ਪਹਿਲੇ ਸਿਟੀ ਸਮਾਰਟ ਸਕੂਲ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ਼ਹਿਰ ਵਿੱਚ 137 ਸਿਟੀ ਸਮਾਰਟ ਸਕੂਲ ਬਣਾਏ ਜਾਣਗੇ ਅਤੇ ਇਨਾਂ ਸਕੂਲਾਂ ਨੂੰ ਸਮਾਰਟ ਸਕੂਲ ਵਿਚ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ।ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਿਟੀ ਸਕੂਲ ਬਣਾਉਣ ਲਈ 1.58 ਲੱਖ, ਮਿਡਲ ਸਕੂਲਾਂ ਨੂੰ 2.37 ਲੱਖ, ਹਾਈ ਸਕੂਲਾਂ ਨੂੰ 3.95 ਲੱਖ, ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 5.53 ਲੱਖ ਰੁਪਏ ਦੀ ਗ੍ਰਾਂਟ ਜਾਰੀ ਵੀ ਕਰ ਦਿੱਤੀ ਗਈ ਹੈ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸੀਨੀਅਰ ਸੈਕੰਡਰੀ ਸਕੂਲ ਲੜਕੇ ਕੋਟ ਬਾਬਾ ਦੀਪ ਸਿੰਘ ਨੂੰ ਸ਼ਹਿਰ ਦੇ ਪਹਿਲੇ ਸਮਾਰਟ ਸਕੂਲ ਦਾ ਉਦਘਾਟਨ ਕਰਨ ਸਮੇਂ ਸੁਖਬਿੰਦਰ ਸਿੰਘ ਸਰਕਾਰੀਆ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਪੰਜਾਬ ਨੇ ਕੀਤਾ।ਉਨਾਂ ਦੱਸਿਆ ਕਿ ਇਨਾਂ ਸਕੂਲਾਂ ਤੇ 3 ਕਰੋੜ 50 ਲੱਖ 70 ਹਜ਼ਾਰ ਰੁਪਏ ਖ਼ਰਚ ਕੀਤੇ ਜਾਣਗੇ।ਸਰਕਾਰੀਆ ਨੇ ਦੱਸਿਆ ਕਿ ਹੁਣ ਲੋਕ ਵੀ ਮਹਿੰਗੇ ਸਕੂਲਾਂ ਵਾਂਗ ਹੀ ਆਪਣੇ ਬੱਚਿਆਂ ਨੂੰ ਸਿਟੀ ਸਮਾਰਟ ਸਕੂਲਾਂ ਵਿੱਚ ਪੜ੍ਹਾ ਸਕਣਗੇ, ਜਿਥੇ ਬੱਚਿਆਂ ਨੂੰ ਕੰਪਿਊਟਰ, ਈ ਕੰਟੈਂਟ, ਇੰਟਰਨੈਟ ਦੀ ਸਿੱਖਿਆ ਵੀ ਮੁਹੱਈਆ ਕਰਵਾਈ ਜਾਵੇਗੀ।ਉਨਾਂ ਦੱਸਿਆ ਕਿ ਸਮਾਰਟ ਸਕੂਲਾਂ ਵਿੱਚ ਬੱਚਿਆਂ ਨੂੰ ਸਮਾਰਟ ਬਣਾਉਣ ਲਈ ਨਵੀਆਂ ਤਕਨੀਕਾਂ ਦੀ ਜਾਣਕਾਰੀ ਵੀ ਪ੍ਰਦਾਨ ਕਰਵਾਈ ਜਾਵੇਗੀ।
ਸਰਕਾਰੀਆ ਨੇ ਦੱਸਿਆ ਕਿ ਸਿਟੀ ਸਮਾਰਟ ਸਕੂਲਾਂ ਵਿਚ ਐਜੂਕੇਸ਼ਨਲ ਪਾਰਕ, ਨਵੀਂ ਸਾਇੰਸ ਲੈਬਾਟਰੀ, ਨਵਾਂ ਫਰਨੀਚਰ ਅਤੇ ਵਧੀਆ ਬਿਲਡਿੰਗ ਵੀ ਮੁਹੱਈਆ ਕਰਵਾਈ ਜਾਵੇਗੀ।ਉਨਾਂ ਦੱਸਿਆ ਕਿ ਸਰਕਾਰ ਸਿੱਖਿਆ ਪ੍ਰਤੀ ਬਹੁਤ ਗੰਭੀਰ ਹੈ ਅਤੇ ਬਾਰਡਰ ਏਰੀਏ ਦੇ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰ ਦਿੱਤਾ ਗਿਆ ਹੈ। ਇਸ ਮੌਕੇ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਸਰਕਾਰੀਆ ਨੂੰ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਇੰਦਰਬੀਰ ਸਿੰਘ ਬੁਲਾਰੀਆ ਹਲਕਾ ਵਿਧਾਇਕ, ਕਰਮਜੀਤ ਸਿੰਘ ਰਿੰਟੂ ਮੇਅਰ, ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ, ਮੈਡਮ ਜਤਿੰਦਰ ਸੋਨੀਆ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ, ਭਗਵੰਤ ਸਿੰਘ ਸੱਚਰ, ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ, ਸਲਵਿੰਦਰ ਸਿੰਘ ਸਮਰਾ, ਜਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਵੀ ਹਾਜ਼ਰ ਸਨ।