Friday, October 18, 2024

ਮੇਰਾ ਸਨਮਾਨ (ਕਹਾਣੀ)

       “ਭਾਗਵਾਨੇ, ਅੱਜ ਚਿੱਟੀ ਸ਼ਰਟ, ਲਾਲ ਟਾਈ ਤੇ ਗਰੇਅ ਰੰਗ ਦੀ ਪੈਂਟ ਪ੍ਰੈਸ ਕਰ ਦੇਈਂ।ਜ਼ਿਲ੍ਹਾ ਪੱਧਰ ‘ਤੇ ਸਨਮਾਨਿਤ ਕੀਤਾ ਜਾਣਾ ਏ ਮੈਨੂੰ।ਸੌ ਫੀਸਦੀ ਨਤੀਜੇ ਆਉਣ ‘ਤੇ ਮੇਰਾ ਸਨਮਾਨ ਰੱਖਿਆ”।ਖੁਸ਼ੀ ‘ਚ ਲੁੱਡੀਆਂ ਪੌਂਦੇ ਮਾਸਟਰ ਪੀਟਰ ਨੇ ਆਪਣੀ ਪਤਨੀ ਨਸੀਬੋ ਨੂੰ ਕਿਹਾ।ਵੈਸੇ ਨਸੀਬੋ ਮਜ਼ਾਕ ਮਜ਼ਾਕ ‘ਚ ਗੱਲ ਵੀ ਬੜੀ ਖ਼ਰੀ ਕਰ ਜਾਂਦੀ ਸੀ।ਜਿਆਦਾ ਪੜ੍ਹੀ-ਲਿਖੀ ਹੋਣ ਕਰਕੇ ਪੀਟਰ ਦੀ ਹਰ ਗੱਲ ‘ਚ ਸਿੰਗ ਫਸਾ ਲੈਂਦੀ ਸੀ।ਝੱਟ ਦੇਣੀ ਕਹਿੰਦੀ, “ਵੈਸੇ ਗੁੱਸਾ ਨਾ ਕਰਿਓ।ਆਹ ਮਾਸਟਰ ਗੁਆਂਢੀ ਖੜਕ ਸਿੰਘ ਨੂੰ ਜਦੋਂ ਪੰਜਾਬ ਸਰਕਾਰ ਨੇ ਵੱਡਾ ਸਨਮਾਨ ਦਿੱਤਾ ਸੀ, ਤਾਂ ਤੁਸੀਂ ਤਾਂ ਕਿਹਾ ਸੀ ਕਿ ਸਰਕਾਰ ਐਂਵੇਂ ਜੁਗਾੜੂ ਜਿਹਿਆਂ ਨੂੰ ਈ ਐਵਾਰਡ ਦੇ ਜਾਂਦੀ ਏ…ਨੈਸ਼ਨਲ ਐਵਾਰਡ ਮਿਲਣ ‘ਤੇ ਵੀ ਪੂਰਾ ਮਹੀਨਾ ਤੁਸੀਂ ਕੁੜਦੇ ਰਏ ਕਿ ਉਹ ਸਿਆਸੀ ਪਹੁੰਚ ਵਾਲਾ ਮਾਸਟਰ ਏ, ਤਾਂ ਮਿਲਿਆ।ਤੇ ਅੱਜ ਭਲਾ ਕਿਹੜਾ ਸਰਕਾਰ ਨੇ ਤੁਹਾਨੂੰ ਇਨਸਾਫ਼ ਦੇ ਤੱਕੜੇ ‘ਚ ਤੋਲ ਕੇ ਸਨਮਾਨ ਦੇਣਾ? ਅੱਡੀ ਵੀ ਧਰਤੀ ਨਾਲ ਨਈਂ ਲੱਗਦੀ ਤੁਹਾਡੀ ਅੱਜ”।
              “ਨਸੀਬੋ, ਤੈਨੂੰ ਪਤਾ ਕਿ ਜ਼ਿਲ੍ਹਾ ਪੱਧਰ ‘ਤੇ ਕਿਸੇ ਐਰੇ ਗੈਰੇ ਨੂੰ ਸਨਮਾਨ ਨਈਂ ਮਿਲਦਾ।ਬੜੀ ਮੁਸ਼ੱਕਤ ਕੀਤੀ ਏ ਆਪਾਂ ਪੜ੍ਹਾਉਣ ਵਿੱਚ।ਨਾਲੇ ਇਹ ਸਨਮਾਨ ਕੋਈ ਛੋਟਾ ਸਨਮਾਨ ਥੋੜੀ੍ਹ।” ਕਹਿ ਕੇ ਪੀਟਰ ਪੂਰਾ ਸੱਜ-ਫ਼ੱਬ ਕੇ ਤਿਆਰ ਹੋਣ ਉਪਰੰਤ ਆਪਣੀ ਕਾਰ ‘ਤੇ ਸਕੂਲ ਪਹੁੰਚ ਜਾਂਦਾ ਹੈ।
                ਮਾਸਟਰ ਦੀਪਕ ਨੇ ਜਦੋਂ ਪੀਟਰ ਨੂੰ ਸਕੂਲ ਅੰਦਰ ਆਉਂਦਿਆਂ ਦੇਖਿਆ, ਤਾਂ ਉਹ ਵੇਖ ਕੇ ਹੀ ਹੈਰਾਨ ਰਹਿ ਗਿਆ।ਪੀਟਰ ਦੇ ਨੇੜੇ ਆਉਂਦਿਆਂ ਹੀ ਉਹ ਹੱਕਾ ਬੱਕਾ ਹੋ ਕੇ ਕਹਿੰਦਾ, “ਗਰਮੀਂ ‘ਚ ਈ ਬੜੀ ਟਾਈ ਕੱਸੀ ਏ ਪੀਟਰ।ਲੱਗਦਾ ਕਿਸੇ ਵਿਆਹ ਜਾਣਾ…ਅੱਗੋਂ ਪਿੱਛੋਂ ਮੋਟਰਸਾਈਕਲ ,‘ਤੇ ਅੱਜ ਕਾਰ ‘ਤੇ ਕਿੱਧਰੋਂ ਆਉਣੇ ਹੋਏ?… “ਬੱਸ ਯਾਰ” ਅਜੇ ਪੀਟਰ ਜਵਾਬ ਦੇਣ ਹੀ ਲੱਗਾ ਸੀ ਕਿ ਦੀਪਕ ਫਿਰ ਅੱਗੋਂ ਬੋਲ ਪਿਆ, “ਉਹੋ ਯਾਦ ਆ ਗਿਆ…ਯਾਰ, ਅੱਜ ਤਾਂ ਸਨਮਾਨਿਤ ਕੀਤਾ ਜਾਣਾ ਤੈਨੂੰ!”
          “ਆਹੋ ਯਾਰ, ਜ਼ਿਲ੍ਹਾ ਪੱਧਰ ਦਾ ਸਨਮਾਨ ਕੋਈ ਛੋਟਾ ਸਨਮਾਨ ਥੋੜ੍ਹੀ ਹੁੰਦਾ? ਤਿਆਰੀ ਤਾਂ ਫਿਰ ਕੱਸਣੀ ਈ ਸੀ!…ਵੈਸੇ ਦੀਪਕ ਬਹੁਤਾ ਸੜਿਆ ਨਾ ਕਰ!” ਮਜ਼ਾਕ ‘ਚ ਪੀਟਰ ਨੇ ਦੀਪਕ ਨੂੰ ਕਿਹਾ।
           “…ਗੁੱਸਾ ਨਾ ਕਰੀਂ ਮਿੱਤਰਾ! ਅੱਗੇ ਤਾਂ ਇਹੀ ਕਹਿੰਦਾ ਰਿਆਂ ਤੂੰ ਕਿ ‘ਮਾਨ ਸਨਮਾਨ ਤਾਂ ਜੁਗਾੜੂ ਲੋਕਾਂ ਦੀ ਗੇਮ ਹੁੰਦੀ’, ਪਰ ਅੱਜ ਬਣ ਕੇ ਬੜਾ ‘ਟੀਟੀ ਬੀਟੀ ਆਇਆਂ’। ਮੇਰਾ ਮਤਲਬ ਟੌਹਰ ਬੜੀ ਕੱਢੀ ਆ! …ਚੱਲ ਇਹ ਦੱਸ ਪਾਰਟੀ ਫਿਰ ਕਦੋਂ ਕਰਨੀਂ?” ਦੀਪਕ ਦੇ ਇਹ ਬੋਲ ਸੁਣ ਕੇ ਪੀਟਰ ਵੀ ਬੜੇ ਮਾਣ ਨਾਲ ਕਹਿੰਦਾ, “ਟੀਟੀ ਬੀਟੀ ਤਾਂ ਬਣਨਾ ਈ ਸੀ।ਸਿਆਣਿਆ ਸੱਚ ਹੀ ਕਿਹਾ ਕਿ ‘ਇਨਾਮ ਦੀ ਤਾਂ ਚਪੇੜ ਹੀ ਬੜੀ ਹੁੰਦੀ’, ਇਹ ਤਾਂ ਫਿਰ ਜ਼ਿਲਾ੍ਹ ਪੱਧਰ ਦਾ ਸਨਮਾਨ ਆ।ਤੂੰ ਚਿੰਤਾ ਨਾ ਕਰ…ਸ਼ਾਮ ਨੂੰ ਪਾਰਟੀ ਨਈਂ, ਜਸ਼ਨ ਹੋਊ ਜਸ਼ਨ।”
                 ਗੱਲਬਾਤ ਚੱਲ ਹੀ ਰਹੀ ਸੀ ਕਿ ਮਾਸਟਰ ਸ਼ਿੰਗਾਰਾ ਸਿੰਘ ਵੀ ਆਣ ਟਪਕਿਆ।“ਅੱਜ ਤਾਂ ਫਿਰ ਸਨਮਾਨ ਏ ਭਰਾ ਦਾ।ਢੇਰ ਸਾਰੀਆਂ ਮੁਬਾਰਕਾਂ! ਭਾਬੀ ਵੀ ਮਾਣਮੱਤੀ ਹੋਈ ਫਿਰਦੀ ਹੁਣੀਂ ਆ ਅੱਜ”। ਸ਼ਿੰਗਾਰਾ ਸਿੰਘ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ।“ਭਾਬੀ ਤੇਰੀ ਤਾਂ ਬਾਗੋ ਬਾਗ ਸੀ।ਕਹਿੰਦੀ ਪਿਛਲੇ ਜਨਮਾਂ ‘ਚ ਕੋਈ ਨੇਕ ਕਰਮ ਕੀਤੇ ਹੋਣੇ, ਜਿਹੜਾ ਇਹ ਸਨਮਾਨ ਤੁਹਾਨੂੰ ਮਿਲ ਰਿਆ”।ਥੋੜ੍ਹੀ ਫ਼ੁਕਰੀ ਮਾਰਦਿਆਂ ਪੀਟਰ ਨੇ ਸ਼ਿੰਗਾਰਾ ਸਿੰਘ ਨੂੰ ਜਵਾਬ ਦਿੱਤਾ।
             “ਚਲੋ ਫਿਰ ਸਾਰੇ ਮੇਰੇ ਨਾਲ ਹੁਣ ਬਰਨਾਲੇ! ਆਖਰ ਮੇਰਾ ਸਨਮਾਨ ਹੋਣਾ! ਆਉਣ ਜਾਣ ਦਾ ਖਰਚਾ ਵੀ ਮੇਰਾ,ਕਾਰ ਵੀ ਮੇਰੀ ਤੇ ਚਾਹ-ਪਾਣੀ ਵੀ ਮੇਰਾ”। ਪੀਟਰ ਦਾ ਇਹ ਬੋਲ ਸੁਣ ਕੇ ਸਾਥੀ ਖੁਸ਼ੀ ਖੁਸ਼ੀ ਵਿਚ ਮਜ਼ਾਕ ਕਰਦੇ ਨਾਲ ਤੁਰ ਪਏ।
             ਵੈਸੇ ਸ਼ਿੰਗਾਰ ਸਿੰਘ ਵੀ ਮਜ਼ਾਕੀਆ ਸੁਭਾਅ ਦਾ ਮਾਲਕ ਏ।ਕਹਿੰਦਾ, “ਪੀਟਰ, ਅੱਜ ਦਲੇਰੀ ਬਾਹਲ਼ੀ ਕਰ ਲਈ ਤੂੰ। ਕੰਜੂਸੀ ਦੀ ਹੱਦ ਤਾਂ ਤੇਰੀ ਵੇਖੀ ਈ ਸੀ।ਚਾਹ ਦਾ ਕੱਪ ਵੀ ਕਦੇ ਪਿਆਉਣ ਲਈ ਰਾਜ਼ੀ ਨਈਂ ਹੁੰਦਾ ਸੈਂ ਪਹਿਲਾਂ!ਪਰ ਅੱਜ ਤੇਰੇ ਸਨਮਾਨ ਨੇ ਤੈਨੂੰ ਦਰਿਆ ਦਿਲ ਵੀ ਬਣਾ ਦਿੱਤਾ…ਅਖੇ ਆਉਣ ਜਾਣ ਦਾ ਸਾਰਾ ਖ਼ਰਚਾ ਵੀ ਮੇਰਾ, ਕਾਰ ਵੀ ਮੇਰੀ ਤੇ ਚਾਹ-ਪਾਣੀ ਵੀ ਮੇਰਾ।”।
                ਮਿੱਤਰਾਂ ਨਾਲ ਪੀਟਰ ਸਕੂਲੋਂ ਆਪਣੀ ਕਾਰ ‘ਤੇ ਸਨਮਾਨ ਲੈਣ ਲਈ ਰਵਾਨਾ ਹੁੰਦਾ ਹੈ।ਮਿੱਤਰਾਂ ਨਾਲ ਬਾਗ਼ੋ-ਬਾਗ਼ ਸੀ ਉਹ।ਹਾਸਾ ਉਸ ਵੇਲੇ ਮਚ ਗਿਆ, ਜਦ ਮਾਸਟਰ ਅਮਰਜੀਤ ਕਹਿੰਦਾ, “ਭਰਾਵਾ,ਕਾਰ ਹੌਲੀ ਚਲਾ…ਸੌ ਦੀ ਸਪੀਡ ਫ਼ੜੀ ਓ…ਮੈਨੂੰ ਕਿਉਂ ਲੱਗੇ ਜੇ ਮਾਰਨ ਨਾਲ ਆਪਣੇ?…ਮੇਰਾ ਤਾਂ ਅਜੇ ਵਿਆਹ ਵੀ ਨਈਂ ਹੋਇਆ!” ਏਨੇ ਨੂੰ ਸ਼ਿੰਗਾਰਾ ਸਿੰਘ ਵੀ ਬੋਲ ਪਿਆ, “ਨਾ ਵਿਆਹਿਆਂ ਨੇ ਕਿਹੜੇ ਬੀਮੇ ਕਰਵਾਏ ?…ਸਾਡੇ ਵਾਂਗ ਤੂੰ ਵੀ ‘ਰੱਬ ਰੱਬ’ ਕਰੀ ਜਾ! ਵੈਸੇ ਮਜ਼ਾਕ ਨਾਲ ਮਜ਼ਾਕ ਰਿਆ। ਪੀਟਰ, ਗੱਡੀ ਹੌਲ਼ੀ ਚਲਾ…ਐਵੇਂ ਤੇਰਾ ਸਨਮਾਨ ਲੈਂਦੇ ਲੈਂਦੇ ਕੋਈ ਹੋਰ ਵਕਤ ਈ ਨਾ ਪਾ ਲਈਏ?”
              ਸਾਥੀਆਂ ਸਮੇਤ ਪੂਰੀ ਸ਼ਾਨੋ-ਸ਼ੌਕਤ ਨਾਲ ਪੀਟਰ ਸਨਮਾਨ ਵਾਲੀ ਥਾਂ ਪਹੁੰਚਿਆ।ਸਨਮਾਨ ਸਮਾਰੋਹ ਚੱਲ ਰਿਹਾ ਸੀ।ਉੱਥੇ ਜਾ ਕੇ ਪਤਾ ਚੱਲਿਆ ਕਿ ਸੈਂਕੜੇ ਅਧਿਆਪਕ ਜ਼ਿਲਾ੍ ਪੱਧਰ ਦਾ ਇਹ ਸਨਮਾਨ ਲੈਣ ਲਈ ਪਹੁੰਚੇ ਸਨ।

         ਹੈਰਾਨੀ ਦੀ ਹੱਦ ਉਦੋਂ ਹੋਰ ਵੀ ਵਧ ਗਈ, ਜਦੋਂ ਇਸ ਸਨਮਾਨ ਸਮਾਰੋਹ ਦਾ ਮੁੱਖ ਮਹਿਮਾਨ ਉਹੀ ਖੜਕ ਸਿੰਘ ਸੀ, ਜੋ ਪੀਟਰ ਦਾ ਗੁਆਂਢੀ ਸੀ।ਪ੍ਰਵੀਨ ਵੀ ਹੈਰਾਨੀ ਪ੍ਰਗਟ ਕਰਦਿਆਂ ਕਹਿਣ ਲੱਗਾ, “ਪੀਟਰ, ਇਹ ਤਾਂ ਉਹੀ ਖੜਕ ਸਿੰਘ ਏ, ਜਿਸ ਨੂੰ ਸੈਂਕੜਿਆਂ ਦੀ ਤੱਦਾਦ ‘ਚ ਦੇਸ਼ ਦੀਆਂ ਸਰਕਾਰਾਂ ਵੱਲੋਂ ਵੱਡੇ ਵੱਡੇ ਸਨਮਾਨ ਮਿਲ ਚੁੱਕੇ ਨੇ।…ਪਰ ਪੀਟਰ, ਤੂੰ ਤਾਂ ਏਨੂੰ ਹਮੇਸ਼ਾਂ ਜੁਗਾੜੂ ਕਹਿ ਕੇ ਈ ਭੰਡਦਾ ਰਿਹਾਂ ਏਂ। ਇਹ ਤਾਂ ਅੱਜ ਸਾਰੇ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਸਨਮਾਨਿਤ ਕਰ ਰਿਹਾ ਏ।ਆ ਚੱਲੀਏ ਵਾਪਿਸ ਹੁਣ…”।
           “ਨਹੀਂ ਨਹੀਂ”-ਪੀਟਰ ਨੇ ਜਵਾਬ ਦਿੱਤਾ।“ਸਨਮਾਨ ਤਾਂ ਸਨਮਾਨ ਹੁੰਦਾ, ਵਾਪਿਸ ਕਿਉਂ ਚੱਲੀਏ? ਮੇਰੀ ਜ਼ਿੰਦਗੀ ਦਾ ਪਹਿਲਾ ਵੱਡਾ ਸਨਮਾਨ ਏ ਇਹ ! ਅਖੇ, ਵਾਪਿਸ ਚੱਲੀਏ ! ਭਲਿਆ ਸਨਮਾਨ ਥੋੜੀ੍ ਛੱਡੀਦੇ!”
              ਮੰਚ ਤੋਂ ਆਵਾਜ਼ ਆਈ, “ਹੋਣਹਾਰ ਅਧਿਆਪਕ ਪੀਟਰ ਜੀ ਵੀ ਆਪਣਾ ਸਨਮਾਨ ਪ੍ਰਾਪਤ ਕਰਨ”।ਮਾਣਮੱਤੀ ਤੋਰ ਨਾਲ ਪੀਟਰ ਮੰਚ ਵੱਲ ਵਧਿਆ।ਪੀਟਰ ਨੂੰ ਸਨਮਾਨਿਤ ਕਰਦਿਆਂ ਮੁੱਖ ਮਹਿਮਾਨ ਖੜਕ ਸਿੰਘ ਨੇ ਕਿਹਾ, “ਪੀਟਰ ਜੀ, ਇਹ ਸਨਮਾਨ ਤੁਹਾਡੀ ਅਣਥੱਕ ਮਿਹਨਤ ਦਾ ਸਨਮਾਨ ਏ। ਵੱਡੀਆਂ ਮੰਜ਼ਿਲਾਂ ਸਰ ਕਰਨ ਲਈ ਪਹਿਲਾ ਕਦਮ ਵੀ ਬਹੁਤ ਮਹਾਨ ਹੁੰਦਾ। ਇਸੇ ਤਰਾਂ ਹੀ ਦਿਨ ਰਾਤ ਇੱਕ ਕਰਕੇ ਸਮਾਜ ਦੀ ਸੇਵਾ ਕਰਦੇ ਰਿਓ…ਇਹ ਪਹਿਲਾ ਕਦਮ ਇੱਕ ਦਿਨ ਜ਼ਰੂਰ ਤੁਹਾਨੂੰ ਰਾਸ਼ਟਰਪਤੀ ਭਵਨ ਤਕ ਵੀ ਲੈ ਕੇ ਜਾਵੇਗਾ !”
              ਸਨਮਾਨ ਪ੍ਰਾਪਤ ਕਰਨ ਉਪਰੰਤ ਪੀਟਰ ਆਪਣੇ ਸਾਥੀ ਅਧਿਆਪਕਾਂ ਨਾਲ ਵਾਪਿਸ ਆਉਂਦਾ ਹੈ। ਨੇੜੇ ਸ਼ਹਿਰ ਦੇ ਇੱਕ ਆਲੀਸ਼ਾਨ ਹੋਟਲ ਵਿੱਚ ਸਨਮਾਨ ਦੇ ਚਾਅ ਵਿੱਚ ਪਾਰਟੀ ਕਾਹਦੀ, ਪੂਰਾ ਜਸ਼ਨ ਹੁੰਦਾ ਹੈ, ਜਸ਼ਨ ! ਸਾਰੇ ਸਾਥੀ ਦੋਸਤ ਇਸ ਖੁਸ਼ੀ ਨੂੰ ਮਾਣ ਰਹੇ ਹੁੰਦੇ ਨੇ।
              ਸੋਚਾਂ ‘ਚ ਗੁਆਚੇ ਪੀਟਰ ਨੂੰ ਹਲੂਣਦਿਆਂ ਸ਼ਿੰਗਾਰਾ ਸਿੰਘ ਨੇ ਕਿਹਾ, “ਪੀਟਰ, ਬਾਹਲ਼ਾ ਈ ਸੋਚਾਂ ‘ਚ ਪੈ ਗਿਆ ਤੂੰ ! ਤੇਰੇ ਨਾਲ ਮੇਰਾ ਪੱਕਾ ਵਾਅਦਾ ਈ…ਜਿਸ ਦਿਨ ਤੂੰ ਖੜਕ ਸਿੰਘ ਵਰਗਾ ਬਣ ਕੇ ਮੇਰੇ ਸੂਬੇ ਦੀ ਸਰਕਾਰ ਪਾਸੋਂ ਵੱਡਾ ਕੋਈ ਸਨਮਾਨ ਪ੍ਰਾਪਤ ਕਰੇਂਗਾ ਨਾ, ਉਸ ਦਿਨ ਤੇਰੇ ਸਨਮਾਨ ਦੀ ਖੁਸ਼ੀ ਦਾ ਜਸ਼ਨ ਵੀ ਸਾਰਾ ਮੇਰੇ ਵੱਲੋਂ ਈ ਹੋਏਗਾ। ਮਿੱਤਰ ਭਾਵੇਂ ਸੈਂਕੜੇ ਸੱਦ ਲਈਂ…ਤੇ ਨਾਲੇ ਫ਼ਿਕਰ ਨਾ ਕਰੀਂ…ਸਾਰਾ ਖ਼ਰਚਾ ਵੀ ਮੇਰਾ !!! ਦੋਸਤ ਸਾਥੀਆਂ ਨੇ ਜ਼ੋਰਦਾਰ ਤਾੜੀਆਂ ਵਿਚ ਸ਼ਿੰਗਾਰਾ ਸਿੰਘ ਦੀ ਇਸ ਗੱਲ ਦਾ ਸਵਾਗਤ ਕੀਤਾ।
           ਨੇੜੇ ਬੈਠਾ ਅਮਰਜੀਤ ਵੀ ਬੋਲਣੋ ਨਾ ਰਿਹਾ। ਅਖੇ “ਜਦੋਂ ਅਸੀਂ ਤੇਜ਼ੀ ਨਾਲ ਕਾਰ ਵਿੱਚ ਸਨਮਾਨ ਲੈਣ ਲਈ ਆ ਰਹੇ ਸਾਂ ਨਾ, ’ਤੇ ਅੱਗੇ ਜਾਂਦੇ ਇੱਕ ਟਰੱਕ ਦੇ ਪਿੱਛੇ ਲਿਖਿਆ ਸੀ ‘ਸੜ ਨਾ, ਰੀਸ ਕਰ’…ਵੈਸੇ ਚੰਗੇ ਬੰਦੇ ਦੀ ਰੀਸ ਕਰਨ ‘ਚ ਜਾਂਦਾ ਵੀ ਕੀ ਏ ? ਕਿਸੇ ਦਾ ਫ਼ਾਲੋਵਰ ਵੀ ਬਣਨਾ ‘ਤੇ ਉਹਦੇ ਨਾਲ ਈਰਖਾ ਵੀ ਕਰਨੀਂ…ਇੱਕ ਮਿਆਨ ‘ਚ ਦੋ ਤਲਵਾਰਾਂ ਟਿਕਦੀਆਂ ਨਈਂ!”
                “ਅਮਰਜੀਤ, ਭਾਵੇਂ ਹੈ ਤੂੰ ਕੁਆਰਾ ਅਜੇ, ਪਰ ਗੱਲ ਬੜੇ ਪਤੇ ਦੀ ਕਰ ਜਾਨਾਂ” ਆਪਣੇ ਸਾਥੀ ਦੀ ਕਹੀ ਇਸ ਗੱਲ ਨਾਲ ਹਾਮੀਂ ਭਰਦੇ ਹੋਏ ਹਾਸਾ ਠੱਠਾ ਕਰ ਰਹੇ ਸਨ ਕਿ ਪੀਟਰ ਉਹਨਾਂ ਦੀਆਂ ਗੱਲਾਂ ਨੂੰ ਗਹਿਰਾਈ ਨਾਲ ਸੋਚਦਾ ਹੋਇਆ ਪਾਰਟੀ ‘ਚੋਂ ਉੱਖੜ ਕੇ ਡੂੰਘੀਆਂ ਸੋਚਾਂ ‘ਚ ਗੁਆਚ ਜਾਂਦਾ ਹੈ।ਮਨ ਹੀ ਮਨ ‘ਚ ਉਹ ਸੋਚਦਾ ਹੈ ਕਿ “ਮੈਂ ਕਿੰਨਾਂ ਅਪਰਾਧੀ ਆਂ…ਅੱਜ ਪਤਾ ਲੱਗਾ ਕਿ ਸਨਮਾਨ ਤਾਂ ਸਨਮਾਨ ਹੁੰਦਾ। ਵੈਸੇ ਮੇਰੀ ਹਾਲਤ ਤਾਂ ‘ਹੱਥ ਨਾ ਅੱਪੜੇ ਥੂ ਕੌੜੀ ਵਾਲੀ’ ਹੀ ਸੀ…। ਬੜੀ ਘਾਲਣਾ ਹੁੰਦੀ ਏ ਇਹਨਾਂ ਸਨਮਾਨਾਂ ਪਿੱਛੇ ! ਮੈਨੂੰ ਲੱਗਾ ਮੈਂ ਖੜਕ ਸਿੰਘ ਦਾ ਹੀ ਨਈਂ, ਉਨ੍ਹਾਂ ਸਾਰੀਆਂ ਹਸਤੀਆਂ ਦਾ ਹੀ ਜੁਗਾੜੂ ਕਹਿ ਕੇ ਅਪਮਾਨ ਕਰਦਾ ਰਿਆਂ, ਜਿਹੜੀਆਂ ਮੇਰੇ ਦੇਸ ਦੀਆਂ ਸਨਮਾਨੀਆਂ ਹਸਤੀਆਂ ਸਨ। ਬਸ, ਐਵੇਂ ਜਲਨ ਜਿਹੀ ‘ਚ ਹੁੰਦਾ ਰਿਹਾ ਸਭ ! ਮਨ ਹੀ ਮਨ ਵਿੱਚ ਤੌਬਾ ਕੀਤੀ ਤੇ ਖੜਕ ਸਿੰਘ ਵਾਂਗ ਸਮਾਜ ਸੇਵਾ ਵਿੱਚ ਜੁਟਣ ਦਾ ਪ੍ਰਣ ਕੀਤਾ”।
               ਸਾਥੀਆਂ ‘ਚ ਜ਼ੋਰ ਦੀ ਪੀਟਰ ਦੀ ਆਵਾਜ਼ ਆਉਂਦੀ ਹੈ, “ਮੈਂ ਵੀ ਖੜਕ ਸਿੰਘ ਬਣਾਂਗਾ!” ਸਾਥੀਆਂ ਨੂੰ ਇੰਝ ਲੱਗਾ ਜਿਵੇਂ ਪੀਟਰ ਗੂੜ੍ਹੀ ਨੀਂਦ ਵਿੱਚੋਂ ਜਾਗਿਆ ਹੋਵੇ।
             ਸਾਰੇ ਸਾਥੀ ਆਪੋ ਆਪਣੇ ਘਰ ਤੁਰਦੇ ਬਣੇ।

Paramjit Kalsi Btl

 

 

ਡਾ. ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ),    
ਲੈਕਚਰਾਰ ਪੰਜਾਬੀ, ਪਿੰਡ ਤੇ ਡਾਕਖਾਨਾ ਊਧਨਵਾਲ,
ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ-143505  
ਮੋ – 70689 00008

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply