ ਮੁਕਾਬਲੇ ਵਿੱਚੋਂ ਭਾਈ ਲਖਮੀਰ ਸਿੰਘ ਮਸਤ ਦੇ ਜਥੇ ਨੇ ਪਹਿਲਾ, ਭਾਈ ਕੇਵਲ ਸਿੰਘ ਮਹਿਤਾ ਨੇ ਦੂਜਾ, ਭਾਈ ਜੋਗਿੰਦਰ ਸਿੰਘ ਕਾਲਾ ਗੋਰਾਇਆ ਨੇ ਤੀਸਰਾ ਤੇ ਭਾਈ ਦਿਲਬਾਗ ਸਿੰਘ ਪੱਬਾਂਰਾਲੀ ਦੇ ਜਥੇ ਨੇ ਚੌਥਾ ਸਥਾਨ ਪ੍ਰਾਪਤ ਕੀਤਾ।ਮੁਕਾਬਲਿਆਂ ਦੀ ਸਮਾਪਤੀ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਜੀਤ ਸਿੰਘ ਜਲਾਲ ਉਸਮਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਏ ਇਹ ਢਾਡੀ ਤੇ ਕਵੀਸਰੀ ਮੁਕਾਬਲੇ ਜਿਥੇ ਇਸ ਖੇਤਰ ਵਿਚ ਕਾਰਜਸ਼ੀਲ ਜਥਿਆਂ ਅੰਦਰ ਹੋਰ ਮਿਹਨਤ ਕਰਨ ਦੀ ਭਾਵਨਾ ਪੈਦਾ ਕਰਨਗੇ, ਉਥੇ ਹੀ ਇਸ ਨਾਲ ਨਵੇਂ ਜਥਿਆਂ ਅੰਦਰ ਵੀ ਉਤਸ਼ਾਹ ਪੈਦਾ ਹੋਵੇਗਾ।
ਇਸ ਦੌਰਾਨ ਅੰਤ੍ਰਿੰਗ ਮੈਂਬਰ ਅਮਰੀਕ ਸਿੰਘ ਵਿਛੋਆ, ਬਲਜੀਤ ਸਿੰਘ ਜਲਾਲ ਉਸਮਾਂ, ਅਮਰਜੀਤ ਸਿੰਘ ਭਲਾਈਪੁਰ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਤੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਜੇਤੂ ਰਹੇ ਅਤੇ ਭਾਗ ਲੈਣ ਵਾਲੇ ਜਥਿਆਂ ਨੂੰ ਸਨਮਾਨਿਤ ਕੀਤਾ।ਸੁਖਦੇਵ ਸਿੰਘ ਭੂਰਾ ਕੋਹਨਾ ਤੇ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਇਹ ਮੁਕਾਬਲੇ ਮਾਝਾ ਤੋਂ ਬਾਅਦ ਮਾਲਵਾ ਤੇ ਦੁਆਬਾ ਵਿਚ ਵੀ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਜੋਨਲ ਮੁਕਾਬਲਿਆਂ ਦੌਰਾਨ ਜੇਤੂ ਰਹੇ ਜਥਿਆਂ ਦੇ ਸ਼ਤਾਬਦੀ ਸਮਾਗਮਾਂ ਸਮੇਂ 9 ਨਵੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਫਾਈਨਲ ਮੁਕਾਬਲੇ ਹੋਣਗੇ, ਜਿਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਜਥਿਆਂ ਨੂੰ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨਗੇ।
ਮੁਕਾਬਲਿਆਂ ਦੌਰਾਨ ਭਾਈ ਗੁਰਮੁੱਖ ਸਿੰਘ ਐਮ.ਏ, ਅਰਸ਼ਪ੍ਰੀਤ ਸਿੰਘ ਪਟਿਆਲਾ, ਡਾ. ਅਮਰਜੀਤ ਸਿੰਘ, ਡਾ. ਜਸਬੀਰ ਕੌਰ, ਡਾ. ਕੰਵਲਜੀਤ ਸਿੰਘ, ਗਿਆਨੀ ਸਵਿੰਦਰ ਸਿੰਘ ਭੰਗੂ ਤੇ ਭਾਈ ਸਤਪਾਲ ਸਿੰਘ ਨੇ ਜੱਜ ਵਜੋਂ ਸੇਵਾ ਨਿਭਾਈ।ਇਸ ਮੌਕੇ ਹੋਰਨਾ ਤੋਂ ਇਲਾਵਾ ਸਤਿੰਦਰ ਸਿੰਘ ਮੈਨੇਜਰ, ਮੋਹਨ ਸਿੰਘ ਕੰਗ, ਕਰਤਾਰ ਸਿੰਘ, ਬਿਕਰਮਜੀਤ ਸਿੰਘ ਤੇ ਹੋਰ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …