ਗਿਆਨੀ ਗੁਰਬਚਨ ਸਿੰਘ ਰਿਹਾਈ ਨੂੰ ਕੌਮੀ ਲਹਿਰ ਬਨਾਉਣ- ਕੰਵਰਬੀਰ ਸਿੰਘ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ ਬਿਊਰੋ) ਆਈ.ਐਸ.ਓ. ਦੇ ਦਫਤਰ ਵਿਖੇ ਅੱਜ ਇੱਕ ਵਿਸ਼ੇਸ਼ ਇਕੱਤਰਤਾ ਜਿਲ੍ਹਾ ਪ੍ਰਧਾਨ, ਮੈਂਬਰ ਜੇਲ੍ਹ ਵਿਭਾਗ ਕੰਵਰਬੀਰ ਸਿੰਘ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਕੀਤਾ ਵਾਅਦਾ ਪੂਰਾ ਕਰਨ ਅਤੇ ਇਸ ਰਿਹਾਈ ਨੂੰ ਕੌਮੀ ਲਹਿਰ ਬਨਾਉਣ ਲਈ ਜਥੇਬੰਦੀ ਵੱਲੋਂ ਯਾਦ ਪੱਤਰ ਭੇਜਿਆ ਗਿਆ। ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਧਾਨ ਕੰਵਰਬੀਰ ਸਿੰਘ ਨੇ ਕਿਹਾ ਕਿ ਬੜੀ ਹੀ ਤਰਾਸਦੀ ਦੀ ਗੱਲ ਹੈ ਕਿ ਸਿੱਖ ਕੌਮ ਨੂੰ ਕੌਮੀ ਮਸਲਿਆਂ ਦੇ ਹੱਲ ਲਈ ਕੋਈ ਰਾਹ ਨਹੀਂ ਨਜ਼ਰ ਆ ਰਿਹਾ, ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਸ਼ਾਮਿਲ ਹੈ। ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਜੋ ਭੁੱਖ ਹੜਤਾਲ ਰੱਖੀ ਗਈ ਸੀ ਉਸ ਨੂੰ ਗਿਆਨੀ ਗੁਰਬਚਨ ਸਿੰਘ ਨੇ ਹਮਦਰਦੀ ਪ੍ਰਗਟਾਉਂਦਿਆਂ ਖਤਮ ਕਰਵਾ ਕੇ ਸਮੁੱਚੀ ਸਿੱਖ ਕੌਮ ਨਾਲ ਵਾਅਦਾ ਕੀਤਾ ਸੀ ਕਿ ਉਹ ਨਜ਼ਰਬੰਦ ਸਿੰਘਾਂ ਦੀ ਰਿਹਾਈ ਨੂੰ ਜਲਦ ਪੱਕੀ ਰਿਹਾਈ ਵਿੱਚ ਤਬਦੀਲ ਕਰਵਾਉਣਗੇ, ਪਰ ਉਹ ਨਹੀਂ ਹੋ ਸਕੀ। ਇਸ ਲਈ ਕੌਮ ਚਾਹੁੰਦੀ ਹੈ ਕਿ ਇੰਨ੍ਹਾਂ ਸਿੰਘਾਂ ਦੀ ਰਿਹਾਈ ਨੂੰ ਕੌਮੀ ਲਹਿਰ ਵਜੋਂ ਉਭਾਰਨ ਲਈ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਲਦ ਉਚਿਤ ਕਦਮ ਚੁੱਕਣ, ਕਿਉਂਕਿ ਪਹਿਲਾਂ ਵੀ ਪੁਰਾਤਨ ਅਤੇ ਮੌਜੂਦਾ ਸਮੇਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਈ ਲਹਿਰਾਂ ਉਤਪਨ ਹੋਈਆਂ, ਜਿਸ ਨਾਲ ਕਈ ਕੌਮੀ ਮਸਲਿਆਂ ਦਾ ਰਾਹ ਸਾਫ ਹੋਇਆ। ਇੰਨ੍ਹਾਂ ਵਿੱਚੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਇੱਕ ਅਜਿਹਾ ਕੌਮੀ ਮਸਲਾ ਸੀ, ਜਿਸ ਨੇ ਸਿੱਖ ਕੌਮ ਦੀ ਇੱਕਜੁੱਠਤਾ ਤੇ ਆਨ-ਬਾਨ-ਸ਼ਾਨ ਦੀ ਇੱਕ ਵੱਖਰੀ ਮਿਸਾਲ ਪੈਦਾ ਕੀਤੀ।ਪ੍ਰਧਾਨ ਕੰਵਰਬੀਰ ਸਿੰਘ ਨੇ ਕਿਹਾ ਕਿ ਜੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਮਜ਼ਬੂਰਨ ਦੋਬਾਰਾ ਭੁੱਖ ਹੜਤਾਲ ਕੀਤੀ ਜਾਂਦੀ ਹੈ ਤਾਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਕੀਤੇ ਵਾਅਦੇ ਤੇ ਇੱਕ ਸਵਾਲੀਆ ਨਿਸ਼ਾਨ ਲਾਵੇਗੀ।ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਇਸ ਮਸਲੇ ਸਬੰਧੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਤਾਂ ਜੋ ਅਗਲੇਰੀ ਕਾਰਵਾਈ ਦਾ ਰਸਤਾ ਪੱਧਰਾ ਹੋ ਸਕੇ।ਅਖੀਰ ‘ਚ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ ਨੇ ਕਿਹਾ ਕਿ ਇਸ ਰਿਹਾਈ ਦੀ ਹੋਰ ਸਰਲਤਾ ਲਈ ਉਹ ਮੁੱਖ ਮੰਤਰੀ ਪੰਜਾਬ ਸz: ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸz: ਸੁਖਬੀਰ ਸਿੰਘ ਬਾਦਲ ਨੂੰ ਵੀ ਲਿਖਤੀ ਅਪੀਲ ਕਰਨਗੇ। ਇਸ ਮੌਕੇ ਸ਼ਹਿਰੀ ਸੀਨੀ: ਮੀਤ ਪ੍ਰਧਾਨ ਗੁਰਮਨਜੀਤ ਸਿੰਘ ਅੰਮ੍ਰਿਤਸਰ, ਗਰਜੋਤ ਸਿੰਘ, ਨਵਤੇਜ ਸਿੰਘ, ਬਲਵਿੰਦਰ ਸਿੰਘ, ਮਨਦੀਪ ਸਿੰਘ, ਭੁਪਿੰਦਰ ਸਿੰਘ, ਬਿਕਰਮਜੀਤ ਸਿੰਘ, ਗੁਰਿੰਦਰ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ, ਜਸਵੰਤ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਹਾਜ਼ਰ ਸਨ।