ਪਿਛਲੇ 5 ਸਾਲਾਂ ਦੀ ਕਾਰਗੁਜ਼ਾਰੀ ਸਦਕਾ ਹਾਸਲ ਕੀਤਾ ਖ਼ਿਤਾਬ – ਡਾ. ਮਹਿਲ ਸਿੰਘ
ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ) ਵਲੋਂ ‘ਖ਼ੁਦ-ਮੁਖ਼ਤਿਆਰ ਰੁਤਬਾ’ ਮੁੜ ਸੰਨ 2024 ਤੱਕ ਹਾਸਲ ਕਰਨ ’ਚ ਕਾਮਯਾਬੀ ਪ੍ਰਾਪਤ ਕੀਤੀ ਹੈ।5 ਸਾਲ ਦੇ ਇਸ ਵਾਧੇ ਕਾਰਨ ਅਦਾਰਾ ਜਿਸ ਨੂੰ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਹ ਖ਼ਿਤਾਬ ਹਾਸਲ ਕਰਨ ਵਾਲੇ ਪਹਿਲੇ ਕਾਲਜ ਵਜੋਂ ਮਾਣ ਪ੍ਰਾਪਤ ਹੈ, ਨੂੰ ਆਪਣੇ ਨਵੇਂ ਕੋਰਸਾਂ ਦੀ ਸ਼ੁਰੂਆਤ ਕਰਨ ਅਤੇ ਅਕਾਦਮਿਕ ਅਤੇ ਵਿੱਤੀ ਖ਼ੇਤਰ ’ਚ ਅਹਿਮ ਯੋਗਦਾਨ ਪਾਉਣ ਲਈ ਸੁਤੰਤਰਤਾ ਦਾ ਹੱਕ ਹੋਵੇਗਾ।
ਖ਼ਾਲਸਾ ਕਾਲਜ ਨੂੰ ਪਹਿਲਾਂ 2014 ਤੋਂ 19 ਤੱਕ ਖੁਦਮੁਖਤਿਆਰ ਦਰਜਾ ਮਿਲਿਆ ਸੀ। ਇਸ ਖੁਦਮੁਖਤਿਆਰੀ ਦੌਰਾਨ ਕੀਤੀ ਗਈ ਕਾਰਗੁਜ਼ਾਰੀ ਦੇ ਮੱਦੇਨਜ਼ਰ ਕਾਲਜ ਨੂੰ ਅੱਗੇ 2024 ਤੱਕ ਮੁੜ ਖੁਦਮੁਖਿਤਆਰ ਦਰਜ਼ਾ ਹਾਸਲ ਹੋਇਆ ਹੈ। ਸੱਭਿਆਚਾਰਕ, ਖੇਡਾਂ, ਪਲੇਸਮੈਂਟ, ਖੇਤੀਬਾੜੀ, ਕਿੱਤਾਮੁੱਖੀ ਕੋਰਸਾਂ, ਸ਼ਾਨਦਾਰ ਹੋਸਟਲਾਂ, ਮਜ਼ਬੂਤ ਵਿੱਦਿਅਕ ਪ੍ਰਣਾਲੀ, ਅਨੁਸ਼ਾਸ਼ਨ ਆਦਿ ਸਦਕਾ ਵਧੇਰੇਤਰ ਨੌਜਵਾਨਾਂ ਵੱਲੋਂ ਖ਼ਾਲਸਾ ਕਾਲਜ ’ਚ ਦਾਖਲੇ ਸਬੰਧੀ ਪਹਿਲ ਦਿੱਤੀ ਜਾਂਦੀ ਹੈ ਅਤੇ ਸਾਲ 2019-20 ਦੀ ਐਡਮਿਸ਼ਨ ਲਈ ਵੱਡੀ ਗਿਣਤੀ ’ਚ ਨੌਜਵਾਨ ਪਹੁੰਚ ਕਰ ਰਹੇ ਹਨ।
ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਅਪ੍ਰੈਲ 2019 ’ਚ ਭੇਜੀ ਗਈ 5 ਮੈਂਬਰੀ ਕਮੇਟੀ ਨੇ ਕਾਲਜ ਦਾ ਪਿਛਲੇ 5 ਸਾਲਾਂ ਦੇ ਰਿਕਾਰਡ ਦਾ ਪੂਰਾ ਲੇਖਾ-ਜੋਖਾ ਕੀਤਾ ਸੀ। ਇਸ ਉਪਰੰਤ ਕਾਲਜ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਕੁਆਲਿਟੀ ਐਜੂਕੇਸ਼ਨ ਦੇ ਮੱਦੇਨਜ਼ਰ ਕਾਲਜ ਨੂੰ ਯੂ.ਜੀ.ਸੀ. ਵੱਲ੍ਹੋਂ ਆਏ ਪੱਤਰ ਮੁਤਾਬਕ ਪ੍ਰਸ਼ੰਨਤਾ ਸਹਿਤ ਖੁਦਮੁਖਤਿਆਰੀ ਦਾ ਦਰਜ਼ਾ ਦਿੱਤਾ ਗਿਆ ਹੈ।ਇਹ ਇਸ ਇਤਿਹਾਸਕ ਕਾਲਜ ਲਈ ਬਹੁਤ ਗੌਰਵਮਈ ਗੱਲ ਹੈ।ਉਨ੍ਹਾਂ ਕਿਹਾ ਕਿ 126 ਸਾਲਾ ਵਕਫ਼ੇ ਦੌਰਾਨ ਕਾਲਜ ਨੇ ਵਿੱਦਿਅਕ ਖ਼ੇਤਰ ਤੋਂ ਇਲਾਵਾ ਹੋਰਨਾਂ ਸਰਗਰਮੀਆਂ ’ਚ ਨਾਮਣਾ ਖੱਟ ਕੇ ਦੇਸ਼ ਅਤੇ ਵਿਦੇਸ਼ ’ਚ ਕਾਲਜ ਦੇ ਵਿਦਿਆਰਥੀਆਂ ਨੇ ਆਪਣਾ ਸਿੱਕਾ ਜਮਾ ਕੇ ਅਲੱਗ ਪਛਾਣ ਸਥਾਪਿਤ ਕੀਤੀ ਹੈ।
ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ, ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ, ਦੇਖ-ਰੇਖ ਅਤੇ ਸਮੁੱਚੇ ਸਟਾਫ਼ ਦੀ ਮਿਹਨਤ ਸਦਕਾ ਅਕਾਦਮਿਕ ਦੇ ਨਾਲ-ਨਾਲ ਸਪੋਰਟਸ ਤੇ ਕਲਚਰਲ ਖੇਤਰ ’ਚ ਵੀ ਅਨੇਕਾਂ ਪ੍ਰਾਪਤੀਆਂ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਕਾਲਜ ਨੇ ਕਈ ਨਵੇਂ ਕੋਰਸ, ਨਵੀਆਂ ਇਮਾਰਤਾਂ ਅਤੇ ਸਾਜੋ-ਸਾਮਾਨ ਸਬੰਧੀ ਇਤਿਹਾਸ ਸਿਰਜਿਆ ਹੈ।ਅਜੇਹਾ ਸਾਰਾ ਕੁੱਝ ਮਜੀਠੀਆ ਤੇ ਛੀਨਾ ਦੀ ੳੱੱਚੀ-ਸੁੱਚੀ ਤੇ ਸਮਰਪਿਤ ਭਾਵਨਾ ਵਾਲੀ ਸੋਚ ਸਦਕਾ ਹੋਇਆ ਹੈ। ਇਸ ਕਾਲਜ ਦਾ ਖੁਦਮੁਖਤਿਆਰ ਕਾਲਜ ਹੋਣ ਦੇ ਨਾਤੇ ਆਪਣਾ ਕੁਸ਼ਲ ਤੇ ਡਿਸਪਲਨਡ ਇਮਤਿਹਾਨੀ ਵਿੰਗ ਹੈ, ਜਿਥੇ ਕਿ ਪਿਛਲੇ 6 ਸਾਲਾਂ ’ਚ ਕਿਸੇ ਵਿਦਿਆਰਥੀ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਹੋਈ।ਡਾ. ਮਹਿਲ ਸਿੰਘ ਨੇ ਖੁਦਮੁਖਤਿਆਰ ਸਟੇਟਸ ਮੁੜ ਹਾਸਲ ਹੋਣ ’ਤੇ ਸਮੁੱਚੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …