Friday, November 22, 2024

ਪ੍ਰੋਫੈਸਰ ਕਿਰਪਾਲ ਸਿੰਘ ਦਾ ਵਿਛੋੜਾ

                ਬੀਤੇ ਇੱਕ ਮਹੀਨੇ ਤੋਂ ਵੀ ਘੱਟ ਵਕਫ਼ੇ ਦੇ ਅੰਦਰ-ਅੰਦਰ ਪੰਜਾਬ ਦੇ ਦੋ ਪ੍ਰਸਿੱਧ ਲੇਖਕ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।ਸੰਜੋਗ ਨਾਲ ਦੋਹਾਂ ਦਾ ਨਾਂ ਵੀ ਕਿਰਪਾਲ ਸਿੰਘ ਸੀ ਪਹਿਲਾਂ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਵਿਸਾਖੀ ਵਾਲੇ ਦਿਨ (14 ਅਪ੍ਰੈਲ) ਅਤੇ ਫਿਰ ਮਈ ਦੇ ਮਹੀਨੇ, ਰਾਬਿੰਦਰ ਨਾਥ ਟੈਗੋਰ ਦੀ ਜੈਅੰਤੀ (7 ਮਈ) ਵਾਲੇ ਦਿਨ ਪ੍ਰੋਫੈਸਰ ਕਿਰਪਾਲ ਸਿੰਘ ਦਾ ਸਦੀਵੀ ਵਿਛੋੜਾ ਅਤਿਅੰਤ ਦੁੱਖਦਾਈ ਹੈ।
               ਸਿੱਖ ਵਿਦਵਾਨ, ਇਤਿਹਾਸਕਾਰ ਅਤੇ `ਨੈਸ਼ਨਲ ਪ੍ਰੋਫੈਸਰ ਆਫ਼ ਸਿਖਿਜ਼ਮ` ਪ੍ਰੋਫੈਸਰ ਕਿਰਪਾਲ ਸਿੰਘ ਦਾ 7 ਮਈ 2019 ਨੂੰ ਸਵੇਰੇ ਸੰਖੇਪ ਬਿਮਾਰੀ ਪਿਛੋਂ ਦੇਹਾਂਤ ਹੋ ਗਿਆ।ਜ਼ਿਲ੍ਹਾ ਗੁੱਜਰਾਂਵਾਲਾ (ਹੁਣ ਪਾਕਿਸਤਾਨ) ਦੇ ਪਿੰਡ ਗੁਨਾਊਰ ਵਿੱਚ 4 ਜਨਵਰੀ 1924 ਨੂੰ ਪਿਤਾ ਧਨੀ ਰਾਮ ਦੇ ਘਰ ਮਾਤਾ ਮਾਨ ਕੌਰ ਦੀ ਕੁੱਖੋਂ ਜਨਮੇ ਪ੍ਰੋਫੈਸਰ ਕਿਰਪਾਲ ਸਿੰਘ ਕਰੀਬ ਪਚਾਨਵੇਂ ਵਰ੍ਹਿਆਂ ਦੀ ਉਮਰ ਵਿੱਚ ਸਦੀਵੀ ਅਲਵਿਦਾ ਕਹਿ ਗਏ।ਉਨ੍ਹਾਂ ਦੀ ਪਤਨੀ ਜੋਗਿੰਦਰ ਕੌਰ ਪਿਛਲੇ ਵਰ੍ਹੇ ਸਤੰਬਰ 2018 ਵਿੱਚ 93 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਈ ਸੀ।
              ਪ੍ਰੋਫ਼ੈਸਰ ਕਿਰਪਾਲ ਸਿੰਘ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਏ ਹਨ: ਰਵਿੰਦਰ ਪਾਲ ਸਿੰਘ (1948), ਹਰਿੰਦਰ ਕੌਰ (1950) ਅਤੇ ਰਾਜਿੰਦਰ ਪਾਲ ਸਿੰਘ (1952)। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਸੇਵਾ ਮੁਕਤ ਹੋਣ ਪਿਛੋਂ ਪ੍ਰੋਫੈਸਰ ਕਿਰਪਾਲ ਸਿੰਘ ਇੰਡੀਅਨ ਕੌਂਸਲ ਆਫ਼ ਹਿਸਟੋਰੀਕਲ ਰਿਸਰਚ ਨਵੀਂ ਦਿੱਲੀ ਵਿੱਚ ਸੀਨੀਅਰ ਫੈਲੋ (1989-92) ਵੀ ਰਹੇ।ਸੇਵਾ ਮੁਕਤੀ ਤੋਂ ਬਾਅਦ ਉਹ ਚੰਡੀਗੜ੍ਹ ਰਹਿੰਦੇ ਹੋਏ ਪੰਜਾਬ ਦੇ ਇਤਿਹਾਸ, ਵਿਸ਼ੇਸ਼ ਤੌਰ `ਤੇ ਸਿੱਖ ਇਤਿਹਾਸ ਵਿੱਚ ਡੂੰਘੀ ਦਿਲਚਸਪੀ ਲੈਂਦੇ ਰਹੇ। ਸਿੱਟੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਸਿੱਖ ਇਤਿਹਾਸ ਰਿਸਰਚ ਪ੍ਰਾਜੈਕਟ ਵਿੱਚ ਵੀ ਸ਼ਾਮਿਲ ਕੀਤਾ ਸੀ ਤੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਕੂਲ ਦੀਆਂ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਦੇ ਮੁਲਾਂਕਣ ਲਈ ਨਾਮਜ਼ਦ ਕੀਤਾ ਸੀ।
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਇਸ ਸਿੱਖ ਸਕਾਲਰ ਨੇ ਪੰਜਾਬੀ, ਅੰਗਰੇਜ਼ੀ ਅਤੇ ਫ਼ਾਰਸੀ ਵਿੱਚ ਸਿੱਖ ਇਤਿਹਾਸ ਸਬੰਧੀ ਕਰੀਬ ਅੱਧਾ ਸੈਂਕੜਾ ਪੁਸਤਕਾਂ ਦੀ ਰਚਨਾ ਕੀਤੀ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:
     * ਖੋਜ: ਭਾਈ ਵੀਰ ਸਿੰਘ ਦੀ ਇਤਿਹਾਸਕ ਰਚਨਾ (1974)।
     * ਜੀਵਨੀ: ਬਾਬਾ ਬੀਰ ਸਿੰਘ ਨੌਰੰਗਾਬਾਦੀ (1958), ਸ. ਸ਼ਾਮ ਸਿੰਘ ਅਟਾਰੀਵਾਲਾ (1969), ਮਨੋਹਰ ਦਾਸ ਮਿਹਰਵਾਨ- ਜੀਵਨ ਤੇ ਰਚਨਾ (1974)।
     * ਇਤਿਹਾਸ: ਕਲਕੱਤੇ ਦੇ ਫਸਾਦਾਂ ਵਿੱਚ ਸਿੱਖਾਂ ਦੀ ਸੇਵਾ (1956), ਗੋਲਡਨ ਜੁਬਲੀ ਬੁੱਕ (1958, ਸਿੱਖ ਐਜੂਕੇਸ਼ਨਲ ਕਾਨਫਰੰਸ ਅੰਮ੍ਰਿਤਸਰ ਬਾਰੇ), ਸ਼ਹੀਦੀਆਂ(1964, ਪੱਛਮੀ ਪੰਜਾਬ ਦੇ ਸੰਨ 47 ਦੇ ਫਸਾਦਾਂ ਬਾਰੇ), ਸਿੱਖ ਇਤਿਹਾਸ ਦੇ ਵਿਸ਼ੇਸ਼ ਪੱਖ (1995), ਪੰਜਾਬ ਦਾ ਬਟਵਾਰਾ ਅਤੇ ਸਿੱਖ ਨੇਤਾ(1997), ਸਿੱਖਾਂ ਦੇ ਪਾਕਿਸਤਾਨ ਵਿੱਚੋਂ ਨਿਕਲਣ ਦੀ ਗਾਥਾ (2002)।
* ਸੰਪਾਦਨ: ਪਾਕਿਸਤਾਨ ਦੇ ਸਫਰ- ਅਕਾਲੀ ਚੱਕ੍ਰ ਕੌਰ ਸਿੰਘ ਦੀ ਡਾਇਰੀ (1959), ਦਸ ਗੁਰ ਕਥਾ, ਕ੍ਰਿਤ ਕੰਕਨ (1967), ਜਨਮ ਸਾਖੀ ਪਰੰਪਰਾ (1969), ਸਫ਼ਰਨਾਮਾਇ-ਰਣਜੀਤ ਸਿੰਘ (1983, ਦੀਵਾਨ ਅਮਰਨਾਥ ਦੀ ਫਾਰਸੀ ਪੁਸਤਕ ਦੇ ਜਨਕ ਸਿੰਘ ਵਲੋਂ ਕੀਤੇ ਅਨੁਵਾਦ ਦਾ ਸੰਪਾਦਨ), ਪੰਥਕ ਮਤ ੇ(2002)।
* ਸਹਿ-ਅਨੁਵਾਦ: ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ, ਕ੍ਰਿਤ ਸੋਢੀ ਮਿਹਰਬਾਨ (1962, ਭਾਗ ਪਹਿਲਾ, ਸ਼ਮਸ਼ੇਰ ਸਿੰਘ ਅਸ਼ੋਕ) * ਅੰਗਰੇਜ਼ੀ ਪੁਸਤਕਾਂ: ਖੋਜ: ਦ ਆਦਿ ਗ੍ਰੰਥ ਐਜ਼ ਏ ਸੋਰਸ ਆਫ਼ ਹਿਸਟਰੀ (1998)।
* ਜੀਵਨੀ: ਲਾਈਫ ਆਫ਼ ਮਹਾਰਾਜਾ ਆਲਾ ਸਿੰਘ ਆਫ ਪਟਿਆਲਾ ਐਂਡ ਹਿਜ਼ ਟਾਈਮਜ਼ (1954, ਪੰਜਾਬੀ ਅਨੁਵਾਦ ਹਰਿੰਦਰ ਕੌਰ ਵਲੋਂ `ਬਾਬਾ ਆਲਾ ਸਿੰਘ` 2003; ਹਿੰਦੀ ਅਨੁਵਾਦ ਇਸੇ ਨਾਂ ਹੇਠ 2003), ਭਾਈ ਵਸਤੀ ਰਾਮ ਐਂਡ ਭਾਈ ਰਾਮ ਸਿੰਘ (1957)।
     * ਇਤਿਹਾਸ: ਪਾਰਟੀਸ਼ਨ ਆਫ਼ ਪੰਜਾਬ 1947(1972, ਪੰਜਾਬੀ ਅਨੁ. ਲੇਖਕ ਵੱਲੋਂ `ਪੰਜਾਬ ਦਾ ਬਟਵਾਰਾ` ਨਾਂ ਹੇਠ 1973), ਸਿਲੈਕਟ ਡਾਕੂਮੈਂਟਸ ਆਫ਼ ਪਾਰਟੀਸ਼ਨ ਆਫ਼ ਪੰਜਾਬ- ਇੰਡੀਆ ਐਂਡ ਪਾਕਿਸਤਾਨ-1947(1991), ਐਨ ਹਿਸਟੋਰੀਕਲ ਸਟੱਡੀ ਆਫ਼ ਮਹਾਰਾਜਾ ਰਣਜੀਤ ਸਿੰਘ`ਜ਼ ਟਾਈਮਜ਼ (1994), ਪਰਸਪੈਕਟਿਵਜ਼ ਔਨ ਸਿੱਖ ਗੁਰੂਜ਼ (2002)।
* ਏ ਕੈਟਾਲਾਗ ਆਫ ਪਰਸ਼ੀਅਨ ਐਂਡ ਸੰਸਕ੍ਰਿਤ ਮੈਨੂਸਕ੍ਰਿਪਟਸ (1962, ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸੁਰੱਖਿਅਤ), ਏ ਕੈਟਾਲਾਗ ਆਫ਼ ਪੰਜਾਬੀ ਐਂਡ ਉਰਦੂ ਮੈਨੂਸਕ੍ਰਿਪਟ (1963,  ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਸੁਰੱਖਿਅਤ)।
* ਸੰਪਾਦਨਾ: ਹਿਸਟਰੀ ਐਂਡ ਕਲਚਰ ਆਫ਼ ਪੰਜਾਬ (1975)।
* ਸਹਿ ਸੰਪਾਦਨ: ਪੰਜਾਬੀ ਪਾਇਨੀਅਰ ਫਰੀਡਮ ਫਾਈਟਰਜ਼ (1963, ਪ੍ਰੋ. ਐਮ ਐਲ ਆਹਲੂਵਾਲੀਆ ਨਾਲ ਮਿਲ ਕੇ, ਪੰਜਾਬੀ ਅਨੁਵਾਦ ਲੇਖਕ ਵਲੋਂ `ਪੰਜਾਬ ਦੇ ਮੁੱਢਲੇ ਸੁਤੰਤਰਤਾ ਸੰਗਰਾਮੀ` ਨਾਂ ਹੇਠ, 1972), ਐਟਲਸ ਆਫ ਦ ਟ੍ਰੈਵਲਜ਼ ਆਫ ਗੁਰੂ ਨਾਨਕ (1976, ਡਾ. ਫੌਜਾ ਸਿੰਘ ਨਾਲ ਮਿਲ ਕੇ, ਪੰਜਾਬੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ)।
* ਫ਼ਾਰਸੀ ਪੁਸਤਕਾਂ: ਸੰਪਾਦਨ: ਚਾਰ-ਬਾਗੀ-ਪੰਜਾਬ, ਕ੍ਰਿਤ ਗਨੇਸ਼ ਦਾਸ; ਵਡਹਿਰਾ (1965)।
              ਦੇਸ਼-ਵੰਡ ਨਾਲ ਸਬੰਧਤ ਪ੍ਰੋਫੈਸਰ ਕਿਰਪਾਲ ਸਿੰਘ ਦੀ ਇਤਿਹਾਸਕ ਯਾਤਰਾ 1953 ਵਿੱਚ ਸ਼ੁਰੂ ਹੋਈ, ਜਦੋਂ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਯੁਵਾ ਲੈਕਚਰਾਰ ਸੀ।ਇੱਥੇ ਭਾਈ ਵੀਰ ਸਿੰਘ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, “1947 ਦੇ ਦੁਖਾਂਤ ਬਾਰੇ ਮੈਂ ਲਿਖਣਾ ਚਾਹੁੰਦਾ ਹਾਂ।ਪਰ ਬਜ਼ੁਰਗ ਹੋਣ ਕਰਕੇ ਨਹੀਂ ਲਿਖ ਸਕਦਾ, ਤੁਸੀਂ ਇਸ ਬਾਰੇ ਲਿਖੋ।” ਸਿੱਟੇ ਵਜੋਂ ਉਹ ਆਪਣੇ ਸਹਾਇਕ ਨੂੰ ਨਾਲ ਲੈ ਕੇ ਰਿਫ਼ਿਊਜੀ ਕੈਂਪਾਂ ਵਿੱਚ ਗਏ ਤੇ ਸ਼ਰਨਾਰਥੀਆਂ ਦੀਆਂ ਗਾਥਾਵਾਂ ਲਿਖੀਆਂ।ਇਸ ਦੇ ਨਾਲ-ਨਾਲ ਉਹ ਸ਼ਿਮਲੇ ਅਤੇ ਦਿੱਲੀ ਵੀ ਗਏ ਅਤੇ ਦੋ ਸਾਲਾਂ ਤੱਕ ਇਹ ਸਿਲਸਿਲਾ ਚਲਦਾ ਰਿਹਾ।ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਲੈਕਚਰਾਰ ਵਜੋਂ ਕੰਮ ਕਰਦਿਆਂ ਉਨ੍ਹਾਂ ਨੇ ਸਿੱਖ ਇਤਿਹਾਸ ਰਿਸਰਚ ਸਬੰਧੀ ਵਿਲੱਖਣ ਕਾਰਜ਼ ਕੀਤਾ।1962 ਵਿੱਚ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੱਡਾ ਪਰਿਵਰਤਨ ਆਇਆ, ਜਦੋਂ ਉਦੋਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਉਨ੍ਹਾਂ ਨੂੰ ਯੂ.ਕੇ ਜਾ ਕੇ ਪੰਜਾਬ ਨਾਲ ਸਬੰਧਤ ਦਸਤਾਵੇਜ਼ਾਂ ਦੀ ਪਰਖ ਪੜਚੋਲ ਲਈ ਭੇਜਿਆ।ਉਥੇ ਉਨ੍ਹਾਂ ਨੇ ਕਰੀਬ 6 ਮਹੀਨੇ ਬਿਤਾਏ ਅਤੇ ਪੰਜਾਬ ਬਾਊਂਡਰੀ ਕਮਿਸ਼ਨ ਦੇ ਚੇਅਰਮੈਨ ਸਿਰਿਲ ਜਾਨ ਰੈਡਕਲਿਫ, ਗਵਰਨਰ ਆਫ ਵੈਸਟ ਪੰਜਾਬ ਸਰ ਫਰਾਂਸਿਸ ਮੈਡੀ, ਪ੍ਰਧਾਨ ਮੰਤਰੀ ਕਲੇਮੈਂਟ ਐਟਲੀ ਅਤੇ ਮਾਊਂਟ ਬੈਟਨ ਦੇ ਚੀਫ ਆਫ ਸਟਾਫ ਹੇਸਟਿੰਗਜ਼ ਨੂੰ ਇਸ ਸਮੇਂ ਦੌਰਾਨ ਮਿਲੇ।ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ `ਓਰਲ ਹਿਸਟਰੀ ਸੈਲ` ਦੀ ਸਥਾਪਨਾ ਕੀਤੀ।ਉਨ੍ਹਾਂ ਦੀ ਮੁਹਾਰਤ ਅਤੇ ਦਿਲਚਸਪੀ ਦਾ ਮੁੱਖ ਵਿਸ਼ਾ ਸੀ- `ਹਿਸਟਰੀ ਆਫ ਪੰਜਾਬ ਵਿਦ ਸਪੈਸ਼ਲ ਰੈਫਰੈਂਸ ਟੂ ਸਿਖਸ ਐਂਡ ਦੇਅਰ ਰਿਲੀਜਨ`। ਉਹ ਏਸ਼ੀਆਟਿਕ ਸੁਸਾਇਟੀ ਕੋਲਕਾਤਾ ਦੀ ਗਵਰਨਿੰਗ ਕੌਂਸਲ ਦੇ ਸਰਗਰਮ ਮੈਂਬਰ (1992- 97) ਰਹੇ ਅਤੇ ਹਿਸਟਰੀ ਐਂਡ ਆਰਕਿਆਲੋਜੀ ਦੇ ਸਕੱਤਰ (1995-97) ਵੀ ਰਹੇ।
                  ਉਨ੍ਹਾਂ ਦੀਆਂ ਕੁਝ ਹੋਰ ਪੁਸਤਕਾਂ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼: ਇਤਿਹਾਸਕ ਪਰਿਪੇਖ; ਸਿੱਖ ਇਤਿਹਾਸ ਦੇ ਖੋਜ ਨਿਬੰਧ; ਸਿੱਖ ਧਰਮ: ਗੁਰੂ ਸਾਹਿਬਾਨ, ਪਵਿੱਤਰ ਰਚਨਾਵਾਂ ਅਤੇ ਰਚਨਾਕਾਰ ਭਾਗ ਪਹਿਲਾ; ਪੰਜਾਬ ਦਾ ਬਟਵਾਰਾ ਅਤੇ ਸਿੱਖ ਨੇਤਾ; ਸਿੱਖ ਧਰਮ ਗੁਰੂ ਸਾਹਿਬਾਨ, ਪਵਿੱਤਰ ਰਚਨਾਵਾਂ ਅਤੇ ਰਚਨਾਕਾਰ ਭਾਗ ਦੂਜਾ; ਮਹਾਰਾਜਾ ਰਣਜੀਤ ਸਿੰਘ- ਜੀਵਨ ਅਤੇ ਘਾਲਣਾ; ਜਨਮਸਾਖੀ ਪਰੰਪਰਾ: ਇਤਿਹਾਸਕ ਦ੍ਰਿਸ਼ਟੀਕੋਣ ਤੋਂ (ਸਾਰੀਆਂ ਪੰਜਾਬੀ ਪੁਸਤਕਾਂ) ਹਾਰਡਿੰਗ ਪੇਪਰਜ਼ ਰਿਲੇਟਿਡ ਟੂ ਪੰਜਾਬ; ਸ੍ਰੀ ਗੁਰੂ ਗ੍ਰੰਥ ਸਾਹਿਬ ਹਿਸਟੋਰੀਕਲ, ਸੋਸ਼ੀਓ, ਇਕਨਾਮਿਕ ਪਰਸਪੈਕਟਿਵ; ਦ ਮੇਕਰਜ਼ ਆਫ਼ ਮਾਡਰਨ ਪੰਜਾਬ; ਜਨਮ ਸਾਖੀ: ਟਰੈਡੀਸ਼ਨ ਐਂਡ ਐਨਾਲਿਟੀਕਲ ਸਟੱਡੀ (ਸਾਰੀਆਂ ਅੰਗਰੇਜ਼ੀ ਪੁਸਤਕਾਂ) ਸ਼ਾਮਲ ਹਨ।`ਸਿਲਵਰ ਲਾਈਨ ਇਨ ਡਾਰਕ ਕਲਾਊਡਜ਼` ਦੇਸ਼ ਵੰਡ ਨਾਲ ਸਬੰਧਤ ਉਨ੍ਹਾਂ ਦੀ ਇੱਕ ਹੋਰ ਮਹੱਤਵਪੂਰਨ ਪੁਸਤਕ ਹੈ।
               ਸਿੱਖ ਇਤਿਹਾਸਕਾਰੀ ਨਾਲ ਸਬੰਧਤ ਲਿਖਤਾਂ ਦੇ ਇਵਜ਼ ਵਜੋਂ ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਤੇ ਸਨਮਾਨ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਨਮਾਨ (1988), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਇਤਿਹਾਸ ਦੇ ਖੋਜਕਾਰ ਹੋਣ ਵਜੋਂ ਸਨਮਾਨ (1992), `ਹਰੀ ਸਿੰਘ ਨਲਵਾ` ਸੈਮੀਨਾਰ ਉਤੇ ਖਾਲਸਾ ਕਾਲਜ ਕਰਨਾਲ ਵਲੋਂ ਸਨਮਾਨ (1992), 300 ਸਾਲਾ ਖਾਲਸਾ ਜਨਮ ਸ਼ਤਾਬਦੀ ਸਮਾਰੋਹ `ਤੇ ਸਨਮਾਨ (1999), `ਨੈਸ਼ਨਲ ਪ੍ਰੋਫੈਸਰ ਆਫ ਸਿਖਿਜ਼ਮ` ਵਜੋਂ ਸਨਮਾਨ (ਅਕਾਲ ਤਖ਼ਤ, 2014)।
                 ਇਤਿਹਾਸ, ਸਿੱਖ ਇਤਿਹਾਸ ਅਤੇ ਵਿਸ਼ੇਸ਼ ਤੌਰ `ਤੇ ਦੇਸ਼ ਵੰਡ ਨਾਲ ਸਬੰਧਤ ਇਤਿਹਾਸ ਲਿਖਣ ਦੇ ਪ੍ਰਸੰਗ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਦਾ ਨਾਂ ਹਮੇਸ਼ਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।
Nav Sangeet S Talwandi Sabo

 

ਪ੍ਰੋ. ਨਵ ਸੰਗੀਤ ਸਿੰਘ
ਨੇੜੇ ਗਿੱਲਾਂ ਵਾਲਾ ਖੂਹ,
ਤਲਵੰਡੀ ਸਾਬੋ (ਬਠਿੰਡਾ) – 151302
 ਮੋ – 9417692015

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply