Sunday, December 22, 2024

ਦਲਦਲ

          ਪਿੰਡ ਵੜਦਿਆਂ ਹੀ ਫਿਰਨੀ ਉੱਤੇ ਓਹਨਾਂ ਦਾ ਘਰ ਸੀ।ਜਿਸ ਨੂੰ ਲੱਗਾ ਇੱਕ ਬਹੁਤ ਵੱਡਾ ਲੋਹੇ ਦਾ ਗੇਟ ਅੱਧਾ ਖੁੱਲਾ ਪਿਆ ਸੀ।ਅੰਦਰ ਵੜਦਿਆਂ ਹੀ ਇਕ ਘੁੱਣ ਖਾਧੀ ਸੁੱਕੀ ਟਾਹਲੀ ਗੇਟ ਦੇ ਖੱਬੇ ਪਾਸੇ ਲੱਗੀ ਸੀ, ਜੋ ਇੰਝ ਜਾਪਦਾ ਸੀ ਕਿਸੇ ਵੀ ਵਖਤ ਡਿੱਗ ਸਕਦੀ ਹੈ।ਬਾਹਰ ਬਣੀ ਬੈਠਕ ਤੋਂ ਸੀਮੇਂਟ ਦੇ ਖਲੇਪੜ ਉੱਠੇ ਪਏ ਸਨ।ਬਨੇਰਿਆਂ ਵਿੱਚ ਲੱਗੇ ਸੀਮੈਂਟ ਦੇ ਪਾਵੇ ਅੱਧੇ ਭੁਰੇ ਪਏ ਸਨ, ਜਿਨ੍ਹਾਂ ਵਿੱਚੋ ਜੰਗਾਲ ਖਾਧਾ ਸਰੀਆ ਝਾਤੀਆਂ ਮਾਰ ਰਿਹਾ ਸੀ।ਸਵੇਰ ਦੇ 9 ਕੁ ਵੱਜੇ ਸਨ।ਘਰ ਦੇ ਸਭ ਬੂਹੇ ਖਿੜਕੀਆਂ ਕੋਈ ਅੱਧੇ ਖੁੱਲ੍ਹੇ ਕੋਈ ਅੱਧੇ ਭਿੜੇ ਪਏ ਸਨ।ਸਾਰੇ ਵੇਹੜੇ ਵਿਚ ਦਰੱਖਤਾਂ ਦੇ ਪੀਲੇ ਹੋ ਡਿੱਗੇ ਪੱਤਰ ਖਿੰਡੇ ਪਏ ਸਨ।ਇੰਝ ਜਾਪਦਾ ਸੀ ਜਿਵੇਂ ਉੱਥੇ ਕੋਈ ਕੋਈ ਨਾ ਰਹਿੰਦਾ ਹੋਵੇ।ਬਾਹਰ ਬਣੀ ਬੈਠਕ ਵਿਚ ਪਿਓ ਮੰਜਾ ਕੰਧ ਨਾਲ ਲਾਈ ਬੈਠਾ ਸੀ, ਉਸ ਨੇ ਆਪਣਾ ਸਿਰ ਪਿੱਛੇ ਕੰਧ ਨਾਲ ਲਗਾ ਰੱਖਿਆ ਸੀ।ਉਸਦੀਆਂ ਅੱਖਾਂ ਵਿੱਚੋਂ ਥੋੜੀ ਲਾਲੀ ਉੱਭਰ ਰਹੀ ਸੀ, ਪਰ ਚਿਹਰਾ ਖਾਮੋਸ਼ ਸੀ।ਘਰ ਦੇ ਅੰਦਰ ਬਣੇ ਕਮਰੇ ਵਿਚ ਇੱਕ ਨੌਜੁਆਨ ਮੁੰਡਾ ਲੱਕੜ ਦੇ ਪੁਰਾਣੇ ਜਿਹੇ ਬੈਡ `ਤੇ ਪਿਆ ਸੀ।ਉਸ ਦੀ ਇੱਕ ਲੱਤ ਜ਼ਮੀਨ ਨੂੰ ਛੋਹ ਰਹੀ ਸੀ, ਉਸਦੀਆਂ ਪੀਲੀਆਂ ਪੀਲੀਆਂ ਅੱਖਾਂ ਵਿੱਚੋਂ ਪਾਣੀ ਵਗ ਰਿਹਾ ਸੀ।ਕੋਲ ਬੈਠੀ ਮਾਂ ਇੰਝ ਜਾਪ ਰਹੀ ਸੀ ਜਿਵੇਂ ਕੋਈ ਪੱਥਰ ਦੀ ਮੂਰਤ ਹੋਵੇ , ਬਸ ਫਰਕ ਇੰਨਾ ਸੀ ਕਿ ਉਸ ਦੀਆਂ ਅੱਖਾਂ ਵਿਚੋਂ ਹੰਝੂਆਂ ਦਾ ਹੜ ਨਹੀਂ ਸੀ ਰੁੱਕ ਰਿਹਾ।ਪਰ ਓਹ ਬੋਲ ਕੁੱਝ ਨਹੀਂ ਸੀ ਰਹੀ ਜਿਵੇਂ ਉਸ ਦੇ ਮੂੰਹ ਵਿੱਚ ਜਬਾਨ ਹੀ ਨਾ ਹੋਵੇ।
      ਵਾਹ ਬਈ ਵਕੀਲ ਸਾਬ੍ਹ ਬੜੇ ਕਰਮਾਂ ਵਾਲੇ ਓ।ਰੱਬ ਨੇ ਪਹਿਲੀ ਦਾਤ ਹੀ ਪੁੱਤਰ ਦੀ ਬਖਸ਼ ਦਿੱਤੀ ਤੁਹਾਨੂੰ ।
             “ਬੱਸ ਜੀ ਪਰਮਾਤਮਾ ਦੀ ਮਿਹਰ ਏ।“ ਕਹਿ ਵਕੀਲ ਕਰਮ ਸਿੰਘ ਹੱਥ ਜੋੜਦਿਆਂ ਸਭ ਦਾ ਧੰਨਵਾਦ ਕਰ ਰਹੇ ਸੀ।
         ਘਰ ਵਿਚ ਪੂਰਾ ਵਿਆਹ ਵਾਲਾ ਮਾਹੌਲ ਸੀ।ਸਭ ਨੱਚ ਟੱਪ ਖੁਸ਼ੀ ਮਨਾ ਰਹੇ ਸਨ।
          ਇਹ ਵਕੀਲ ਕਰਮ ਸਿੰਘ ਦੇ ਮੁੰਡੇ ਦੀ ਪਹਿਲੀ ਲੋਹੜੀ ਦੀ ਰਾਤ ਸੀ।
        ਗੁਰੂ ਦੀ ਬਖਸ਼ੀ ਦਾਤ ਸਮਝ ਉਸ ਦਾ ਨਾਮ ਗੁਰਬਖ਼ਸ਼ ਸਿੰਘ ਰੱਖਿਆ ਗਿਆ।ਉਸਨੂੰ ਬਹੁਤ ਲਾਡਾ ਪਿਆਰਾਂ ਨਾਲ ਪਾਲਿਆ ਗਿਆ।ਕਦੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਰਹਿਣ ਦਿੱਤੀ।ਓਹ ਪੜ੍ਹਨ ਚ ਬਹੁਤ ਹੁਸ਼ਿਆਰ ਸੀ ਤੇ ਓਦਾ ਸੋਹਣਾ ਸੁਨੱਖਾ ਵੀ ਬਹੁਤ ਸੀ।
ਸਭਨਾ ਦੇ ਮਨ ਵਿਚ ਇਕ ਗੱਲ ਆਉਂਦੀ ਕਿ ਕਮੀ ਰਹਿ ਕਿੱਥੇ ਗਾਈ ਆਖਿਰ? ਆਖਿਰ ਕਿਉਂ ਓਹ ਬਰਬਾਦੀ ਦੇ ਰਾਹ ਤੁਰਿਆ? ਕਿਉਂ ਓਹ ਮਾੜੀ ਸੰਗਤ ਨਾਲ ਰਲਿਆ?
             ਨਿੱਕੇ ਹੁੰਦਿਆਂ ਓਹ ਭੱਜਿਆ ਭੱਜਿਆ ਸਕੂਲੋਂ ਆਉਂਦਾ ਤੇ ਮਾਂ ਦੀ ਗੋਦੀ ਚ ਆ ਬੈਠਦਾ, ਕਹਿਣ ਲਗਦਾ ਮੰਮੀ ਅੱਜ ਬੜੀ ਭੁੱਖ ਲੱਗੀ, ਚੂਰੀ ਹੀ ਬਣਾ ਦੇ।ਮਾਂ ਬੜੇ ਪਿਆਰ ਨਾਲ ਚੂਰੀ ਬਣਾਉਂਦੀ ਤੇ ਉਸ ਨੂੰ ਕੋਲ ਬੈਠਾ ਕੇ ਆਪ ਖਵਾਉਂਦੀ।ਫਿਰ ਸ਼ਾਮ ਹੁੰਦੇ ਓਹ ਬਾਹਰ ਲੱਗੀ ਟਾਹਲੀ `ਤੇ ਪਾਈ ਪੀਂਘ ਝੂਟਣ ਲਗਦਾ ਤੇ ਖੇਡਦਾ ਰਹਿੰਦਾ ।
            ਅੱਜ ਓਹ ਵੇਲਾ ਸੀ ਜਦ ਓਹ ਘਰ ਵੜਦਾ ਤਾਂ ਲੜਖੜਾਉਂਦੇ ਪੈਰਾਂ ਨਾਲ ਪਲਾਂਗਾਂ ਪੁੱਟਦਾ।ਕਦੇ ਤਾਂ ਕਮਰੇ ਤੱਕ ਪਹੁੰਚਦਾ, ਪਰ ਕਦੇ ਗੇਟ ਲੰਘਦਿਆ ਹੀ ਡਿੱਗ ਪੈਂਦਾ ।
             ਸ਼ਾਮ ਨੂੰ ਜਦ ਉਸਦੇ ਪਿਤਾ ਜੀ ਘਰ ਆਉਂਦੇ ਤਾਂ ਓਹ ਸਾਰਾ ਹੋਮਵਰਕ ਆਪਣੇ ਪਿਤਾ ਨੂੰ ਦਸਦਾ।ਅੱਜ ਸਕੂਲੇ ਇਹ ਕਰਵਾਇਆ, ਓਹ ਕਰਵਾਇਆ।ਵੱਖ-ਵੱਖ ਚੀਜ਼ਾਂ ਦੀ ਮੰਗ ਕਰਦਾ।ਮੈਂ ਨਵਾਂ ਪੈਨ ਖਰੀਦਣਾ, ਨਵੀਂ ਕਾਪੀ ਲੈਣੀ। ਤੇ ਪਿਤਾ ਜੀ ਹੱਸਦੇ ਆਖਦੇ ਕੋਈ ਗੱਲ ਨੀ ਸ਼ੇਰਾ, ਤੂੰ ਬਸ ਦਬ ਕੇ ਪੜਾਈ ਕਰ। ਚੀਜ਼ਾਂ ਮੈਂ ਸਭ ਆਪੇ ਲੈ ਦੂ ਤੈਨੂੰ।
              ਨਿੱਤ ਦੇ ਰੁਝਾਂ ਵਾਂਗ ਓਹ ਅੱਜ ਵੀ ਘਰ ਓਸੇ ਹਾਲਤ ਵੜਿਆ।ਉਸਨੂੰ ਆਪਣੇ ਕਪੜੇ ਲੀੜੇ, ਆਪਣੇ ਸ਼ਰੀਰ ਦੀ ਕੋਈ ਸੁੱਧ ਨਹੀਂ ਸੀ ਬੈਠਕ ਕੋਲ ਆ ਉਸ ਲਲਕਾਰਾ ਮਾਰਿਆ,“ਬਾਪੂ ਕਿੱਥੇ ਐ।ਬਾਹਰ ਆ।
          “ਕੀ ਹੋ ਗਿਆ ਪੁੱਤ“ ਉਸਦੀ ਮਾਂ ਅੰਦਰੋ ਭੱਜੀ ਭੱਜੀ ਆਈ।
             “ਪੈਸੇ ਲਿਆ ਕੇ ਦੇ, ਮੈਂ ਬੋਤਲ ਲੈਣ ਜਾਣਾ ।
         “ਓਏ ਸ਼ਰਮ ਕਰ ਲਾ ਸ਼ਰਮ।ਆ ਹਾਲ ਵੇਖਿਆ ਆਪਣਾ, ਕਿੳਂੁ ਘਰ ਨੂੰ ਬਰਬਾਦ ਕਰਨ `ਤੇ ਤੁਲਿਆ ।“
       “ਜਾਦੇ ਲੈਕਚਰ ਨਾ ਦੇ ਬਾਪੂ ਪੈਸੇ ਕੱਢ।“
          ਇੰਨਾ ਕਹਿੰਦਿਆ ਓਹ ਜ਼ਮੀਨ ਤੇ ਜਾ ਡਿੱਗਾ।
      ਓਹਨਾ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ।ਇਹ ਤਾਂ ਨਿਤ ਦਾ ਕੰਮ ਸੀ ਉਸਦਾ।ਕਦੇ ਨਸ਼ੇ ਲਈ ਘਰ ਕਲੇਸ਼ ਕਰਨਾ, ਕਦੇ ਮੈਂ ਫਾਹਾ ਲੈਨਾ, ਮੈਂ ਮਰਜ਼ੂ, ਮੈਂ ਮਾਰਦੂ ਉਸ ਨੂੰ ਕੱਲੀ ਸ਼ਰਾਬ ਦੀ ਲੱਤ ਨਹੀਂ ਸੀ ਲੱਗੀ।ਬਲਕਿ ਉਸ ਨੂੰ ਪਤਾ ਲੱਗਣਾ ਚਾਹੀਦਾ ਕਿ ਇਸ ਚੀਜ਼ ਨਾਲ ਨਸ਼ਾ ਹੁੰਦਾ।ਉਸ ਦੇ ਕਮਰੇ ਚੋਂ ਟੀਕੇ, ਗੋਲੀਆਂ, ਫੋਏਲ ਪੇਪਰ, ਚਿੱਟੇ ਦੀਆਂ ਪੁੜੀਆਂ ਆਮ ਹੀ ਵਿਖਰੀਆਂ ਪਈਆਂ ਹੁੰਦੀਆ ਸਨ।ਉਸ ਨੂੰ ਬਾਹਰ ਜਾਣ ਤੋਂ ਰੋਕਣ ਲਈ ਸੰਗਲ ਤੱਕ ਵੀ ਪਾਏ ਜਾਂਦੇ, ਪਰ ਸੰਗਲਾਂ ਨੂੰ ਜਦ ਇੱਕ ਮਾਪਿਆਂ ਦੇ ਮੋਹ ਭਰੀ ਜਾਂ ਤਰਸ ਭਰੀ ਜੰਗਾਲ ਲੱਗ ਜਾਵੇ ਤਾਂ ਓਹ ਟੁੱਟ ਜਾਂਦੇ ਹਨ।
           ਬੈਠਕ ਵਿਚ ਬੈਠੇ ਬੈਠੇ ਦੇ ਉਸਦੇ ਕੰਨਾਂ ਵਿਚ ਬਹੁਤ ਆਵਾਜ਼ਾਂ, ਮਨ ਦੇ ਖਿਆਲ ਸੁਣਾਈ ਦੇ ਰਹੇ ਸਨ।
     “ਕਰਮ ਸਿੰਘ, ਵਕੀਲ ਕਰਮ ਸਿੰਘ।“ਕਰਮਾਂ ਵਾਲਾ“, ਇਹਨਾਂ ਸੋਹਣਾ ਘਰ, ਚੰਗੀ ਜ਼ਮੀਨ ਜਾਇਦਾਤ ਦਾ ਮਾਲਕ , ਚੰਗਾ ਰੁਤਬਾ।ਕੋਈ ਵੱਡਾ ਪਰਿਵਾਰ।ਇੱਕ ਮੁੰਡਾ ਏ।ਕਿਸੇ ਚੀਜ਼ ਦੀ ਕਮੀ, ਵਾਹਿਗੁਰੂ ਦਾ ਦਿੱਤਾ ਸਭ ਕੁੱਝ ਹੈ।ਹੈ ਨਹੀਂ ਸੀ।ਕਿਹੜਾ ਮਕਾਨ, ਕਿਹੜੀ ਜ਼ਮੀਨ ਜਾਇਦਾਤ, ਕਿਹੜਾ ਕਰਮ ਸਿੰਘ, ਕਿਹੜਾ ਕਰਮਾਂ ਵਾਲਾ।ਕਰਮਾਂ ਵਾਲੇ ਓ ਨਹੀਂ ਹੁੰਦੇ ਜਿੰਨਾ ਕੋਲ ਐਸ਼ ਓ ਆਰਾਮ ਲਈ ਸਭ ਕੁੱਝ ਏ, ਕਰਮਾਂ ਵਾਲੇ ਤਾਂ ਓਹ ਨੇ ਜਿਨ੍ਹਾਂ ਦੀ ਔਲਾਦ ਚੰਗੀ ਨਿਕਲੇ।“
            ਉਸਨੂੰ ਲੱਗਾ ਉਸਨੇ ਪਿਛਲੇ ਜਨਮ ਕੋਈ ਬਹੁਤ ਮਾੜੇ ਕੰਮ ਕੀਤੇ ਹੋਣੇ।ਜਿਹੜਾ ਉਸ ਨੂੰ ਇਹ ਫਲ ਮਿਲ ਰਿਹਾ। ਗੁਨਾਹਗਾਰ ਤਾਂ ਓਹ ਗੁਰਬਖ਼ਸ਼ ਦੀ 3 ਮਹੀਨੇ ਰਹੀ ਪਤਨੀ ਦਾ ਵੀ ਸੀ।ਜਿਹੜੀ ਤਲਾਕ ਹੁੰਦੇ ਕਹਿ ਗਈ ਸੀ,“ ਘੱਟੋ ਘੱਟ ਸੱਚ `ਤੇ ਪਰਦਾ ਤਾਂ ਨਾ ਪਾਉਂਦੇ।ਤੁਹਾਡੇ ਮੁੰਡੇ ਦੀ ਜ਼ਿੰਦਗੀ ਤਾਂ ਪਹਿਲਾ ਹੀ ਨਰਕ ਸੀ, ਨਾਲ ਮੇਰੀ ਜ਼ਿੰਦਗੀ ਕਿਉਂ ਨਰਕ ਬਣਾ ਦਿੱਤੀ ਤੁਸੀਂ ?“ ਸਾਲ ਪਹਿਲਾ ਕਹੀ ਇਸ ਗੱਲ ਦਾ ਉਸ ਦੇ ਮਨ ਤੋਂ ਬੋਝ ਹਲਕਾ ਨਹੀਂ ਸੀ ਹੋਇਆ।“ ਲਗਦਾ ਏ ਮੈਂ ਘਰ ਪਾਉਂਦਿਆ ਹੇਠਾਂ ਜ਼ਮੀਨ ਦੀ ਪਰਖ਼ ਨੀ ਕੀਤੀ, ਲਗਦਾ ਹੇਠਾਂ ਦਲਦਲ ਸੀ, ਦਿਨੋ ਦਿਨ ਜਿਸ ਵਿਚ ਸਭ ਕੁੱਝ ਧੱਸਦਾ ਜਾ ਰਿਹਾ ਏ।“
           ਸਮਾਂ ਕਾਫੀ ਹੋ ਚੁੱਕਿਆ ਸੀ, ਆਸਮਾਂ ਲਾਲ ਸੁਰਖ ਇੱਕ ਗੋਲਾ ਦਿਖਾਈ ਦੇ ਰਿਹਾ ਸੀ, ਜੋ ਡੁੱਬਣ ਕਿਨਾਰੇ ਸੀ।ਬਾਹਰ ਹਵਾ ਦਾ ਇਕ ਜ਼ੋਰ ਦਾਰ ਬੁੱਲ੍ਹਾ ਆਇਆ।ਤੜਾਕ ਦੀ ਉੱਚੀ ਆਵਾਜ਼, ਟਾਹਲੀ ਗੇਟ ਦੇ ਸੱਜੇ ਕੌਲੇ `ਤੇ ਆ ਵੱਜੀ।ਮਾਂ ਦੇ ਮੂੰਹ ਨੇ ਦਰਦ ਭਰੀਆਂ ਕੂਕਾਂ ਨਾਲ ਆਪਣੀ ਚੁੱਪੀ ਤੋੜ ਦਿੱਤੀ।ਪਿਓ ਦੀਆਂ ਲਾਲੀ ਭਰੀਆਂ ਅੱਖਾਂ ਦਾ ਬੰਨ੍ਹ ਕਮਰੇ `ਚ ਵੜਦਿਆਂ ਹੀ ਹੰਝੂਆਂ ਦੇ  ਹੜ੍ਹ ਨੂੰ ਨਾ ਰੋਕ ਸਕਿਆ।ਦੋਵੇਂ ਸੂਰਜ ਡੁੱਬ ਚੁੱਕੇ ਸਨ । 
Manpreet Mani

 

ਮਨਪ੍ਰੀਤ ਮਨੀ
ਬਠਿੰਡਾ ।
ਮੋ – 81960 22120

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply