ਚੰਡੀਗੜ੍ਹ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਸੋਮਵਾਰ ਨੂੰ ਪਟਿਆਲਾ ਸਪੋਰਟਸ ਯੂਨੀਵਰਸਿਟੀ ਬਾਰੇ ਜ਼ਰੂਰੀ ਨੋਟੀਫਿਕੇਸ਼ਨ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਮਈ ਪ੍ਰੋਜੈਕਟ ਅਤਿ ਅਧੁਨਿਕ ਪਟਿਆਲਾ ਸਪੋਰਟਸ ਯੂਨੀਵਰਸਿਟੀ ਵਾਸਤਵਿਕ ਰੂਪ ਵਿੱਚ ਆਉਣ ਦੇ ਕਗਾਰ `ਤੇ ਪਹੁੰਚ ਗਿਆ ਹੈ।
ਭਾਰਤੀ ਸੰਵਿਧਾਨ ਦੀ ਧਾਰਾ 213 ਦੀ ਕਲਾਜ (1) ਦੇ ਹੇਠ 19 ਜੁਲਾਈ 2019 ਨੂੰ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਵਲੋਂ `ਦੀ ਪੰਜਾਬ ਸਪੋਰਟਸ ਯੂਨੀਵਰਸਿਟੀ ਆਰਡੀਨੈਂਸ 2019` ਦੇ ਕੀਤੇ ਐਲਾਨ ਦੇ ਸਬੰਧ ਵਿੱਚ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਇਕ ਸਤੰਬਰ, 2019 ਤੋਂ ਦਾਖਲੇ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।ਜਿਸ ਦਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪਿਛਲੇ ਮਹੀਨੇ ਹੋਈ ਯੂਨੀਵਰਸਿਟੀ ਦੀ ਸਥਾਪਨਾ ਬਾਰੇ ਸਟੀਅਰਿੰਗ ਕਮੇਟੀ ਦੀ ਉਚ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ ਸੀ।
ਇਹ ਯੂਨੀਵਰਸਿਟੀ ਸਪੋਰਟਸ ਸਾਇੰਸ, ਸਪੋਰਟਸ ਤਕਨਾਲੋਜੀ, ਸਪੋਰਟਸ ਪ੍ਰਬੰਧਨ ਅਤੇ ਸਪੋਰਟਸ ਕੋਚਿੰਗ ਦੇ ਖੇਤਰਾਂ ਵਿੱਚ ਸਿੱਖਿਆ ਨੂੰ ਬੜ੍ਹਾਵਾ ਦੇਣ ਲਈ ਸਥਾਪਤ ਕੀਤੀ ਜਾ ਰਹੀ ਹੈ।ਇਸ ਵਿੱਚ ਖੇਡਾਂ ਆਧਾਰਿਤ ਸਿੱਖਿਆ, ਸਿਖਲਾਈ ਅਤੇ ਖੋਜ ਖੇਤਰਾਂ ਉੱਤੇ ਕੇਂਦਰਿਤ ਕੀਤਾ ਜਾ ਰਿਹਾ ਹੈ।ਇਹ ਉੱਚ ਪੱਧਰੀ ਬੁਨਿਆਦੀ ਢਾਂਚੇ `ਤੇ ਆਧਾਰਿਤ ਹੈ ਜਿਸ ਵਿੱਚ ਸਰੀਰਿਕ ਸਿੱਖਿਆ ਅਤੇ ਸਪੋਰਟਸ ਸਾਇੰਸਿਜ਼ ਦੇ ਖੇਤਰਾਂ ਨਾਲ ਸਬੰਧਤ ਹੋਰ ਸੰਸਥਾਵਾਂ ਨੂੰ ਪੇਸ਼ੇਵਰ ਅਤੇ ਅਕਾਦਮਿਕ ਲੀਡਰਸ਼ਿਪ ਮੁਹੱਈਆ ਕਰਾਈ ਜਾਵੇਗੀ।
ਇਹ ਯੂਨੀਵਰਸਿਟੀ ਸਾਰੀਆਂ ਖੇਡਾਂ ਦੇ ਹੁਨਰਮੰਦ ਖਿਡਾਰੀਆਂ ਦੇ ਲਈ ਇਕ ਅਤਿ-ਉਤਮ ਕੇਂਦਰ ਵਜੋਂ ਸੇਵਾ ਨਿਭਾਏਗੀ ਅਤੇ ਖੋਜ ਨੂੰ ਅੱਗੇ ਖੜ੍ਹਣ ਵਿੱਚ ਯੋਗਦਾਨ ਦੇਵੇਗੀ।ਇਹ ਗਿਆਨ ਹੁਨਰ ਦੇ ਵਿਕਾਸ ਲਈ ਸਮਰੱਥਾਵਾਂ ਪੈਦਾ ਕਰੇਗੀ ਅਤੇ ਸਪੋਰਟਸ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ ਵਿੱਚ ਸਮਰੱਥਾ ਅਤੇ ਸਾਰੀਆਂ ਖੇਡਾਂ ਦੇ ਵਾਸਤੇ ਉੱਚ ਕਾਰਗੁਜ਼ਾਰੀ ਸਿਖਲਾਈ ਉਪਲਬਧ ਕਰਾਏਗੀ।
ਗੌਰਤਲਬ ਹੈ ਕਿ ਮੁੱਖ ਮੰਤਰੀ ਨੇ 19 ਜੂਨ, 2017 ਨੂੰ ਪੰਜਾਬ ਵਿਧਾਨ ਸਭਾ ਵਿੱਚ ਦਿੱਤੇ ਆਪਣੇ ਭਾਸ਼ਣ ਦੌਰਾਨ ਇਹ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ ਕੀਤਾ ਸੀ।ਇਸ ਤੋਂ ਬਾਅਦ ਉਲੰਪਿਅਨ ਅਤੇ ਇੰਟਰਨੈਸ਼ਨਲ ਉਲੰਪਿਕ ਕਮੇਟੀ ਦੇ ਮੈਂਬਰ ਰਣਧੀਰ ਸਿੰਘ ਦੀ ਅਗਵਾਈ ਵਿੱਚ ਇਸ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਲਈ ਇਕ ਸਟੀਅਰਿੰਗ ਕਮੇਟੀ ਬਣਾਈ ਗਈ ਸੀ, ਜਿਸ ਦਾ ਉਦੇਸ਼ ਇਸ ਖੇਡ ਸੰਸਥਾ ਨੂੰ ਅੰਤਰਰਾਸ਼ਟਰੀ ਮਿਆਰ ਦੇ ਅਨੁਸਾਰ ਸਥਾਪਤ ਕਰਨਾ ਸੀ।ਪੰਜਾਬ ਮੰਤਰੀ ਮੰਡਲ ਨੇ 6 ਜੂਨ, 2019 ਨੂੰ ਪੰਜਾਬ ਸਪੋਰਟਸ ਯੂਨੀਵਰਸਿਟੀ ਆਰਡੀਨੈਂਸ 2019 ਨੂੰ ਪ੍ਰਵਾਨਗੀ ਦਿੱਤੀ ਸੀ ਜਿਸ ਦੇ ਨਾਲ ਇਸ ਦੀ ਸਥਾਪਨਾ ਲਈ ਰਾਹ ਪੱਧਰਾ ਹੋ ਗਿਆ ਸੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …