ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਟਰੇਨਿੰਗ ਵਰਕਸ਼ਾਪ ਤੀਜੇ ਦਿਨ ਵਿਚ ਦਾਖਲ
ਫਾਜਿਲਕਾ 17 ਸਤੰਬਰ ( ਵਿਨੀਤ ਅਰੋੜਾ ) ਮਹਾਤਮਾ ਗਾਂਧੀ ਸਟੇਟ ਇੰਸਟੀਚਿਉਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਤੇ ਜਿਲ੍ਹਾ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਸਹਿਯੋਗ ਨਾਲ ਲੋਕਾਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਟ੍ਰੇਨਿੰਗ ਦੇਣ ਸਬੰਧੀ ਸਥਾਨਕ ਰਾਮ ਪੈਲੇਸ ਵਿਖੇ 10 ਰੋਜਾ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਮਾਲ ਅਫਸਰ ਸ. ਪਰਮਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਟਰੇਨਿੰਗ ਵਰਕਸ਼ਾਪ ਦੀ ਸ਼ੁਰੂਆਤ 15 ਸਤੰਬਰ ਨੂੰ ਕੀਤੀ ਗਈ ਸੀ ਜੋ ਕਿ 29 ਸਤੰਬਰ ਤੱਕ ਚੱਲੇਗੀ । ਇਸ ਟਰੇਨਿੰਗ ਵਰਕਸ਼ਾਪ ਵਿਚ ਕੁਦਰਤੀ ਆਪਦਾ ਪ੍ਰਬੰਧਨ ਦੇ ਮਾਹਿਰਾਂ ਵੱਲੋਂ ਕੁਦਰਤੀ ਕਰੋਪੀਆਂ ਨਾਲ ਨਜਿੱਠਣ ਸਬੰਧੀ ਵਡਮੁੱਲੀ ਜਾਣਕਾਰੀ ਦਿੱਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਡਿਪਟੀ ਕਮਿਸ਼ਨਰ ਫਾਜ਼ਿਲਕਾ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ਹੈ। ਇਸ ਟ੍ਰੇਨਿੰਗ ਨੂੰ ਮਿਸ ਨਿਧੀ ਬਤਰਾ (ਡੀ.ਆਰ.ਸੀ.ਪੀ.) ਕੋਆਰਡੀਨੇਟ ਕਰ ਰਹੀ ਹੈ। ਸ. ਸਹੋਤਾ ਨੇ ਦੱਸਿਆ ਕਿ ਇਸ ਟ੍ਰੇਨਿੰਗ ਦੇ ਦੋ ਪੜਾਅ ਹਨ, ਪਹਿਲਾ ਪੜਾਅ 10 ਦਿਨਾਂ ਲਈ ਰਾਮ ਪੈਲਸ, ਫਾਜ਼ਿਲਕਾ ਵਿਖੇ ਆਯੋਜਿਤ ਕੀਤਾ ਗਿਆ ਹੈ, ਜਿਸ ਵਿੱਚ 100 ਸਕੂਲਾਂ ਅਤੇ 100 ਪਿੰਡਾਂ ਨੂੰ ਡਿਜ਼ਾਸਟਰ ਸਬੰਧੀ ਟ੍ਰੇਨਿੰਗ ਦੇਣ ਦਾ ਟੀਚਾ ਰੱਖਿਆ ਗਿਆ ਹੈ, ਜੋ ਕਿ ਬਲਜਿੰਦਰ ਸਿੰਘ ਗਰੇਵਾਲ, ਅਮਿਤ ਸੇਤੀਆ, ਗੁਰਮੀਤ ਸਿੰਘ ਸੇਖੋਂ ਅਤੇ ਗੁਰਿੰਦਰਜੀਤ ਸਿੰਘ, ਮਾਸਟਰ ਟ੍ਰੇਨਰਜ਼ ਵੱਲੋਂ ਦਿੱਤੀ ਜਾ ਰਹੀ ਹੈ। ਇਸ ਟ੍ਰੇਨਿੰਗ ਵਿੱਚ ਵੱਖ-ਵੱਖ ਸਕੂਲਾਂ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੂੰ ਕੁਦਰਤੀ ਅਤੇ ਮਨੁੱਖੀ ਆਫਤਾਂ ਨੂੰ ਸੁਚੱਜੇ ਢੰਗ ਨਾਲ ਨਜਿੱਠਣ ਲਈ ਅਤੇ ਅਗਾਉਂ ਤਿਆਰੀ ਕਰਨ ਲਈ ਭਰਪੂਰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਟ੍ਰੇਨਿੰਗ ਵਿੱਚ ਲੋਕਾਂ ਨੂੰ ਮੁਢਲੀ ਸਹਾਇਤਾ, ਬਨਾਵਟੀ ਸਾਹ ਦੇਣਾ, ਅੱਗ, ਭੁਚਾਲ, ਹੜ੍ਹ ਵਰਗੀਆਂ ਆਫਤਾਂ ਨਾਲ ਨਜਿੱਠਣ ਲਈ ਅਪਣਾਏ ਜਾਣ ਵਾਲੇ ਤਰੀਕਿਆਂ ਬਾਰੇ, ਇਸ ਤੋਂ ਇਲਾਵਾ ਰੋਜ ਮਰਾ ਵਿੱਚ ਹੋਣ ਵਾਲੇ ਸੜਕੀ ਹਾਦਸੇ ਅਤੇ ਘਰੇਲੂ ਹਾਦਸਿਆਂ ਤੋਂ ਬਚਣ ਲਈ ਜਾਣਕਾਰੀ ਦਿੱਤੀ ਜਾਂਦੀ ਹੈ।